ਚੰਡੀਗੜ੍ਹ ਵਿੱਚ ਮੁਫ਼ਤ ਪਾਣੀ ਦੇ ਮਾਮਲੇ ’ਤੇ ਸਿਆਸਤ ਭਖੀ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 14 ਜੂਨ
ਚੰਡੀਗੜ੍ਹ ਵਿੱਚ ਮੁਫ਼ਤ ਪਾਣੀ ਦੇ ਮਾਮਲੇ ’ਤੇ ਸਿਆਸਤ ਭਖ ਗਈ ਹੈ। ਚੰਡੀਗੜ੍ਹ ਕਾਂਗਰਸ ਨੇ ਪ੍ਰਸ਼ਾਸਕ ਵੱਲੋਂ ਮੁਫ਼ਤ ਪਾਣੀ ਦੇਣ ਦੀ ਨਿਗਮ ਦੀ ਤਜਵੀਜ਼ ਨੂੰ ਰੱਦ ਕਰਨ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਇਸ ਫ਼ੈਸਲੇ ਨੂੰ ਚੰਡੀਗੜ੍ਹ ਦੇ ਹਿੱਤਾਂ ਦੇ ਖ਼ਿਲਾਫ਼ ਦੱਸਿਆ ਹੈ। ਉਨ੍ਹਾਂ ਇਸ ਫ਼ੈਸਲੇ ਨੂੰ ਸ਼ਹਿਰ ਦੇ ਲੋਕਾਂ ਦਾ ਅਪਮਾਨ ਦੱਸਿਆ ਹੈ ਜਿਸ ਵਿੱਚ ਹਰ ਘਰ ਨੂੰ 20,000 ਲਿਟਰ ਤੱਕ ਮੁਫ਼ਤ ਪਾਣੀ ਮੁਹੱਈਆ ਕਰਵਾਉਣ ਲਈ ਨਿਗਮ ਵੱਲੋਂ ਪਾਸ ਕੀਤੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਰਾਜੀਵ ਸ਼ਰਮਾ ਨੇ ਪ੍ਰਸ਼ਾਸਕ ਦੇ ਇਸ ਹੁਕਮ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਨਿਰਾਸ਼ ਕਰਨ ਵਾਲਾ ਅਜਿਹਾ ਫ਼ੈਸਲਾ ਭਾਜਪਾ ਦੇ ਭਾਰੀ ਦਬਾਅ ਹੇਠ ਲਿਆ ਗਿਆ ਹੈ, ਜੋ ਅਜੇ ਵੀ ਲੋਕ ਸਭਾ ਚੋਣਾਂ ਵਿੱਚ ਆਪਣੀ ਕਰਾਰੀ ਹਾਰ ਨੂੰ ਭੁਲਾ ਨਹੀਂ ਸਕੀ ਹੈ।
ਕਾਂਗਰਸ ਬੁਲਾਰੇ ਨੇ ਕਿਹਾ ਕਿ ਅਜਿਹਾ ਕਰ ਕੇ ਪ੍ਰਸ਼ਾਸਕ ਨੇ ਨਾ ਸਿਰਫ਼ ਚੰਡੀਗੜ੍ਹ ਦੇ ਲੋਕਾਂ ਦੇ ਹਿੱਤਾਂ ਦੇ ਖ਼ਿਲਾਫ਼ ਕੰਮ ਕੀਤਾ ਹੈ ਸਗੋਂ ਸ਼ਹਿਰ ’ਤੇ 500 ਕਰੋੜ ਰੁਪਏ ਦਾ ਬੇਲੋੜਾ ਬੋਝ ਪਾਉਣ ਦੇ ਭਾਜਪਾ ਦੇ ਫ਼ੈਸਲੇ ਨੂੰ ਵੀ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪਵੇਗਾ।
ਲੋਕਾਂ ਨੂੰ ਕਈ ਦਹਾਕਿਆਂ ਤੱਕ ਦੁੱਖ ਝੱਲਣੇ ਪੈਣਗੇ। ਕਾਂਗਰਸ ਬੁਲਾਰੇ ਨੇ ਕਿਹਾ ਕਿ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਮਨੀਸ਼ ਤਿਵਾੜੀ ਭਾਜਪਾ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਰੁਕਾਵਟਾਂ ਦੇ ਬਾਵਜੂਦ ਚੋਣ ਮਨੋਰਥ ਪੱਤਰ ਦੇ ਹਰ ਹਿੱਸੇ ਨੂੰ ਲਾਗੂ ਕਰਨ ਲਈ ਵਚਨਬੱਧ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਲਦੀ ਹੀ ਇੱਕ ਪ੍ਰੋਗਰਾਮ ਦਾ ਐਲਾਨ ਕਰੇਗੀ ਜਿਸ ਵਿੱਚ ਪਾਰਟੀ ਵੱਲੋਂ ਸ਼ਹਿਰ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨ ਦੇ ਯਤਨਾਂ ਨੂੰ ਉਜਾਗਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਿਛਲੇ ਦਸ ਸਾਲਾਂ ਵਿੱਚ ਸ਼ਹਿਰ ਦੇ ਅਕਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਪ੍ਰਸ਼ਾਸਕ ਨੂੰ ਚੰਡੀਗੜ੍ਹ ਵਿਰੋਧੀ ਫ਼ੈਸਲੇ ਲੈਣ ਲਈ ਮਜਬੂਰ ਕਰ ਕੇ ਭਾਜਪਾ ਨਾ ਸਿਰਫ਼ ਸ਼ਹਿਰ ਦੀ ਤਰੱਕੀ ਨੂੰ ਮੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਸਗੋਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਵੋਟ ਪਾਉਣ ਵਾਲੇ 2.14 ਲੱਖ ਵੋਟਰਾਂ ਦਾ ਅਪਮਾਨ ਵੀ ਕਰ ਰਹੀ ਹੈ।