ਕੂੜਾ ਪ੍ਰਬੰਧਨ ਤੋਂ ਮੁਹਾਲੀ ਦੀ ਸਿਆਸਤ ਭਖੀ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 12 ਨਵੰਬਰ
ਮੁਹਾਲੀ ਵਿੱਚ ਕੂੜਾ ਪ੍ਰਬੰਧਨ ਦੀ ਸਮੱਸਿਆ (ਕੂੜੇ ਦੀ ਨਿਕਾਸੀ) ਨੂੰ ਲੈ ਕੇ ਸਿਆਸਤ ਭਖ ਗਈ ਹੈ। ਇਸ ਮੁੱਦੇ ’ਤੇ ‘ਆਪ’ ਵਿਧਾਇਕ ਕੁਲਵੰਤ ਸਿੰਘ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਆਹਮੋ-ਸਾਹਮਣੇ ਆ ਗਏ ਹਨ। ਹਾਲਾਂਕਿ ਸਥਾਨਕ ਸਰਕਾਰਾਂ ਵਿਭਾਗ ਨੇ ਆਪਣੀ ਚੁੱਪੀ ਤੋੜਦਿਆਂ ਕੱਲ੍ਹ ਪ੍ਰਾਈਵੇਟ ਕੰਪਨੀ ਨੂੰ ਸ਼ਹਿਰ ’ਚੋਂ ਰੋਜ਼ਾਨਾ 100 ਟਨ ਕੂੜੇ ਦੀ ਨਿਕਾਸੀ ਦੀ ਇਜਾਜ਼ਤ ਦੇਣ ਦੇ ਮਤੇ ਨੂੰ ਹਰੀ ਝੰਡੀ ਦੇ ਦਿੱਤੀ ਹੈ ਪਰ ਕੂੜਾ ਪ੍ਰਬੰਧਨ ਲਈ ਕੁੱਝ ਹੋਰ ਇੰਤਜ਼ਾਰ ਕਰਨਾ ਪਵੇਗਾ। ਇਸ ਮੁੱਦੇ ’ਤੇ ਮੇਅਰ ਜੀਤੀ ਸਿੱਧੂ ਨੇ ਅਗਲੇ ਸੋਮਵਾਰ ਨੂੰ ਦੁਪਹਿਰ 12 ਵਜੇ ਨਗਰ ਨਿਗਮ ਦੀ ਮੀਟਿੰਗ ਸੱਦ ਲਈ ਹੈ।
‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਵਿੱਚ ਗੰਦਗੀ ਫੈਲੀ ਹੋਈ ਹੈ। ਕੂੜਾ ਪ੍ਰਬੰਧ ਦੇ ਮਾਮਲੇ ਵਿੱਚ ਜਦੋਂ ਨਗਰ ਨਿਗਮ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਤਾਂ ਉਨ੍ਹਾਂ ਨੇ ਨਿੱਜੀ ਦਖ਼ਲ ਦੇ ਕੇ ਕੂੜੇ ਦੀ ਨਿਕਾਸੀ ਵਾਲੀ ਫਾਈਲ ਨੂੰ ਕਲੀਅਰ ਕਰਵਾਇਆ। ਉਨ੍ਹਾਂ ਕਿਹਾ ਕਿ ਜਦੋਂ ਉੱਚ ਅਦਾਲਤ ਵੱਲੋਂ ਡੰਪਿੰਗ ਗਰਾਊਂਡ ਵਿੱਚ ਕੂੜਾ ਸੁੱਟਣ ’ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ ਤਾਂ ਮੇਅਰ ਅਤੇ ਨਿਗਮ ਪ੍ਰਸ਼ਾਸਨ ਨੇ ਬਦਲਵੇਂ ਪ੍ਰਬੰਧ ਕਰਨ ਲਈ ਨਿਆਂਪਾਲਿਕਾ ਤੋਂ ਮੋਹਲਤ ਨਹੀਂ ਮੰਗੀ ਅਤੇ ਨਾ ਹੀ ਇਸ ਸਮੱਸਿਆ ਦੇ ਹੱਲ ਲਈ ਖ਼ੁਦ ਹੀ ਕੋਈ ਯਤਨ ਕੀਤਾ ਗਿਆ। ਸਿਰਫ਼ ਅਖ਼ਬਾਰੀ ਬਿਆਨਬਾਜ਼ੀ ਤੱਕ ਹੀ ਸੀਮਤ ਰਹੇ ਹਨ। ਇਸ ਕਾਰਨ ਸ਼ਹਿਰ ਕੂੜੇ ਦੇ ਢੇਰਾਂ ਵਿੱਚ ਤਬਦੀਲ ਹੋ ਗਿਆ। ਲੇਕਿਨ ਹੁਣ ਆਉਂਦੇ ਦਿਨਾਂ ਵਿੱਚ ਸ਼ਹਿਰ ਵਾਸੀਆਂ ਨੂੰ ਕੂੜੇ ਦੀ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ। ਸਬੰਧਤ ਵਿਅਕਤੀਆਂ ਦੀ ਜ਼ਿੰਮੇਵਾਰੀ ਫਿਕਸ ਕਰਨਾ ਨਗਰ ਨਿਗਮ ਦਾ ਕੰਮ ਹੈ।
ਸੋਮਵਾਰ ਨੂੰ ਨਗਰ ਨਿਗਮ ਦੀ ਮੀਟਿੰਗ ਸੱਦੀ: ਮੇਅਰ
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ’ਤੇ ਡੰਪਿੰਗ ਗਰਾਊਂਡ ਵਿੱਚ ਇੱਕੋਦਮ ਕੂੜਾ ਸੁੱਟਣਾ ਬੰਦ ਕਰਨਾ ਪਿਆ ਸੀ ਅਤੇ ਉਨ੍ਹਾਂ ਨੂੰ ਬਦਲਵੇਂ ਪ੍ਰਬੰਧ ਕਰਨ ਦਾ ਵੀ ਸਮਾਂ ਨਹੀਂ ਮਿਲਿਆ। ਮਗਰੋਂ ਜਦੋਂ ਆਰਐੱਮਸੀ ਪੁਆਇੰਟਾਂ ਵਿੱਚ ਕੂੜਾ ਸੁੱਟਣਾ ਸ਼ੁਰੂ ਕੀਤਾ ਤਾਂ ਇਹ ਵੀ ਨੱਕੋ-ਨੱਕ ਭਰ ਗਏ ਅਤੇ ਸ਼ਹਿਰ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗ ਗਏ। ਹਾਲਾਂਕਿ ਉਨ੍ਹਾਂ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਅੰਦਾਜ਼ੇ ਨਾਲ 40 ਟਨ ਕੂੜਾ ਚੁੱਕਣ ਦਾ ਠੇਕਾ ਦਿੱਤਾ ਪਰ ਸਮਰੱਥਾ ਘੱਟ ਹੋਣ ਕਾਰਨ ਇਹ ਕੰਮ ਫਿੱਟ ਨਹੀਂ ਬੈਠਿਆ। ਇਸ ਤੋਂ ਬਾਅਦ 100 ਟਨ ਕੂੜਾ ਨਿਕਾਸੀ ਦਾ ਟੈਂਡਰ ਪਾਸ ਪਾਸ ਕਰ ਕੇ ਮਨਜ਼ੂਰੀ ਲਈ ਸਰਕਾਰ ਨੂੰ ਭੇਜਿਆ ਗਿਆ ਪਰ ਸਿਆਸੀ ਦਬਾਅ ਕਾਰਨ ਅਧਿਕਾਰੀ ਇਹ ਫਾਈਲ ਦੱਬ ਕੇ ਬੈਠ ਗਏ। ਅੱਜ ਜੋ ਹਾਲਾਤ ਬਣੇ ਨੇ ਉਹ ਸਾਰਿਆਂ ਦੇ ਸਾਹਮਣੇ ਹਨ। ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ ਅਤੇ ਇਸ ਸਬੰਧੀ ਸੋਮਵਾਰ ਨੂੰ ਦੁਪਹਿਰ 12 ਵਜੇ ਮੀਟਿੰਗ ਸੱਦੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਫ਼ਤੇ ਦੇ ਅੰਦਰ-ਅੰਦਰ ਉਕਤ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ।
ਹਾਲਾਤ ਲਈ ਸਰਕਾਰ ਤੇ ਅਫ਼ਸਰਸ਼ਾਹੀ ਜ਼ਿੰਮੇਵਾਰ: ਬੇਦੀ
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਹੈ। ਅਦਾਲਤ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮਾਂ ’ਤੇ ਡੰਪਿੰਗ ਗਰਾਊਂਡ ਵਿੱਚ ਕੂੜਾ ਸੁੱਟਣਾ ਬੰਦ ਕੀਤਾ ਗਿਆ ਸੀ। ਇਹ ਰਾਜ ਸਰਕਾਰ ਅਤੇ ਅਫ਼ਸਰਸ਼ਾਹੀ ਦੀ ਨਾਅਹਿਲੀਅਤ ਹੈ ਕਿਉਂਕਿ ਕੂੜਾ ਪ੍ਰਬੰਧਨ ਲਈ ਪਹਿਲਾਂ ਵਿਉਂਤਬੰਦੀ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਗਮਾਡਾ ਨੇ ਸ਼ਹਿਰ ਵਸਾਇਆ ਸੀ, ਸੈਕਟਰ ਬਣਾ ਦਿੱਤੇ ਪਰ ਆਰਐਮਸੀ ਪੁਆਇੰਟਾਂ ਲਈ ਥਾਂ ਹੀ ਨਹੀਂ ਛੱਡੀ। ਇਸ ਸਬੰਧੀ ਉਹ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹੇ ਹਨ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਹ ਨੌਬਤ ਆਈ ਹੈ। ਅੱਜ ਉਨ੍ਹਾਂ ਨੇ ਮੁੱਖ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠਣਾ ਸੀ ਪਰ ਕੱਲ੍ਹ ਸਰਕਾਰ ਨੇ ਮਤਾ ਮਨਜ਼ੂਰ ਕਰ ਲਿਆ ਹੈ। ਇਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।