ਨਾਬਾਲਗ ਨਾਲ ਜਬਰ-ਜਨਾਹ ਮਾਮਲੇ ’ਤੇ ਸਿਆਸਤ ਭਖੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਗਸਤ
ਇੱਥੇ ਇੱਕ ਨਾਬਾਲਗ ਨਾਲ ਹੋਏ ਜਬਰ-ਜਨਾਹ ਮਾਮਲੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਸਿਆਸਤ ਗਰਮਾ ਗਈ ਹੈ। ਇਸ ਦੌਰਾਨ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲਾ ਮਾਮਲਾ ਹੈ ਕਿਉਂਕਿ ਮੁਲਜ਼ਮ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਿੱਚ ਕੰਮ ਕਰਦਾ ਸੀ। ਆਤਿਸ਼ੀ ਨੇ ਕਿਹਾ ਕਿ ਦਿੱਲੀ ਪੁਲੀਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਕਦੇ ਵੀ ਉਨ੍ਹਾਂ ਨਾਲ ਓਐਸਡੀ ਵਜੋਂ ਕੰਮ ਨਹੀਂ ਕੀਤਾ। ਇਸੇ ਤਰ੍ਹਾਂ ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਇਹ ਇੱਕ ਭਿਆਨਕ ਘਟਨਾ ਹੈ।
ਇਸ ਘਟਨਾ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਧਿਕਾਰੀ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
ਉਧਰ ਭਾਜਪਾ ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਨਾ ਕਰਨ ’ਤੇ ਦਿੱਲੀ ਸਰਕਾਰ ਦੀ ਨਿਖੇਧੀ ਕੀਤੀ ਹੈ। ਭਾਜਪਾ ਆਗੂ ਬਾਂਸੁਰੀ ਸਵਰਾਜ ਨੇ ਪੁੱਛਿਆ ਕਿ ਜਦੋਂ 13 ਅਗਸਤ ਨੂੰ ਮੁਲਜ਼ਮ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ ਤਾਂ ਦਿੱਲੀ ਸਰਕਾਰ ਨੇ ਉਸ ਖ਼ਿਲਾਫ਼ ਜਲਦੀ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਡੀਸੀਡਬਲਿਊ ਦੀ ਮੁਖੀ ਸਵਾਤੀ ਮਾਲੀਵਾਲ ਇਸ ’ਤੇ ਸਿਆਸਤ ਕਰ ਰਹੇ ਹਨ।
ਮਹਿਲਾ ਕਾਂਗਰਸ ਪ੍ਰਧਾਨ ਨੇਟਾ ਡਿਸੂਜ਼ਾ ਨੇ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਦਾ ਅਜਿਹੇ ਗੰਭੀਰ ਅਪਰਾਧ ’ਚ ਸ਼ਾਮਲ ਹੋਣਾ ਮੰਦਭਾਗਾ ਹੈ। ਇਸ ਮਾਮਲੇ ਵਿੱਚ ਪੁਲੀਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਨੂੰ ਵੀ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਦੋਸ਼ ਲਾਇਆ ਕਿ ਉਸ ਨੂੰ ਹਸਪਤਾਲ ਵਿੱਚ ਪੀੜਤਾ ਨਾਲ ਮਿਲਣ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗਾਰਡ ਕਹਿ ਰਹੇ ਹਨ ਕਿ ਪੁਲੀਸ ਨੇ ਉਨ੍ਹਾਂ ਨੂੰ ਮਿਲਣ ਦੇਣ ਤੋਂ ਇਨਕਾਰ ਕੀਤਾ ਹੈ। ਦਿੱਲੀ ਪੁਲੀਸ ਕੀ ਲੁਕਾਉਣਾ ਚਾਹੁੰਦੀ ਹੈ? ਇਸ ਦੌਰਾਨ ਸਵਾਤੀ ਮਾਲੀਵਾਲ ਹਸਪਤਾਲ ਦੀ ਫਰਸ਼ ’ਤੇ ਹੀ ਬੈਠ ਗਈ ਅਤੇ ਕਿਹਾ, ‘‘ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਦੇ ਅਹੁਦੇ ’ਤੇ ਲੰਮੇ ਸਮੇਂ ਤੋਂ ਤਾਇਨਾਤ ਇੱਕ ਸਰਕਾਰੀ ਅਧਿਕਾਰੀ ’ਤੇ ਇੱਕ 16 ਸਾਲਾ ਨਾਬਾਲਗ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਮਨੁੱਖਤਾ ਨੂੰ ਸ਼ਰਮਸਾਰ ਕਰਦਾ ਹੈ। ਉਨ੍ਹਾਂ ਦਿੱਲੀ ਸਰਕਾਰ ਨੂੰ ਵੀ ਪੁੱਛਿਆ ਕਿ ਉਸ ਖ਼ਿਲਾਫ਼ ਕੀ ਸ਼ਿਕਾਇਤਾਂ ਹਨ ਅਤੇ ਇਸ ਸਬੰਧੀ ਕੀ ਕਦਮ ਚੁੱਕੇ ਗਏ ਹਨ।
ਦੋਵੇਂ ਮਹਿਲਾ ਕਮਿਸ਼ਨਾਂ ਦੀਆਂ ਚੇਅਰਪਰਸਨਜ਼ ਮਿਹਣੋ-ਮਿਹਣੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਮਹਿਲਾ ਤੇ ਬਾਲ ਵਿਕਾਸ ਵਿਭਾਗ ਵਿੱਚ ਉੱਚ ਅਧਿਕਾਰੀ ਦੇ ਇੱਕ ਨਾਬਾਲਗ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ ਫਸਣ ਮਗਰੋਂ ਕੌਮੀ ਮਹਿਲਾ ਕਮਿਸ਼ਨ ਤੇ ਦਿੱਲੀ ਮਹਿਲਾ ਕਮਿਸ਼ਨ ਦੀਆਂ ਚੇਅਰਪਰਸਨਜ਼ ਆਪਸ ਵਿੱਚ ਮਹਿਣੋ-ਮਹਿਣੀ ਹੋ ਗਈਆਂ ਹਨ। ਕੌਮੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਕਿਹਾ, ‘‘ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਮੁਲਾਜ਼ਮ ਵੱਲੋਂ ਨਾਬਾਲਗ ਨਾਲ ਬਦਸਲੂਕੀ ਕਰਨਾ ਬਹੁਤ ਮੰਦਭਾਗਾ ਮਾਮਲਾ ਹੈ। ਇਹ ਕੀ ਹੈ? ਦਿੱਲੀ ਸਰਕਾਰ ਕੀ ਕਰ ਰਹੀ ਹੈ? ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਕੀ ਕਰ ਰਹੀ ਹੈ?’’ ਉਧਰ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕੀਤਾ, ‘‘ਕੀ ਕੌਮੀ ਮਹਿਲਾ ਕਮਿਸ਼ਨ ਝੂਠ ਫੈਲਾਉਣ ਅਤੇ ਟਰੌਲ ਕਰਨ ਤੋਂ ਇਲਾਵਾ ਵੀ ਕੁਝ ਕਰਦਾ ਹੈ? ਉਨ੍ਹਾਂ ਦਾ ਲਾਪਤਾ ਪ੍ਰਧਾਨ ਅੱਜ ਟੀਵੀ ’ਤੇ ਝੂਠ ਬੋਲ ਰਿਹਾ ਹੈ ਕਿ ਮੁਲਜ਼ਮ ਦੋਸ਼ੀ ਡੀਸੀਡਬਲਿਊ ਦਾ ਮੁਲਾਜ਼ਮ ਹੈ। ਰਾਮ ਰਹੀਮ ਤੇ ਬ੍ਰਿਜ ਭੂਸ਼ਣ ਨੂੰ ਬਚਾਉਣ ਵਾਲੀ ਸੱਤਾਧਾਰੀ ਪਾਰਟੀ ਦੀ ‘ਕਠਪੁਤਲੀ’ ਬਾਹਰ ਆਈ ਵੀ ਤਾਂ ਝੂਠ ਬੋਲਣ ਲਈ। ਬਹੁਤ ਸ਼ਰਮਨਾਕ। ਮੈਂ ਤੁਹਾਨੂੰ ਅਦਾਲਤ ਵਿੱਚ ਵੇਖਾਂਗੀ।’’