ਖੰਡ ਮਿੱਲ ਵਿੱਚ ਬਾਇਓ ਗੈਸ ਪਲਾਂਟ ਲਗਾਉਣ ’ਤੇ ਸਿਆਸਤ ਭਖੀ
ਬਲਵਿੰਦਰ ਸਿੰਘ ਭੰਗੂ/ਹਤਿੰਦਰ ਮਹਿਤਾ
ਭੋਗਪੁਰ/ਜਲੰਧਰ, 29 ਜੁਲਾਈ
ਸਹਿਕਾਰੀ ਖੰਡ ਮਿੱਲ ਭੋਗਪੁਰ ਅਤੇ ਆਈਐੱਸਡੀ ਬਾਇਓ ਫਿਊਲ ਗੈਸ ਕੰਪਨੀ ਵਿਚਕਾਰ ਖੰਡ ਮਿੱਲ ਵਿੱਚ ਸੀਐਨਜੀ ਬਾਇਓ ਗੈਸ ਪਲਾਂਟ ਲਗਾਉਣ ਦਾ ਹੋਇਆ ਐੱਮਓਯੂ ਕੈਂਸਲ ਕਰਨ ਲਈ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਹੇਠ ਇਲਾਕੇ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਕਿਸਾਨ ਯੂਨੀਅਨਾਂ ਦੀ ਮੀਟਿੰਗ ਦਾਣਾ ਮੰਡੀ ਵਿੱਚ ਹੋਈ। ਬਾਅਦ ਵਿੱਚ ਵਿਧਾਇਕ ਕੋਟਲੀ ਅਤੇ ਭਾਜਪਾ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਡੱਲੀ ਨੇ ਦੱਸਿਆ ਕਿ ਭੋਗਪੁਰ ਅਤੇ ਪਿੰਡ ਮੋਗਾ ਦੇ ਕਿਸਾਨਾਂ ਨੇ 109 ਏਕੜ ਜ਼ਮੀਨ ਖੰਡ ਮਿੱਲ ਨੂੰ ਲਗਾਉਣ ਲਈ ਦਿੱਤੀ ਸੀ ਜਿੱਥੇ ਖੰਡ ਮਿੱਲ ਦਾ ਪਲਾਂਟ ਲੱਗਣਾ ਅਤੇ ਬਾਕੀ ਜ਼ਮੀਨ ਵਿੱਚ ਗੰਨੇ ਦੀਆਂ ਵਧੀਆਂ ਕਿਸਮ ਤਿਆਰ ਕਰਨ ਲਈ ਖੋਜ ਕੇਂਦਰ ਬਣਾਉਣਾ ਸੀ ਪਰ ਖੰਡ ਮਿੱਲ ਦੇ ਅਧਿਕਾਰੀਆਂ ਨੇ ਨਿੱਜੀ ਕੰਪਨੀ ਨਾਲ ਐੱਮਓਯੂ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਸਰਕਾਰ ਇਹ ਸਹਿਕਾਰੀ ਖੰਡ ਮਿੱਲ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਕਰ ਰਹੀ ਹੈ। ਮਗਰੋਂ ਵਿਧਾਇਕ ਕੋਟਲੀ ਅਤੇ ਭਾਜਪਾ ਆਗੂ ਡੱਲੀ ਡੀਸੀ ਜਲੰਧਰ ਨੂੰ ਮੰਗ ਪੱਤਰ ਦਿੱਤਾ ਗਿਆ। ਡੀਸੀ ਨੇ ਜਲਦੀ ਮਸਲਾ ਹੱਲ ਕਰਨ ਦਾ ਭਰੋਸਾ ਪ੍ਰਗਟਾਇਆ। ਉਧਰ, ‘ਆਪ’ ਆਗੂਆਂ ਦਾ ਕਹਿਣਾ ਹੈ ਬਾਇਓ ਗੈਸ ਪਲਾਂਟ ਲੱਗਣ ਨਾਲ ਕਿਸੇ ਕਿਸਮ ਦੀ ਦਿਕੱਤ ਨਹੀਂ ਆਵੇਗੀ ਸਗੋਂ ਖੰਡ ਮਿੱਲ ਦੀ ਆਮਦਨ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਤੇ ਪੰਚਾਇਤਾਂ ਦੀਆਂ ਚੋਣਾਂ ਕਰਕੇ ਸਿਆਸੀ ਆਗੂ ਸਿਆਸੀ ਰੋਟੀਆਂ ਸੇਕ ਰਹੇ ਹਨ।