For the best experience, open
https://m.punjabitribuneonline.com
on your mobile browser.
Advertisement

ਖੇਡਾਂ ਦਾ ਸਿਆਸੀਕਰਨ

07:28 AM Aug 05, 2024 IST
ਖੇਡਾਂ ਦਾ ਸਿਆਸੀਕਰਨ
Advertisement

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਉਲੰਪਿਕਸ ਦੇਖਣ ਲਈ ਸਿਆਸੀ ਕਲੀਅਰੈਂਸ ਦੇਣ ਤੋਂ ਕੀਤੇ ਇਨਕਾਰ ਨੇ ਕੇਂਦਰ ਸਰਕਾਰ ਦੀਆਂ ਤਰਜੀਹਾਂ ਅਤੇ ਮੰਤਵਾਂ ਉੱਤੇ ਅਹਿਮ ਸਵਾਲ ਖੜ੍ਹੇ ਕਰ ਦਿੱਤੇ ਹਨ। ਭਗਵੰਤ ਮਾਨ ਭਾਰਤੀ ਹਾਕੀ ਟੀਮ ਦੀ ਹੌਸਲਾ ਅਫ਼ਜ਼ਾਈ ਲਈ ਫਰਾਂਸ ਜਾਣਾ ਚਾਹੁੰਦੇ ਸਨ ਜਿਸ ਵਿੱਚ ਪੰਜਾਬ ਨਾਲ ਸਬੰਧਿਤ 10 ਖਿਡਾਰੀ ਖੇਡ ਰਹੇ ਹਨ। ਮੁੱਖ ਮੰਤਰੀ ਨੇ ਆਪਣਾ ਖ਼ਰਚ ਆਪ ਝੱਲਣ ਦੀ ਗੱਲ ਵੀ ਕੀਤੀ ਸੀ ਪਰ ਇਸ ਦੇ ਬਾਵਜੂਦ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਦੀਆਂ ਤਿਆਰੀਆਂ ’ਤੇ ਲੀਕ ਫੇਰ ਦਿੱਤੀ। ਮਾਨ ਨੂੰ ‘ਡਿਪਲੋਮੈਟਿਕ’ ਪਾਸਪੋਰਟ ਜੋ ਆਮ ਤੌਰ ’ਤੇ ਕੌਮਾਂਤਰੀ ਯਾਤਰਾ ਸੁਖਾਲੀ ਬਣਾਉਂਦਾ ਹੈ, ’ਤੇ ਹੋਈ ਨਾਂਹ ਚਿੰਤਾਜਨਕ ਹੈ। ਉਨ੍ਹਾਂ ਨੂੰ ਪੈਰਿਸ ਜਾਣ ਦੀ ਆਗਿਆ ਨਾ ਦੇਣਾ ਸੰਭਾਵੀ ਤੌਰ ’ਤੇ ਖੇਡਾਂ ਦੇ ਸਿਆਸੀਕਰਨ ਵੱਲ ਸੰਕੇਤ ਕਰਦਾ ਹੈ ਜਿੱਥੇ ਖਿਡਾਰੀਆਂ ਨੂੰ ਮਿਲਣ ਵਾਲੀ ਹੱਲਾਸ਼ੇਰੀ ਨੂੰ ਸਿਆਸੀ ਵਖ਼ਰੇਵਿਆਂ ਕਾਰਨ ਦਾਅ ਉੱਤੇ ਲਾਇਆ ਜਾ ਰਿਹਾ ਹੈ।
ਕੇਂਦਰ ਸਰਕਾਰ ਦਾ ਫ਼ੈਸਲਾ ਖਿਡਾਰੀਆਂ ਦੇ ਹੌਸਲੇ ਨੂੰ ਸੱਟ ਮਾਰਦਾ ਹੈ ਅਤੇ ਇਸ ਦੇ ਨਾਲ ਹੀ ਦਰਸਾਉਂਦਾ ਹੈ ਕਿ ਰਾਜਨੀਤਕ ਮਾਨਤਾਵਾਂ ਤੇ ਗਿਣਤੀਆਂ-ਮਿਣਤੀਆਂ ਰਾਸ਼ਟਰੀ ਗੌਰਵ ’ਤੇ ਹਾਵੀ ਹੋ ਸਕਦੀਆਂ ਹਨ। ਫਿਰ ਵੀ ਇਹ ਇਸ ਤਰ੍ਹਾਂ ਦਾ ਕੋਈ ਪਹਿਲਾਂ ਫ਼ੈਸਲਾ ਨਹੀਂ ਹੈ ਅਤੇ ਨਾ ਹੀ ਆਖਿ਼ਰੀ ਹੈ। ਵਿਰੋਧੀ ਧਿਰਾਂ ਦੇ ਆਗੂਆਂ ਨੂੰ ਇਸ ਤਰ੍ਹਾਂ ਦੀ ਨਾਂਹ ਪਹਿਲਾਂ ਵੀ ਹੁੰਦੀ ਰਹੀ ਹੈ ਜੋ ਲੋਕਤੰਤਰੀ ਅਤੇ ਸਹਿਯੋਗ ਵਾਲੇ ਪ੍ਰਸੰਗ ਵਿੱਚ ਕੋਈ ਚੰਗੀ ਪਿਰਤ ਨਹੀਂ ਹੈ ਸਗੋਂ ਹੋਣਾ ਤਾਂ ਇਹ ਚਾਹੀਦਾ ਹੈ ਕਿ ਅਜਿਹੀਆਂ ਭਾਵਨਾਵਾਂ ਸ਼ਾਸਨ ’ਚ ਸਾਡੀਆਂ ਪ੍ਰੇਰਨਾ ਸਰੋਤ ਹੋਣ। ਇੱਕ ਰਾਜ ਨੇਤਾ ਦੀ ਮੌਜੂਦਗੀ ਖ਼ਾਸ ਤੌਰ ’ਤੇ ਪੰਜਾਬ ਤੋਂ ਜਿਸ ਦੀ ਭਾਰਤੀ ਵਫ਼ਦ ’ਚ ਵੱਡੀ ਸ਼ਮੂਲੀਅਤ ਹੈ, ਮਹਿਜ਼ ਸੰਕੇਤਕ ਨਹੀਂ ਹੈ। ਇਹ ਅਥਲੀਟਾਂ ਦੀ ਸਖ਼ਤ ਮਿਹਨਤ ਲਈ ਸਮਰਥਨ ਅਤੇ ਮਾਨਤਾ ਦਾ ਪ੍ਰਤੀਕ ਹੈ। ਸਿਆਸੀ ਕਾਰਨਾਂ ਕਰ ਕੇ ਇਸ ਤਰ੍ਹਾਂ ਦੇ ਮੌਕੇ ਤੋਂ ਇਨਕਾਰ ਕਰਨਾ ਖਿਡਾਰੀਆਂ ਦੇ ਹਿੱਤ ਵਿੱਚ ਨਹੀਂ ਹੈ ਜੋ ਭਾਰਤ ਦੀ ਕੌਮਾਂਤਰੀ ਮੰਚ ਉੱਤੇ ਪ੍ਰਤੀਨਿਧਤਾ ਕਰ ਰਹੇ ਹਨ।
ਉੱਚ ਅਹੁਦਿਆਂ ’ਤੇ ਬੈਠੀਆਂ ਸ਼ਖ਼ਸੀਅਤਾਂ ਦੀ ਸੁਰੱਖਿਆ ਸਬੰਧੀ ਜਤਾਏ ਜਾਂਦੇ ਫਿ਼ਕਰ ਭਾਵੇਂ ਵਾਜਿਬ ਹਨ ਪਰ ਇਸ ਸਥਿਤੀ ਦਾ ਪ੍ਰਸੰਗ ਡੂੰਘੀ ਪੜਤਾਲ ਦੀ ਮੰਗ ਕਰਦਾ ਹੈ। ਭਗਵੰਤ ਮਾਨ ਕੋਲ ਜ਼ੈੱਡ ਪਲੱਸ ਸੁਰੱਖਿਆ ਛੱਤਰੀ ਹੈ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਉੱਚ ਪੱਧਰੀ ਸੁਰੱਖਿਆ ਲੋੜੀਂਦੀ ਹੈ ਪਰ ਮੁੱਖ ਮੰਤਰੀ ਦਾ ‘ਡਿਪਲੋਮੈਟਿਕ’ ਪਾਸਪੋਰਟ ਉਨ੍ਹਾਂ ਨੂੰ ਸੁਖਾਲੀ ਪਹੁੰਚ ਅਤੇ ਕੌਮਾਂਤਰੀ ਸਫ਼ਰ ਲਈ ਲੋੜੀਂਦਾ ਸੁਰੱਖਿਆ ਬੰਦੋਬਸਤ ਮੁਹੱਈਆ ਕਰਾਉਂਦਾ ਹੈ। ਫਰਾਂਸੀਸੀ ਅਥਾਰਿਟੀ ਓਲੰਪਿਕਸ ਦੌਰਾਨ ਭਗਵੰਤ ਮਾਨ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਸਮਰੱਥ ਹੈ। ਫ਼ੈਸਲਾ ਕਰਨ ਦੀ ਪ੍ਰਕਿਰਿਆ ਦੀ ਪਾਰਦਰਸ਼ੀ ਸਮੀਖਿਆ ਜਿਸ ਵਿੱਚ ਸੁਰੱਖਿਆ ਖ਼ਤਰਿਆਂ ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਚੁੱਕੇ ਗਏ ਕਦਮਾਂ ਦਾ ਜਿ਼ਕਰ ਹੋਵੇ, ਤੋਂ ਹੀ ਪਤਾ ਲੱਗ ਸਕਦਾ ਹੈ ਕਿ ਕਿਤੇ ਸੁਰੱਖਿਆ ਖ਼ਦਸ਼ਿਆਂ ਨੂੰ ਸਿਆਸੀ ਪੈਂਤੜੇਬਾਜ਼ੀ ਲਈ ਬਹਾਨਾ ਤਾਂ ਨਹੀਂ ਬਣਾਇਆ ਗਿਆ। ਆਲਮੀ ਅਖਾੜਿਆਂ ’ਚ ਉਚਾਈਆਂ ਛੂਹਣ ਲਈ ਕੀਤੇ ਜਾ ਰਹੇ ਯਤਨਾਂ ਦੀ ਖ਼ਾਤਿਰ ਸਾਡੇ ਨੇਤਾਵਾਂ ਨੂੰ ਰਾਜਨੀਤਕ ਪਿਛੋਕੜਾਂ ਤੋਂ ਉੱਪਰ ਉੱਠ ਕੇ ਆਪਣੇ ਖਿਡਾਰੀਆਂ ਦੇ ਸਮਰਥਨ ਵਿੱਚ ਇਕਜੁੱਟ ਨਜ਼ਰ ਆਉਣਾ ਚਾਹੀਦਾ ਹੈ।

Advertisement

Advertisement
Advertisement
Author Image

Advertisement