For the best experience, open
https://m.punjabitribuneonline.com
on your mobile browser.
Advertisement

ਕਾਂਗਰਸੀ ਉਮੀਦਵਾਰ ਦੇ ਚੋਣ ਦਫ਼ਤਰ ਤੋਂ ਸਿਆਸਤ ਭਖੀ

08:12 AM May 04, 2024 IST
ਕਾਂਗਰਸੀ ਉਮੀਦਵਾਰ ਦੇ ਚੋਣ ਦਫ਼ਤਰ ਤੋਂ ਸਿਆਸਤ ਭਖੀ
ਵਿਧਾਇਕ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਅਤੇ ਹੋਰ ਕਾਂਗਰਸੀ।
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 3 ਮਈ
ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦਾ ਖੰਨਾ ਵਿੱਚ ਚੋਣ ਦਫ਼ਤਰ ਖੁੱਲ੍ਹਣ ਤੋਂ ਪਹਿਲਾਂ ਸ਼ਹਿਰ ਦੀ ਸਿਆਸਤ ਗਰਮਾ ਗਈ ਹੈ। ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਨੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ’ਤੇ ਦੋਸ਼ ਲਾਏ ਕਿ ਸ੍ਰੀ ਸੌਂਦ ਨੇ ਦਫ਼ਤਰ ਖੁੱਲ੍ਹਣ ਤੋਂ ਇਕ ਦਿਨ ਪਹਿਲਾਂ ਇਮਾਰਤ ਮਾਲਕ ਨੂੰ ਬੁਲਾ ਕੇ ਕਾਂਗਰਸ ਪਾਰਟੀ ਨੂੰ ਇਮਾਰਤ ਕਿਰਾਏ ’ਤੇ ਦੇਣ ਤੋਂ ਮੁਕਰਾ ਦਿੱਤਾ ਹੈ। ਇਸ ਕਾਰਨ ਮਾਲਕ ਨੇ ਅੱਜ ਕਾਂਗਰਸ ਨੂੰ ਇਮਾਰਤ ਦੇਣ ਤੋਂ ਨਾਂਹ ਕਰ ਦਿੱਤੀ। ਇਸ ਦੇ ਰੋਸ ਵਜੋਂ ਕਾਂਗਰਸੀ ਵਰਕਰਾਂ ਨੇ ਨਵੇਂ ਦਫ਼ਤਰ ਅੱਗੇ ਵਿਧਾਇਕ ਖ਼ਿਲਾਫ਼ ਭੜਾਸ ਕੱਢੀ।
ਬਲਾਕ ਪ੍ਰਧਾਨ ਸ਼ਹਿਰੀ ਐਡਵੋਕੇਟ ਰਾਜੀਵ ਰਾਏ ਮਹਿਤਾ ਨੇ ਕਿਹਾ ਕਿ ਜਿਸ ਇਮਾਰਤ ਵਿੱਚ ਕਾਂਗਰਸ ਨੇ ਆਪਣਾ ਦਫ਼ਤਰ ਖੋਲ੍ਹਣਾ ਸੀ, ਉਸ ਦੇ ਮਾਲਕ ਨੇ ਅੱਜ ਅਚਾਨਕ ਨਾਂਹ ਕਰ ਦਿੱਤੀ। ਸ੍ਰੀ ਕੋਟਲੀ ਨੇ ‘ਆਪ’ ਵਿਧਾਇਕ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਜਿਹੀ ਸਿਆਸਤ ਸ਼ਹਿਰ ਵਿੱਚ ਕਦੇ ਕਿਸੇ ਸਿਆਸੀ ਪਾਰਟੀ ਨੇ ਨਹੀਂ ਕੀਤੀ। ‘ਆਪ’ ਨੇ ਭਾਈਚਾਰਕ ਸਾਂਝ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਵਿਧਾਇਕ ਸੌਂਦ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀਆਂ ਇਹ ਆਦਤਾਂ ਛੱਡ ਦੇਣ ਕਿਉਂਕਿ ਰਾਜਨੀਤੀ ਵਿਚ ਮੱਤਭੇਦ ਹੋ ਸਕਦੇ ਹਨ ਪਰ ਇਸ ਨੂੰ ਨਿੱਜੀ ਲੜਾਈ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰ ਆਉਣ ’ਤੇ ਸਾਜਿਸ਼ਾਂ ਰਚਣ ਵਾਲਿਆਂ ਨੂੰ ਦੇਖਿਆ ਜਾਵੇਗਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਵਿਕਾਸ ਮਹਿਤਾ, ਅਮਿਤ ਤਿਵਾੜੀ, ਅਨਿਲ ਸ਼ੁਕਲਾ, ਬਲਬੀਰ ਭਾਟੀਆ, ਰਾਸ਼ਿਦ ਖਾਨ, ਨਰਿੰਦਰ ਵਰਮਾ, ਵੇਦ ਪ੍ਰਕਾਸ਼, ਕਰਮਜੀਤ ਸਿਫ਼ਤੀ, ਰਾਜੇਸ਼ ਮੇਸ਼ੀ, ਅਸ਼ੋਕ ਕੁਮਾਰ, ਸੰਜੇ ਸਹਿਗਲ, ਰਤਨ ਆਨੰਦ, ਕ੍ਰਿਸ਼ਨ ਸਿੰਘ, ਨਿਤਿਨ ਕੌਸ਼ਲ, ਸਵਪਨ ਅਗਰਵਾਲ, ਪ੍ਰਵੀਨ ਪਿੰਨਾ ਆਦਿ ਹਾਜ਼ਰ ਸਨ।

Advertisement

ਕਾਂਗਰਸ ਦੇ ਦੋਸ਼ ਬੇਬੁਨਿਆਦ: ਸੌਂਦ

ਵਿਧਾਇਕ ਤਰੁਣਪ੍ਰੀਤ ਸੌਂਦ ਨੇ ਕਿਹਾ ਕਿ ਲੋਕ ਸਭਾ ਸ੍ਰੀ ਫਤਹਿਗੜ੍ਹ ਸਾਹਿਬ ਸੀਟ ’ਤੇ ਕਾਂਗਰਸ ਬੁਰੀ ਤਰ੍ਹਾਂ ਹਾਰ ਰਹੀ ਹੈ। ਸ੍ਰੀ ਕੋਟਲੀ ਬੌਖ਼ਲਾਹਟ ਵਿਚ ਆ ਕੇ ਦੂਸ਼ਣਬਾਜ਼ੀ ਕਰ ਰਹੇ ਹਨ। ਉਨ੍ਹਾਂ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਜੋ ਬੀਜਿਆ ਹੈ, ਅੱਜ ਉਹੀ ਵੱਢ ਰਹੇ ਹਨ। ਕਾਂਗਰਸ ਕੋਲ ਹੁਣ ਕੋਈ ਮੁੱਦਾ ਨਹੀਂ ਜਿਸ ਕਾਰਨ ਲੋਕਾਂ ਦਾ ਧਿਆਨ ਭਟਕਾਉਣ ਲਈ ਬੇਬੁਨਿਆਦ ਦੋਸ਼ ਲਾ ਰਹੇ ਹਨ। ਵਿਧਾਇਕ ਨੇ ਕਿਹਾ ਕਿ ਚੋਣ ਰੁਝੇਵਿਆਂ ਕਾਰਨ ਉਨ੍ਹਾਂ ਨੂੰ ਕੁਝ ਨਹੀਂ ਪਤਾ ਕਿ ਕਾਂਗਰਸ ਕਦੋਂ ਤੇ ਕਿੱਥੇ ਦਫ਼ਤਰ ਖੋਲ੍ਹ ਰਹੀ ਹੈ।

Advertisement
Author Image

sukhwinder singh

View all posts

Advertisement
Advertisement
×