ਭਗਤ ਸਿੰਘ ਅਤੇ ਸਾਥੀਆਂ ਦੀ ਸਿਆਸਤ
ਸਰਬਜੀਤ ਸਿੰਘ ਵਿਰਕ
"ਜਿਸ ਭਾਰਤ ਦੇਸ਼ ਵਿਚ ਕਿਸੇ ਸਮੇਂ ਦਰੋਪਦੀ ਦੇ ਸਨਮਾਨ ਦੀ ਰੱਖਿਆ ਲਈ ਮਹਾਭਾਰਤ ਵਰਗਾ ਯੁੱਧ ਹੋਇਆ, ਉਸੇ ਦੇਸ਼ ਵਿਚ 1919 ਵੇਲੇ ਅਨੇਕਾਂ ਦਰੋਪਦੀਆਂ ਦੀ ਇਜ਼ਤ ਲੁੱਟੀ ਗਈ, ਉਨ੍ਹਾਂ ਦੇ ਨੰਗੇ ਮੂੰਹਾਂ ਉਤੇ ਥੁੱਕਿਆ ਗਿਆ। ਕੀ ਅਸੀਂ ਇਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਨਹੀਂ ਤੱਕਿਆ? ਇੰਨਾ ਕੁਝ ਹੋਣ ਦੇ ਬਾਵਜੂਦ ਅਸੀਂ ਇਨ੍ਹਾਂ ਹਾਲਾਤ ਨੂੰ ਆਰਾਮ ਨਾਲ ਦੇਖਦੇ ਰਹੇ। ਕੀ ਅਜਿਹਾ ਜੀਵਨ ਜਿਊਣ ਲਾਇਕ ਹੈ?” ਇਹ ਟਿੱਪਣੀ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਵਿਚ ਕੀਤੀ ਸੀ ਜੋ 1928 ਵਿਚ ਲਿਖਿਆ ਅਤੇ ਵੰਡਿਆ ਗਿਆ ਸੀ। ਇਸ ਵਿਚ ਨੌਜਵਾਨਾਂ ਨੂੰ ਦੇਸ਼ ਅਤੇ ਸਮਾਜ ਦੇ ਹਾਲਾਤ ਬਦਲਣ ਲਈ ਅੱਗੇ ਆਉਣ ਦਾ ਸੰਦੇਸ਼ ਦਿੱਤਾ ਗਿਆ ਸੀ। ਆਪਣੇ ਸੰਦੇਸ਼ਾਂ, ਐਲਾਨਾਂ, ਬਿਆਨਾਂ, ਚਿੱਠੀਆਂ ਅਤੇ ਲੇਖਾਂ ਨਾਲ ਲੋਕਾਂ ਦੇ ਦਿਲਾਂ ਉਤੇ ਰਾਜ ਕਰਨ ਵਾਲੇ ਸਾਡੇ ਕੌਮੀ ਨਾਇਕ ਭਗਤ ਸਿੰਘ ਨੂੰ ਜਨਮਿਆਂ ਅੱਜ 115 ਵਰ੍ਹੇ ਅਤੇ ਸ਼ਹੀਦ ਹੋਇਆਂ ਸਾਢੇ 92 ਵਰ੍ਹੇ ਹੋ ਚੁੱਕੇ ਹਨ ਪਰ ਵਕਤ ਬੀਤਣ ਨਾਲ ਉਸ ਦੀ ਮਕਬੂਲੀਅਤ ਘਟੀ ਨਹੀਂ, ਵਧੀ ਹੈ। ਉਸ ਦੀ ਸ਼ਖ਼ਸੀਅਤ ਦੇ ਜਾਣੇ-ਅਣਜਾਣੇ ਪੱਖ ਅੱਜ ਵੀ ਸੰਵਾਦਾਂ, ਗੋਸ਼ਟੀਆਂ ਵਿਚ ਵਿਚਾਰੇ ਜਾ ਰਹੇ ਹਨ। ਉਸ ਦੀ ਸੋਚ ਅਤੇ ਜਜ਼ਬਾਤ ਨਾਲ ਸਬੰਧਿਤ ਕਿਤਾਬਾਂ ਲਿਖੀਆਂ ਜਾ ਰਹੀਆਂ ਹਨ। ਆਉ, ਭਗਤ ਸਿੰਘ ਦੀ ਸ਼ਖ਼ਸੀਅਤ ਦੇ ਕੁਝ ਅਣਜਾਣੇ ਪੱਖ ਜਾਣੀਏਂ।
1926 ਦੇ ਦਸੰਬਰ ਦੀ ਪਹਿਲੀ ਤਾਰੀਖ। ਸਰਦੀ ਅਜੇ ਪੂਰੇ ਜੋਬਨ ’ਤੇ ਨਹੀਂ ਸੀ, ਮੀਂਹ ਪਿਆਂ ਵੀ ਡੇਢ-ਦੋ ਮਹੀਨੇ ਹੋ ਚੁੱਕੇ ਹਨ ਜਿਸ ਕਰ ਕੇ ਅਸਮਾਨ ਸਾਫ਼ ਨਹੀਂ ਲਗ ਰਿਹਾ। ਧੁੰਦਾਂ ਹਾਲੇ ਪੈਣ ਨਹੀਂ ਲੱਗੀਆਂ ਪਰ ਹਵਾ ਵਿਚ ਲਟਕ ਰਹੇ ਧੂੜ-ਮਿੱਟੀ ਦੇ ਕਣ ਸੂਰਜ ਦੀ ਲੋਅ ਮੱਧਮ ਕਰ ਰਹੇ ਹਨ। ਕਾਂਗਰਸ ਵੱਲੋਂ ਨਾਮਿਲਵਰਤਨ ਲਹਿਰ ਵਾਪਸ ਲਈ ਨੂੰ ਕਰੀਬ ਪੰਜ ਸਾਲ ਹੋ ਚੁੱਕੇ ਹਨ ਪਰ ਅੱਗੇ ਇਸ ਨੇ ਦੇਸ਼ ਦੀ ਆਜ਼ਾਦੀ ਲਈ ਕੋਈ ਪ੍ਰੋਗਰਾਮ ਨਹੀਂ ਦਿੱਤਾ। ਇਸ ਦੇ ਆਗੂਆਂ ਦੇ ਵਿਚਾਰਾਂ ਵਿਚ ਮੌਸਮ ਵਾਂਗ ਧੁੰਦਲਕਾ ਹੈ। ਸਵਰਾਜਵਾਦੀਆਂ ਦਾ ਧੜਾ ਗਾਂਧੀ ਜੀ ਤੋਂ ਬਾਗ਼ੀ ਹੈ। ਵੱਡਾ ਧੜਾ ਅਜੇ ਵੀ ਪੂਰਨ ਆਜ਼ਾਦੀ ਦੀ ਥਾਂ ‘ਡੋਮੀਨੀਅਨ ਸਟੇਟਸ’ ਦੀ ਰਟ ਲਾ ਰਿਹਾ ਹੈ। ਵੱਖ ਵੱਖ ਆਗੂਆਂ ਦੇ ਧੜਿਆਂ ਵਿਚ ਵੰਡੇ ਲੋਕ ਵੀ ਸਿਆਸੀ ਤੌਰ ’ਤੇ ਭੰਬਲਭੂਸੇ ਵਿਚ ਹਨ। ਦੂਜੇ ਪਾਸੇ ਸਰਕਾਰ ਦਾ ਦਮਨ ਚੱਕਰ ਜਾਰੀ ਹੈ। ਖ਼ੁਦ ਬਣਾਏ ਕਾਨੂੰਨ ਦਰਕਨਿਾਰ ਕਰ ਕੇ ਜਨਤਾ ਨੂੰ ਦਬਾਇਆ ਜਾ ਰਿਹਾ ਹੈ। ਭਗਤ ਸਿੰਘ ਸਰਕਾਰ ਦੀ ਇਸ ਦੋਹਰੀ ਨੀਤੀ ਨੂੰ ਬੇਨਕਾਬ ਕਰਨਾ ਚਾਹੁੰਦਾ ਹੈ। ਇਸੇ ਕਰ ਕੇ ਉਹ ਕਈ ਮਹੀਨਿਆਂ ਤੋਂ ਸਰਕਾਰ ਉਤੇ ਡਾਕ-ਤਾਰ ਨਾਲ ਸਬੰਧਿਤ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼ ਲਾ ਰਿਹਾ ਹੈ ਤੇ ਪੁੱਛ ਰਿਹਾ ਹੈ ਕਿ ਆਖ਼ਿਰ ਕਿਸ ਕਾਨੂੰਨ ਅਧੀਨ ਉਸ ਦੀ ਡਾਕ ਸੈਂਸਰ ਕੀਤੀ ਜਾ ਰਹੀ ਹੈ?
1924 ਦੇ ਚੌਥੇ ਮਹੀਨੇ ਜਦੋਂ ਭਗਤ ਸਿੰਘ ਕਾਨਪੁਰੋਂ ਲਾਹੌਰ ਮੁੜਿਆ ਸੀ ਤਾਂ ਉਸ ਵਿਚ ਦੇਸ਼ ਲਈ ਕੁਝ ਕਰਨ ਲਈ ਨਵਾਂ ਜੋਸ਼ ਅਤੇ ਉਤਸ਼ਾਹ ਸੀ। ਹਿੰਦੋਸਤਾਨ ਰਿਪਲਿਕਨ ਪਾਰਟੀ ਵਿਚ ਸ਼ਾਮਲ ਹੋ ਕੇ ਉਹ ਭਾਰਤ ਲਈ ਅਗਲੀ ਇਨਕਲਾਬੀ ਤਹਿਰੀਕ ਦਾ ਖਾਕਾ ਮਨ ਵਿਚ ਤਿਆਰ ਕਰ ਰਿਹਾ ਸੀ। ਉਹ ਰਾਜਨੀਤੀ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸਮਝਣ ਲਈ ਆਪਣੇ ਪਿਤਾ ਜੀ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦੇ 26-27 ਦਸੰਬਰ 1924 ਨੂੰ ਬੇਲਗਾਮ (ਰਿਆਸਤ ਵਿਜੈਨਗਰ-ਕਰਨਾਟਕ) ਵਿਚ ਹੋਏ ਸੈਸ਼ਨ ਵਿਚ ਵੀ ਸ਼ਿਰਕਤ ਕਰ ਚੁੱਕਾ ਸੀ (ਜਿਥੇ ਪਿਤਾ ਜੀ ਨੇ ਉਸ ਨੂੰ ਵੱਡੇ ਲੀਡਰਾਂ ਨਾਲ ਵੀ ਮਿਲਾਇਆ ਸੀ)। ਉਹ ਚਾਪੇਕਰ ਭਰਾਵਾਂ, ਬਾਲ ਗੰਗਾਧਰ ਤਿਲਕ, ਵਿਪਨਚੰਦਰ ਪਾਲ, ਲਾਲਾ ਲਾਜਪਤ ਰਾਏ, ਅਰਵਿੰਦ ਘੋਸ਼, ਵੀਰ ਸਾਵਰਕਰ, ਬੰਗਾਲ ਦੇ ਕ੍ਰਾਂਤੀਕਾਰੀਆਂ ਅਤੇ ਮਹਾਤਮਾ ਗਾਂਧੀ ਦੇ ਵਿਚਾਰਾਂ ਦਾ ਮੰਥਨ ਕਰ ਚੁੱਕਾ ਸੀ। ਉਹ ਭਾਵੇਂ ਇਨ੍ਹਾਂ ਦੇ ਯੋਗਦਾਨ ਤੋਂ ਕਾਫੀ ਪ੍ਰਭਾਵਤ ਸੀ ਪਰ ਉਸ ਨੂੰ ਇਨ੍ਹਾਂ ਸਾਰਿਆਂ ਵਿਚ ਸਮਾਨਤਾ ਨਜ਼ਰ ਆ ਰਹੀ ਸੀ; ਉਹ ਇਹ ਕਿ ਇਹ ਸਾਰੇ ਰਾਜਨੀਤੀ ਨੂੰ ਧਰਮ ਤੋਂ ਵੱਖ ਕਰ ਕੇ ਕੋਈ ਕ੍ਰਾਂਤੀਕਾਰੀ ਤਹਿਰੀਕ ਸਿਰਜਣ ਤੋਂ ਅਸਮਰੱਥ ਸਨ। ਉਸ ਨੇ ਜਾਣਿਆ ਕਿ ਇਨ੍ਹਾਂ ਆਗੂਆਂ ਦੇ ਵਿਚਾਰਾਂ ਨੂੰ ਭਾਵੇਂ ਕ੍ਰਾਂਤੀਕਾਰੀ ਮੰਨਿਆ ਜਾ ਸਕਦਾ ਹੈ ਪਰ ਇਹ ਦੇਸ਼ ਦੇ ਢਾਂਚੇ ਨੂੰ ਧਰਮ ਨਿਰਪੱਖ ਨੀਹਾਂ ਉਤੇ ਉਸਾਰਨ, ਦੇਸ਼ ਦੀ ਜਨਤਾ ਨੂੰ ਬਿਨਾ ਭੇਦ-ਭਾਵ ਆਰਥਿਕ ਤੇ ਸਮਾਜਿਕ ਵਿਕਾਸ ਦੇ ਬਰਾਬਰ ਮੌਕੇ ਦੇਣ ਅਤੇ ਅਮੀਰ ਗਰੀਬ ਦਾ ਪਾੜਾ ਖਤਮ ਕਰਨ ਦੇ ਉਦੇਸ਼ ਤੋਂ ਕਾਫ਼ੀ ਉਰਾਂ ਰਹਿ ਜਂਦੇ ਹਨ। ਉਸ ਨੂੰ ਗ਼ਦਰ ਪਾਰਟੀ ਦੇ ਆਗੂ ਜੋ ਵਿਦੇਸ਼ਾਂ ਤੋਂ ਭਾਰਤ ਵਿਚ ਅੰਗਰੇਜ਼ ਹਕੂਮਤ ਦਾ ਤਖ਼ਤਾ ਪਲਟ ਕੇ ਰਾਜਨੀਤਕ ਇਨਕਲਾਬ ਕਰਨ ਦੀ ਇੱਛਾ ਰੱਖਦੇ ਸਨ, ਭਾਰਤੀ ਆਗੂਆਂ ਨਾਲੋਂ ਸੋਚ ਦੇ ਪੱਖ ਤੋਂ ਕਾਫੀ ਅਗਾਂਹਵਧੂ ਲੱਗੇ। ਇਨ੍ਹਾਂ ਗ਼ਦਰੀਆਂ ਨੇ ਪਹਿਲੀ ਵਾਰ ਜ਼ੋਰ-ਸ਼ੋਰ ਨਾਲ ਭਾਰਤ ਨੂੰ ਧਰਮ ਨਿਰਪੱਖ ਦੇਸ਼ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਭਾਰਤੀਆਂ ਨੂੰ ਬਰਾਬਰੀ ਤੇ ਨਿਆਂ ਵਾਲਾ, ਭੇਦ-ਭਾਵ ਮੁਕਤ ਸ਼ਾਸਨ ਮੁਹੱਈਆ ਕਰਾਉਣ ਲਈ ਕੁਰਬਾਨੀਆਂ ਕੀਤੀਆਂ ਸਨ। ਭਗਤ ਸਿੰਘ ਗ਼ਦਰ ਪਾਰਟੀ ਦੇ ਆਗੂ ਲਾਲਾ ਹਰਦਿਆਲ ਦੇ ਇਹ ਵਿਚਾਰ ਪੜ੍ਹ ਚੁੱਕਾ ਸੀ ਕਿ ‘ਪ੍ਰਾਰਥਨਾਵਾਂ ਦਾ ਵੇਲਾ ਬੀਤ ਚੁੱਕਾ ਹੈ, ਤਲਵਾਰ ਉਠਾਉਣ ਦਾ ਵੇਲਾ ਆ ਗਿਆ ਹੈ। ਹੁਣ ਸਾਨੂੰ ਪੰਡਿਤਾਂ ਅਤੇ ਕਾਜ਼ੀਆਂ ਦੀ ਕੋਈ ਲੋੜ ਨਹੀਂ।’ ਲਾਲਾ ਹਰਦਿਆਲ ਨੇ ਇਹ ਵੀ ਕਿਹਾ ਸੀ- ‘ਮਾਲਕ ਤੇ ਨੌਕਰ (ਸਵਾਮੀ ਤੇ ਸੇਵਕ) ਵਿਚਕਾਰ ਕੋਈ ਬਰਾਬਰੀ ਨਹੀਂ ਹੋ ਸਕਦੀ, ਭਾਵੇਂ ਉਹ ਦੋਵੇਂ ਮੁਸਲਮਾਨ ਹੋਣ, ਸਿੱਖ ਹੋਣ ਜਾਂ ਵੈਸ਼ਨਵ। ਅਮੀਰ ਹਮੇਸ਼ਾ ਗ਼ਰੀਬ ਉਤੇ ਰਾਜ ਹੀ ਕਰੇਗਾ। ਆਰਥਿਕ ਬਰਾਬਰੀ ਤੋਂ ਬਿਨਾ ਭਾਈਚਾਰੇ ਦੀ ਗੱਲ ਕਰਨਾ ਸਿਰਫ ਸੁਪਨਾ ਹੈ।’
ਭਗਤ ਸਿੰਘ ਨੂੰ ਇਹ ਗਿਆਨ ਵੀ ਹੋ ਚੁੱਕਾ ਸੀ ਕਿ ਜਾਤ-ਪਾਤ ਅਤੇ ਧਰਮ ਦੀਆਂ ਵਲਗਣਾਂ ਵਿਚ ਜੀਅ ਰਹੀ ਜਨਤਾ ਉਦੋਂ ਤੱਕ ਸਹੀ ਆਜ਼ਾਦੀ ਨਹੀਂ ਪ੍ਰਾਪਤ ਕਰ ਸਕੇਗੀ ਜਦੋਂ ਤੱਕ ਉਹ ਇਨ੍ਹਾਂ ਵਲਗਣਾਂ ਤੋਂ ਬਾਹਰ ਨਹੀਂ ਆਉਂਦੀ, ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਸਾਂਝੇ ਤੌਰ ’ਤੇ ਸੰਘਰਸ਼ ਨਹੀਂ ਕਰਦੀ। ਉਹ ਦੇਖ ਚੁੱਕਾ ਸੀ ਕਿ ਪੰਜਾਬ ਦੀ ਜਿਸ ਧਰਤੀ ਉਤੇ ਸਿੱਖ ਗੁਰੂ ਸਹਬਿਾਨ ਨੇ ‘ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ’ ਦੀ ਸਿੱਖਿਆ ਦਿੱਤੀ ਸੀ, ਹੁਣ ਉਸੇ ਪੰਜਾਬ ਨੇ ਇਹ ਵਿਸਾਰ ਦਿੱਤੀ ਲਗਦੀ ਹੈ ਕਿਉਂਕਿ ਅਜੇ ਵੀ ਸਮਾਜ ਦੀਆਂ ਕੁਝ ਜਾਤੀਆਂ ਨੂੰ ਨੀਵਾਂ ਆਖ ਕੇ ਘੋਰ ਵਿਤਕਰਾ ਕੀਤਾ ਜਾ ਰਿਹਾ ਹੈ। ਉਹ ਇਹ ਖੋਜ ਕਰ ਚੁੱਕਾ ਸੀ ਕਿ ਭਾਰਤ ਦੀ ਕ੍ਰਾਂਤੀਕਾਰੀ ਤਹਿਰੀਕ ਦੀਆਂ ਕੀ ਕਮਜ਼ੋਰੀਆਂ ਰਹੀਆਂ ਹਨ ਤੇ ਉਹ ਨੌਜਵਾਨਾਂ ਦੇ ਵੱਡੇ ਤਬਕੇ ਨੂੰ ਆਪਣੇ ਨਾਲ ਕਿਉਂ ਨਹੀਂ ਜੋੜ ਸਕੀ। ਉਹ ਫਰਾਂਸੀਸੀ, ਇਟਲੀ ਤੇ ਰੂਸ ਦੇ ਇਨਕਲਾਬਾਂ ਦਾ ਵੀ ਗੰਭੀਰ ਅਧਿਐਨ ਕਰ ਚੁੱਕਾ ਸੀ ਜਨਿਾਂ੍ਹ ਵਿਚ ਨੌਜਵਾਨਾਂ ਨੇ ਜ਼ਬਰਦਸਤ ਭੂਮਿਕਾ ਨਿਭਾਈ ਸੀ।
ਇਸ ਸਾਰੇ ਤਜਰਬੇ ਨੂੰ ਲੈ ਕੇ ਭਗਤ ਸਿੰਘ ਨੇ ਇਕ ਵਾਰੀ ਫਿਰ ਦੇਸ਼ ਵਿਦੇਸ਼ ਦੀਆਂ ਇਤਿਹਾਸਕ ਤੇ ਰਾਜਨੀਤਕ ਘਟਨਾਵਾਂ ਬਾਰੇ ਅਤੇ ਦੇਸ਼ ਨੂੰ ਦਰਪੇਸ਼ ਸਮੱਸਿਅਵਾਂ ਉਤੇ ਆਪਣੇ ਸਾਥੀਆਂ ਨਾਲ ਡੂੰਘੀ ਵਿਚਾਰ-ਚਰਚਾ ਕੀਤੀ। ਇਸ ਵਿਚਾਰ ਚਰਚਾ ਪਿੱਛੋਂ ਉਸ ਨੇ ਨੌਜਵਾਨਾਂ ਦੀ ਕੌਮੀ ਜਥੇਬੰਦੀ ਬਣਾਉਣ ਦਾ ਕੰਮ ਆਰੰਭ ਦਿੱਤਾ। ਉਸ ਨੂੰ ਯਕੀਨ ਹੋ ਗਿਆ ਕਿ ਜੇ ਨੌਜਵਾਨਾਂ ਨੂੰ ਅਗਾਂਹਵਧੂ ਵਿਚਾਰਾਂ ਵਾਲੀ ਜਥੇਬੰਦੀ ਦੇ ਪਲੈਟਫਾਰਮ ਉਤੇ ਲਿਆਂਦਾ ਜਾਵੇ ਤਾਂ ਉਹ ਭਵਿਖ ਦੀਆਂ ਮੰਜ਼ਿਲਾਂ ਨੂੰ ਸਹਿਜੇ ਹੀ ਸਰ ਕਰ ਲੈਣਗੇ। ਉਸ ਨੇ ਆਪਣੇ ਇਹ ਵਿਚਾਰ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਅਤੇ ਆਪਣੇ ਨੈਸ਼ਨਲ ਕਾਲਜ ਦੇ ਅਧਿਆਪਕਾਂ ਨਾਲ ਸਾਂਝੇ ਕੀਤੇ। ਨੈਸ਼ਨਲ ਕਾਲਜ ਦੇ ਸਾਰੇ ਅਧਿਆਪਕ ਅਗਾਂਹਵਧੂ ਸੋਚ ਰੱਖਣ ਵਾਲੇ ਅਤੇ ਉਸ ਸਮੇਂ ਦੀ ਸਮਾਜਿਕ, ਆਰਥਿਕ ਸਥਿਤੀ ਵਿਚ ਤਬਦੀਲੀ ਚਾਹੁਣ ਵਾਲੇ ਸਨ। ਭਗਤ ਸਿੰਘ ਦੇ ਸਾਥੀ ਕਾਮਰੇਡ ਰਾਮ ਚੰਦਰ ਅਨੁਸਾਰ- ‘ਅਧਿਆਪਕਾਂ ਵਿਚੋਂ ਭਾਈ ਪਰਮਾਨੰਦ ਬਹੁਤ ਖ਼ਾਸ ਸਨ। ਉਹ ਨੈਸ਼ਨਲ ਕਾਲਜ ਵਿਚ ਯੂਰੋਪੀਅਨ ਰੈਵੋਲਿਊਸ਼ਨਰੀ ਇਤਿਹਾਸ ਪੜ੍ਹਾਉਂਦੇ ਸਨ। ਉਨ੍ਹਾਂ ਵਲੋਂ ਯੂਰੋਪ ਵਿਚਲੇ ਇਨਕਲਾਬੀ ਸੰਘਰਸ਼ਾਂ ਉਤੇ ਦਿੱਤੇ ਵਿਖਿਆਨਾਂ ਨੇ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਉਨ੍ਹਾਂ ਵਿਦਿਆਰਥੀਆਂ ਵਿਚੋਂ ਕੁਝ ਨੇ ਇਨਕਲਾਬ ਰਾਹੀਂ ਦੇਸ਼ ਨੂੰ ਆਜ਼ਾਦ ਕਰਾਉਣ ਦਾ ਦ੍ਰਿੜ ਸੰਕਲਪ ਲੈ ਲਿਆ ਸੀ।’
ਨੈਸ਼ਨਲ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਵਿਦਮਾਨ ਕੌਮੀ ਭਾਵਨਾ ਦਾ ਜਜ਼ਬਾ ਸਾਰਿਆਂ ਨੂੰ ਇਕ ਦੂਜੇ ਨਾਲ ਜੋੜੀ ਰੱਖਦਾ ਸੀ। ਇਸੇ ਦਾ ਲਾਭ ਲੈਂਦਿਆਂ ਭਗਤ ਸਿੰਘ ਨੇ ਕਾਲਜ ਦੇ ਨਵੇਂ ਪੁਰਾਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਾਂਝੀ ਮੀਟਿੰਗ ਕਾਲਜ ਕੈਂਪਸ ਵਿਚ ਸੱਦੀ। ਜਥੇਬੰਦੀ ਬਣਾਉਣ ਦੇ ਵਿਸ਼ੇ ਉਤੇ ਗਹਿਗੱਚ ਵਿਚਾਰ ਚਰਚਾ ਹੋਈ। ਮਤਾ ਪਾਸ ਕੀਤਾ ਗਿਆ ਕਿ ਨੌਜਵਾਨਾਂ ਦੀ ਅਜਿਹੀ ਜਥੇਬੰਦੀ ਬਣਾਈ ਜਾਵੇ ਜਿਹੜੀ ਆਜ਼ਾਦੀ, ਸਮਾਜ, ਰਾਜਨੀਤੀ ਅਤੇ ਕੌਮੀ-ਕੌਮਾਂਤਰੀ ਮਸਲਿਆਂ ਬਾਰੇ ਅਗਾਂਹਵਧੂ ਸਮਝ ਨਾਲ ਨੌਜਵਾਨਾਂ ਦੀ ਅਗਵਾਈ ਕਰੇਗੀ। ਜਥੇਬੰਦੀ ਦਾ ਨਾਂ ਅਤੇ ਸੰਵਿਧਾਨ ਤੈਅ ਕਰਨ ਲਈ ਕੁਝ ਹੋਰ ਮੀਟਿੰਗਾਂ ਹੋਈਆਂ ਅਤੇ ਅਖੀਰ 1925 ਵਿਚ ਨੌਜਵਾਨ ਭਾਰਤ ਸਭਾ ਨਾਂ ਦੀ ਜਥੇਬੰਦੀ ਹੋਂਦ ਵਿਚ ਆ ਗਈ। ਇਸ ਦੇ ਅਹੁਦੇਦਾਰਾਂ ਦੀ ਬਾਕਾਇਦਾ ਚੋਣ ਕੀਤੀ ਗਈ ਜਿਸ ਵਿਚ ਮਾਸਟਰ ਗੁਰੂ ਦੱਤ ਪ੍ਰਧਾਨ, ਭਗਤ ਸਿੰਘ ਜਨਰਲ ਸਕੱਤਰ ਅਤੇ ਭਗਵਤੀ ਚਰਨ ਖ਼ਜ਼ਾਨਚੀ ਚੁਣੇ ਗਏ। ਜਥੇਬੰਦੀ ਨੂੰ ਕਾਮਯਾਬ ਕਰਨ ਲਈ ਭਗਤ ਸਿੰਘ ਤੇ ਉਸ ਦੇ ਸਾਥੀ ਇਸ ਦੇ ਉਦੇਸ਼ਾਂ ਦਾ ਪ੍ਰਚਾਰ ਕਰਨ ਵਿਚ ਜੁੱਟ ਗਏ। ਦੂਜੇ ਪਾਸੇ ਸਰਕਾਰ ਨੇ ਵੀ ਇਨ੍ਹਾਂ ਕਾਰਜਾਂ ਦੀ ਸੂਹ ਰੱਖਣੀ ਸ਼ੁਰੂ ਕਰ ਦਿੱਤੀ ਸੀ।
ਨੌਜਵਾਨ ਭਾਰਤ ਸਭਾ ਦੀ ਕਾਇਮੀ ਤੋਂ ਬਾਅਦ ਭਗਤ ਸਿੰਘ ਦੀ ਕਿਰਤੀ ਕਿਸਾਨ ਪਾਰਟੀ ਤੇ ਇਸ ਦੇ ਆਗੂਆਂ, ਖ਼ਾਸ ਕਰ ਸੋਹਣ ਸਿੰਘ ਜੋਸ਼ ਨਾਲ ਨੇੜਤਾ ਹੋ ਚੁੱਕੀ ਸੀ। ਭਗਤ ਸਿੰਘ ਨੇ ਇਸ ਪਾਰਟੀ ਦੇ ਰਸਾਲੇ ‘ਕਿਰਤੀ’ ਵਿਚ ਆਪਣੇ ਫ਼ਰਜ਼ੀ ਨਾਂ ‘ਵਿਦਰੋਹੀ’ ਨਾਲ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਉਤੇ ਲੇਖ ਲਿਖਣੇ ਸ਼ੁਰੂ ਕਰ ਦਿੱਤੇ ਸਨ। ਇਸੇ ਸਮੇਂ ਉਸ ਦੇ ਸਬੰਧ ਯੂਪੀ ਦੇ ਕ੍ਰਾਂਤੀਕਾਰੀਆਂ ਨਾਲ ਵੀ ਬਣੇ ਹੋਏ ਸਨ।
1923 ਵਿਚ ਘਰਦਿਆਂ ਵਲੋਂ ਵਿਆਹ ਕਰਾਉਣ ਲਈ ਦਬਾਅ ਕਰ ਕੇ ਭਗਤ ਸਿੰਘ ਨੂੰ ਘਰ ਛੱਡ ਕੇ ਜਾਣਾ ਪਿਆ। ਉਹ ਆਪਣੇ ਅਧਿਆਪਕ ਪ੍ਰੋਫੈਸਰ ਜੈ ਚੰਦ ਵਿਦਿਆਲੰਕਾਰ ਦੀ ਜਾਣ-ਪਛਾਣ ਵਾਲੇ ਕ੍ਰਾਂਤੀਕਾਰੀ ਗਣੇਸ਼ ਸ਼ੰਕਰ ਵਿਦਿਆਰਥੀ ਕੋਲ ਕਾਨਪੁਰ ਪੁੱਜ ਗਿਆ ਅਤੇ ਉਨ੍ਹਾਂ ਉਸ ਨੂੰ ਆਪਣੀ ਪ੍ਰਿੰਟਿੰਗ ਪ੍ਰੈਸ ਵਿਚ ਨੌਕਰੀ ਦੇ ਦਿੱਤੀ। ਵਿਦਿਆਰਥੀ ਜੀ ਉਸ ਵੇਲੇ ਆਪਣੀ ਪ੍ਰੈਸ ਰਾਹੀਂ ‘ਪ੍ਰਤਾਪ’ ਅਖ਼ਬਾਰ ਕੱਢਦੇ ਸਨ। ਉਨ੍ਹਾਂ ਭਗਤ ਸਿੰਘ ਨੂੰ ਵੀ ਅਖ਼ਬਾਰ ਦੇ ਸੰਪਾਦਕੀ ਮੰਡਲ ਵਿਚ ਸ਼ਾਮਲ ਕਰ ਕੇ ਕੁਝ ਜਿ਼ੰਮੇਵਾਰੀਆਂ ਸੌਂਪ ਦਿੱਤੀਆਂ। ਇਥੇ ਹੀ ਉਸ ਦੀ ਮੁਲਾਕਾਤ ਯੋਗੇਸ਼ ਚੰਦਰ ਚੈਟਰਜੀ, ਬਟੁਕੇਸ਼ਵਰ ਦੱਤ, ਚੰਦਰ ਸ਼ੇਖ਼ਰ ਆਜ਼ਾਦ, ਵਿਜੈ ਕੁਮਾਰ ਸਨਿਹਾ, ਅਜੈ ਕੁਮਾਰ ਘੋਸ਼ ਆਦਿ ਨਾਲ ਹੋਈ।
ਕਾਨਪੁਰ ਰਹਿੰਦਿਆਂ ਭਗਤ ਸਿੰਘ ਨੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਰਾਜਸੀ ਮਸਲਿਆਂ ਬਾਰੇ ‘ਪ੍ਰਤਾਪ’ ’ਚ ਫਰਜ਼ੀ ਨਾਂ ‘ਬਲਵੰਤ’ ਹੇਠਾਂ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਸਰਗਰਮੀਆਂ ਵਧਣ ਪਿੱਛੋਂ ਖੁਫੀਆ ਤੰਤਰ ਇਨ੍ਹਾਂ ਨੌਜਵਾਨਾਂ ਦੀ ਸੂਹ ਰੱਖਣ ਲੱਗ ਪਿਆ। ਭਗਤ ਸਿੰਘ ਸਰਕਾਰ ਦੇ ਕਾਨੂੰਨਾਂ ਅਤੇ ਖ਼ੁਫ਼ੀਆ ਤੰਤਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਗ੍ਰਹਿ ਵਿਭਾਗ ਦੀਆਂ ਗੁਪਤ ਰਿਪੋਰਟਾਂ ਅਤੇ ਡਾਕ ਮਹਿਕਮੇ ਦੇ ਵਿਹਾਰ ਤੋਂ ਇਹ ਸਾਫ ਸਪਸ਼ਟ ਹੋ ਰਿਹਾ ਸੀ। ਡਾਕ ਸੈਂਸਰ ਕੀਤੇ ਜਾਣ ਦੇ ਮਾਮਲੇ ’ਤੇ ਉਸ ਨੇ ਡਾਕ ਮਹਿਕਮੇ ਨਾਲ ਪੂਰਾ ਆਢਾ ਲਾਇਆ ਸੀ। ਚਿੱਠੀ-ਪੱਤਰੀ ਤੋਂ ਅਸੀਂ 19 ਵਰ੍ਹਿਆਂ ਦੇ ਨੌਜਵਾਨ ਦੀ ਸ਼ਖ਼ਸੀਅਤ ਵਿਚ ਭਵਿੱਖ ਬਾਰੇ ਆਸਵੰਦ ਹੋਣ, ਹਰ ਕੰਮ ਲਗਨ ਨਾਲ ਕਰਨ, ਆਪਣੇ ਅਸੂਲਾਂ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ, ਆਪਣੇ ਹੱਕਾਂ ਲਈ ਜੂਝਣ ਅਤੇ ਮੁਸ਼ਕਿਲਾਂ ਦੀ ਪ੍ਰਵਾਹ ਨਾ ਕਰਨ ਜਿਹੇ ਗੁਣ ਰਲੇ ਤੱਕਦੇ ਹਾਂ। ਇਸ ਤੋਂ ਇਹ ਜਾਣਨ ਦਾ ਮੌਕਾ ਮਿਲਦਾ ਹੈ ਕਿ ਨਿੱਜੀ ਆਜ਼ਾਦੀਆਂ ਦੀ ਸੁਰੱਖਿਆ ਬਾਰੇ ਭਗਤ ਸਿੰਘ ਕਿੰਨਾ ਚੇਤੰਨ ਸੀ।
ਸੰਪਰਕ: 94170-72314