ਯਮੁਨਾ ਨਦੀ ਦੇ ਪ੍ਰਦੂਸ਼ਣ ’ਤੇ ਸਿਆਸਤ ਭਖੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਅਕਤੂਬਰ
ਭਾਜਪਾ ਨੇ ਅੱਜ ਇੱਥੇ ਯਮੁਨਾ ਛੱਠ ਘਾਟ ’ਤੇ ਇਕ ਮੰਚ ਬਣਾਇਆ, ਜਿੱਥੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਦੋ ਕੁਰਸੀਆਂ ਰੱਖ ਕੇ ਯਮੁਨਾ ਦੀ ਸਫ਼ਾਈ ਸਬੰਧੀ ਆਮ ਆਦਮੀ ਪਾਰਟੀ ਦੇ ਵਾਅਦਿਆਂ ਨੂੰ ਯਾਦ ਕਰਵਾਇਆ। ਭਾਜਪਾ ਨੇ ਇਕ ਬਿਆਨ ਵਿੱਚ ਕਿਹਾ ਕਿ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਯਮੁਨਾ ਵਿੱਚ ਡੁਬਕੀ ਲਗਾਈ ਤੇ ਦਿੱਲੀ ਸਰਕਾਰ ਦੇ ਕਥਿਤ ਭ੍ਰਿਸ਼ਟਾਚਾਰ ਲਈ ਮੁਆਫ਼ੀ ਮੰਗੀ। ਇਸ ਦੌਰਾਨ ਵਰਿੰਦਰ ਸਚਦੇਵਾ ਨੇ ਅਰਵਿੰਦ ਕੇਜਰੀਵਾਲ ਨੂੰ ਯਮੁਨਾ ਵਿੱਚ ਡੁਬਕੀ ਲਾਉਣ ਲਈ ਚੁਣੌਤੀ ਦਿੰਦੇ ਹੋਏ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਦਿੱਲੀ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ 2025 ਤੱਕ ਛੱਠ ਪੂਜਾ ਤੋਂ ਪਹਿਲਾਂ ਯਮੁਨਾ ਨੂੰ ਸਾਫ਼ ਕਰ ਦੇਣਗੇ ਤਾਂ ਕਿ ਲੋਕ ਨਦੀ ਵਿੱਚ ਇਸ਼ਨਾਨ ਕਰ ਸਕਣ।
ਜ਼ਿਕਰਯੋਗ ਹੈ ਕਿ ਦੀਵਾਲੀ ਤੋਂ ਕੁਝ ਦਿਨ ਬਾਅਦ ਮਨਾਏ ਜਾਣ ਵਾਲੇ ਛੱਠ ਦੇ ਤਿਉਹਾਰ ਤੋਂ ਪਹਿਲਾਂ ਨਦੀ ’ਚ ਭਾਰੀ ਪ੍ਰਦੂਸ਼ਣ ਅਤੇ ਜ਼ਹਿਰੀਲੀ ਝੱਗ ਦੇ ਮੁੱਦੇ ’ਤੇ ਸੱਤਾਧਾਰੀ ‘ਆਪ’ ਅਤੇ ਭਾਜਪਾ ਵਿਚਕਾਰ ਸ਼ਬਦੀ ਜੰਗ ਜਾਰੀ ਹੈ। ਜਾਣਕਾਰੀ ਅਨੁਸਾਰ ਅੱਜ ਭਾਜਪਾ ਨੇ ਆਈਟੀਓ ਨੇੜੇ ਛੱਤ ਘਾਟ ’ਤੇ ਇੱਕ ਮੰਚ ਬਣਾਇਆ ਅਤੇ ਉਸ ’ਤੇ ਲਾਲ ਕਾਰਪੇਟ ਵਿਛਾ ਦਿੱਤਾ ਅਤੇ ਦੋ ਕੁਰਸੀਆਂ ਰੱਖੀਆਂ, ਜਿਨ੍ਹਾਂ ’ਤੇ ਆਤਿਸ਼ੀ ਅਤੇ ਕੇਜਰੀਵਾਲ ਦੇ ਨਾਂ ਲਿਖੇ ਹੋਏ ਸਨ। ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ, “ਅਸੀਂ ਕੇਜਰੀਵਾਲ ਅਤੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਦੀ ਯਮੁਨਾ ’ਤੇ ਆਉਣ ਦੀ ਉਡੀਕ ਵਿੱਚ ਹਾਂ। ਉਨ੍ਹਾਂ ਦੇ ਸਵਾਗਤ ਲਈ ਦੋ ਕੁਰਸੀਆਂ ਰੱਖੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਸਵਾਗਤ ਲਈ ਲਾਲ ਕਾਰਪੇਟ ਵਿਛਾਇਆ ਗਿਆ ਹੈ।’’ ਕਪੂਰ ਨੇ ਕਿਹਾ ਕਿ ਅੱਜ ਸਵੇਰੇ ਸਚਦੇਵਾ ਨੇ ਕਰੀਬ 30 ਮਿੰਟ ਤੱਕ ਅਰਵਿੰਦ ਕੇਜਰੀਵਾਲ ਅਤੇ ਆਤਿਸ਼ੀ ਦਾ ਇੰਤਜ਼ਾਰ ਕੀਤਾ ਅਤੇ ਫਿਰ ਯਮੁਨਾ ਘਾਟ ਵਿਖੇ ਮੌਜੂਦ ਭਾਜਪਾ ਵਰਕਰਾਂ ਅਤੇ ਛੱਠ ਕਮੇਟੀ ਮੈਂਬਰਾਂ ਦੇ ਸਾਹਮਣੇ ਮੀਡੀਆ ਕਰਮੀਆਂ ਰਾਹੀਂ ਦਿੱਲੀ ਵਾਸੀਆਂ ਨੂੰ ਸੰਦੇਸ਼ ਦਿੱਤਾ। ਇਸ ਮਗਰੋਂ ਸਚਦੇਵਾ ਨੇ ਯਮੁਨਾ ਵਿੱਚ ਡੁਬਕੀ ਲਗਾਈ ਤੇ ਮਾਂ ਯਮੁਨਾ ਤੋਂ ਮੁਆਫ਼ੀ ਮੰਗੀ, ਕਿਉਂਕਿ ਅਰਵਿੰਦ ਕੇਜਰੀਵਾਲ ਤੇ ਆਤਿਸ਼ੀ ਦੀ ਸਰਕਾਰਾਂ ਨੇ ਯਮੁਨਾ ਦੀ ਸਫ਼ਾਈ ਲਈ ਕਥਿਤ ਤੌਰ ’ਤੇ 8500 ਕਰੋੜ ਰੁਪਏ ਲੁੱਟੇ ਹਨ ਪਰ ਨਦੀ ਨੂੰ ਸਾਫ਼ ਨਹੀਂ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਬਹੁਤ ਮਾੜੀ ਸ਼੍ਰੇਣੀ ਵਿੱਚ ਪੁੱਜ ਗਿਆ ਹੈ। ਅੱਜ ਕੌਮੀ ਰਾਜਧਾਨੀ ਵਿੱਚ ਏਕਿਊਆਈ 328 ਦਰਜ ਕੀਤਾ ਗਿਆ।
ਭਾਜਪਾ ਛੱਠ ਵਿਰੋਧੀ: ਸੰਜੈ ਸਿੰਘ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਛੱਠ ਘਾਟ ਨੂੰ ਲੈ ਕੇ ਭਾਜਪਾ ਵੱਲੋਂ ਕੀਤੀ ਜਾ ਰਹੀ ਰਾਜਨੀਤੀ ’ਤੇ ਤਿੱਖਾ ਹਮਲਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਦਾ ਕਹਿਣਾ ਹੈ ਕਿ ਛੱਠ ਪੂਜਾ ’ਤੇ ਸ਼ਾਨਦਾਰ ਪ੍ਰਬੰਧ ਕਰਕੇ ਕੇਜਰੀਵਾਲ ਪੂਰਵਾਂਚਲ ਦੇ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਭਾਜਪਾ ਬਿਹਾਰ-ਯੂਪੀ ਦੇ ਲੋਕਾਂ ਨਾਲ ਦੁਰਵਿਹਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਛੱਠ ਵਿਰੋਧੀ ਹੈ। ਉਨ੍ਹਾਂ ਦੇ ਕੌਂਸਲਰਾਂ ਨੇ ਗ੍ਰੇਟਰ ਕੈਲਾਸ਼ ਵਿੱਚ ਛੱਠ ਘਾਟ ਨੂੰ ਢਾਹ ਦਿੱਤਾ ਸੀ। ਦਿੱਲੀ ਵਿੱਚ ਛਠ ਪੂਜਾ ਲਈ ਪਹਿਲਾਂ ਕਿੰਨੇ ਘਾਟ ਸਨ ਅਤੇ ਹੁਣ ਕਿੰਨੇ ਘਾਟ ਹਨ, ਇਸ ਦਾ ਜਵਾਬ ਭਾਜਪਾ ਕੋਲ ਨਹੀਂ ਹੈ। ਦਿੱਲੀ ਦੀ ‘ਆਪ’ ਸਰਕਾਰ ਇਸ ਵਾਰ ਵੀ ਯੂਪੀ, ਬਿਹਾਰ ਅਤੇ ਪੂਰਵਾਂਚਲ ਦੇ ਲੋਕਾਂ ਨਾਲ ਮਿਲ ਕੇ ਛਠ ਪੂਜਾ ਚੰਗੀ ਤਰ੍ਹਾਂ ਮਨਾਏਗੀ।
ਪ੍ਰਦੂਸ਼ਣ ਘਟਾਉਣ ਲਈ ਬੱਸ ਮਾਰਸ਼ਲਾਂ ਨੂੰ ਕੀਤਾ ਜਾਵੇਗਾ ਤਾਇਨਾਤ
ਦਿੱਲੀ ਵਿੱਚ ਬਰਖਾਸਤ ਬੱਸ ਮਾਰਸ਼ਲਾਂ ਨੂੰ ਹੁਣ ਉਪ-ਰਾਜਪਾਲ ਵੀਕੇ ਸਕਸੈਨਾ ਦੇ ਹੁਕਮਾਂ ’ਤੇ ਚਾਰ ਮਹੀਨੇ ਲਈ ਪ੍ਰਦੂਸ਼ਣ ਘੱਟ ਕਰਨ ਲਈ ਸਬੰਧਤ ਡਿਊਟੀ ’ਤੇ ਤਾਇਨਾਤ ਕੀਤਾ ਜਾਵੇਗਾ। ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਸਿਵਲ ਡਿਫੈਂਸ ਵਾਲੰਟੀਅਰਾਂ ਨੂੰ ਅਕਤੂਬਰ 2023 ਵਿੱਚ ਬੱਸ ਮਾਰਸ਼ਲ ਵਜੋਂ ਬਰਖਾਸਤ ਕੀਤਾ ਗਿਆ ਸੀ। ਹੁਣ ਇਨ੍ਹਾਂ ਨੂੰ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਦੇ ਆਦੇਸ਼ ਤੋਂ ਬਾਅਦ ਚਾਰ ਮਹੀਨਿਆਂ ਲਈ ਪ੍ਰਦੂਸ਼ਣ ਘਟਾਉਣ ਨਾਲ ਸਬੰਧਤ ਡਿਊਟੀਆਂ ’ਤੇ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨੌਕਰੀ ਦੀ ਮਿਆਦ 1 ਨਵੰਬਰ ਤੋਂ ਸ਼ੁਰੂ ਹੋਵੇਗੀ।
ਦਿੱਲੀ ਵਿੱਚ ਪ੍ਰਦੂਸ਼ਣ ਖ਼ਿਲਾਫ਼ ਮੁਹਿੰਮ ਤੇਜ਼ ਕਰਾਂਗੇ: ਗੋਪਾਲ ਰਾਏ
ਨਵੀਂ ਦਿੱਲੀ:
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਰਕਾਰ ਦੀ ਪ੍ਰਦੂਸ਼ਣ ਵਿਰੋਧੀ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ ਅਤੇ ਰਾਸ਼ਟਰੀ ਰਾਜਧਾਨੀ ਵਿੱਚ ਡੀਜ਼ਲ ਬੱਸਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ ਜਾਵੇਗੀ। ‘ਰੈੱਡ ਲਾਈਟ ਆਨ, ਗੱਡੀ ਬੰਦ’ ਮੁਹਿੰਮ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਾਏ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਨੂੰ ਸ਼ਹਿਰ ਵਿੱਚ ਪ੍ਰਾਈਵੇਟ ਡੀਜ਼ਲ ਬੱਸਾਂ ਦੇ ਦਾਖਲੇ ’ਤੇ ਪਾਬੰਦੀ ਨੂੰ ਲਾਗੂ ਕਰਨ ਵਿੱਚ ਸਹਿਯੋਗ ਕਰਨ ਲਈ ਲਿਖਿਆ ਹੈ। -ਪੀਟੀਆਈ