For the best experience, open
https://m.punjabitribuneonline.com
on your mobile browser.
Advertisement

ਸਿਆਸਤਦਾਨਾਂ ਨੂੰ ਕੁਰਸੀ ਦਾ ਮੋਹ: ਨੇਤਾ ਇੱਕ ਤੇ ਸੀਟਾਂ ਦੋ..!

09:06 AM Apr 19, 2024 IST
ਸਿਆਸਤਦਾਨਾਂ ਨੂੰ ਕੁਰਸੀ ਦਾ ਮੋਹ  ਨੇਤਾ ਇੱਕ ਤੇ ਸੀਟਾਂ ਦੋ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 18 ਅਪਰੈਲ
ਲੋਕ ਸਭਾ ਚੋਣ ਹੋਣ, ਚਾਹੇ ਵਿਧਾਨ ਸਭਾ ਇਨ੍ਹਾਂ ’ਚ ਅਜਿਹੇ ਵੱਡੇ ਉਮੀਦਵਾਰ ਵੀ ਉੱਤਰੇ ਜਿਨ੍ਹਾਂ ਨੇ ਇੱਕੋ ਵੇਲੇ ਦੋ-ਦੋ ਸੀਟਾਂ ਤੋਂ ਚੋਣ ਲੜੀ। ਚੋਣ ਹਾਰਨ ਦੇ ਡਰੋਂ ਇਨ੍ਹਾਂ ਵੱਡਿਆਂ ਨੇ ਕੋਈ ਖ਼ਤਰਾ ਮੁੱਲ ਨਹੀਂ ਲਿਆ। ਇਸ ਕਤਾਰ ਵਾਲੇ ਨੇਤਾ ਪ੍ਰਧਾਨ ਮੰਤਰੀ ਵੀ ਬਣੇ ਅਤੇ ਮੁੱਖ ਮੰਤਰੀ ਵੀ। ਦੋ-ਦੋ ਸੀਟਾਂ ਤੋਂ ਚੋਣ ਜਿੱਤਣ ਦੀ ਸੂਰਤ ਵਿੱਚ ਇੱਕ ਸੀਟ ਖ਼ਾਲੀ ਕਰਨੀ ਪੈਂਦੀ ਹੈ ਜਿੱਥੇ ਮੁੜ ਚੋਣ ਕਰਾਉਣੀ ਪੈਂਦੀ ਹੈ। ਸਰਕਾਰੀ ਖ਼ਜ਼ਾਨੇ ’ਤੇ ਇਹ ਸਿਆਸੀ ਸੌਦਾ ਭਾਰੀ ਪੈਂਦਾ ਹੈ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੋ-ਦੋ ਸੀਟਾਂ ’ਤੇ ਲੜਨ ਦਾ ਪੁਰਾਣਾ ਰੁਝਾਨ ਹੈ।
ਵੇਰਵਿਆਂ ਅਨੁਸਾਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਦੋਂ 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਉੱਤਰੇ ਤਾਂ ਉਨ੍ਹਾਂ ਨੇ ਲੰਬੀ ਹਲਕੇ ਤੋਂ ਇਲਾਵਾ ਕਿਲ੍ਹਾ ਰਾਏਪੁਰ ਤੋਂ ਵੀ ਕਾਗ਼ਜ਼ ਭਰੇ ਸਨ। ਉਹ ਦੋਵੇਂ ਸੀਟਾਂ ਜਿੱਤ ਗਏ। ਮਗਰੋਂ ਬਾਦਲ ਨੇ ਕਿਲ੍ਹਾ ਰਾਏਪੁਰ ਦੀ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਜਿੱਥੇ ਜ਼ਿਮਨੀ ਚੋਣ ਵਿੱਚ ਜਗਦੀਸ਼ ਸਿੰਘ ਗਰਚਾ (ਅਕਾਲੀ ਦਲ) ਚੋਣ ਜਿੱਤੇ ਸਨ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਅਤੇ ਲੰਬੀ ਹਲਕੇ ਤੋਂ ਚੋਣ ਲੜੀ ਸੀ। ਪਟਿਆਲਾ ਤੋਂ ਅਮਰਿੰਦਰ ਸਿੰਘ ਨੇ ‘ਆਪ’ ਦੇ ਡਾ. ਬਲਵੀਰ ਸਿੰਘ ਨੂੰ ਹਰਾ ਦਿੱਤਾ ਸੀ ਜਦੋਂਕਿ ਲੰਬੀ ਵਿੱਚ ਉਹ ਬਾਦਲ ਤੋਂ ਹਾਰ ਗਏ ਸਨ।
ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 2022 ਵਿਧਾਨ ਸਭਾ ਚੋਣਾਂ ਭਦੌੜ ਹਲਕੇ ਅਤੇ ਚਮਕੌਰ ਸਾਹਿਬ ਤੋਂ ਲੜੀਆਂ ਸਨ। ਭਦੌੜ ਤੋਂ ਉਹ ‘ਆਪ’ ਦੇ ਲਾਭ ਸਿੰਘ ਉਗੋਕੇ ਤੋਂ ਅਤੇ ਚਮਕੌਰ ਸਾਹਿਬ ਤੋਂ ‘ਆਪ’ ਦੇ ਡਾ. ਚਰਨਜੀਤ ਸਿੰਘ ਤੋਂ ਚੋਣ ਹਾਰ ਗਏ ਸਨ। ਇਸੇ ਤਰ੍ਹਾਂ ਹੀ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ 2012 ਵਿੱਚ ਹਲਕਾ ਮੌੜ ਅਤੇ ਗਿੱਦੜਬਾਹਾ ਤੋਂ ਚੋਣ ਲੜੀ ਅਤੇ ਦੋਵੇਂ ਥਾਵਾਂ ਤੋਂ ਹਾਰ ਗਏ ਸਨ। ਮੌਜੂਦਾ ਸਮੇਂ ਉੜੀਸਾ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਨਵੀਨ ਪਟਨਾਇਕ ਦੋ ਸੀਟਾਂ ਤੋਂ ਲੜ ਰਹੇ ਹਨ। ਸਭ ਤੋਂ ਪਹਿਲੀ ਸ਼ੁਰੂਆਤ 1957 ਵਿਚ ਜਨ ਸੰਘ ਦੇ 30 ਸਾਲ ਦੇ ਨੌਜਵਾਨ ਅਟਲ ਬਿਹਾਰੀ ਵਾਜਪਾਈ ਨੇ ਕੀਤੀ ਸੀ। ਉਹ ਇੱਕੋ ਸਮੇਂ ਤਿੰਨ ਹਲਕਿਆਂ ਤੋਂ ਲੋਕ ਸਭਾ ਦੀ ਚੋਣ ਲੜੇ ਸਨ। ਉਹ ਬਲਰਾਮਪੁਰ ਤੋਂ ਚੋਣ ਜਿੱਤ ਗਏ ਸਨ ਜਦੋਂਕਿ ਲਖਨਊ ਤੋਂ ਹਾਰੇ ਅਤੇ ਤੀਜੇ ਹਲਕੇ ਮਥੁਰਾ ਤੋਂ ਜ਼ਮਾਨਤ ਜ਼ਬਤ ਕਰਾ ਬੈਠੇ ਸਨ।
1977 ਵਿੱਚ ਜਦੋਂ ਇੰਦਰਾ ਗਾਂਧੀ ਚੋਣ ਹਾਰ ਗਈ ਸੀ ਤਾਂ ਉਸ ਨੇ 1980 ਦੀਆਂ ਚੋਣਾਂ ਵਿੱਚ ਕੋਈ ਖ਼ਤਰਾ ਮੁੱਲ ਨਹੀਂ ਲਿਆ ਅਤੇ ਉਸ ਨੇ ਮੇਡਕ ਅਤੇ ਰਾਏ ਬਰੇਲੀ ਹਲਕੇ ਤੋਂ ਚੋਣ ਲੜੀ। ਉਦੋਂ ਇੰਦਰਾ ਗਾਂਧੀ ਦੋਵੇਂ ਸੀਟਾਂ ਜਿੱਤ ਗਈ ਸੀ। ਇਸੇ ਤਰ੍ਹਾਂ 1999 ਵਿਚ ਸੋਨੀਆ ਗਾਂਧੀ ਨੇ ਦੋ ਹਲਕਿਆਂ ਬੇਲਾਰੀ ਅਤੇ ਅਮੇਠੀ ਤੋਂ ਚੋਣ ਲੜੀ ਸੀ। ਕਰਨਾਟਕਾ ਦੇ ਬੇਲਾਰੀ ਵਿੱਚ ਸੋਨੀਆ ਗਾਂਧੀ ਨੇ ਸੁਸ਼ਮਾ ਸਵਰਾਜ ਨੂੰ ਹਰਾਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਵਡੋਦਰਾ ਅਤੇ ਵਾਰਾਨਸੀ ਤੋਂ ਚੋਣ ਲੜੀ ਅਤੇ ਦੋਵੇਂ ਸੀਟਾਂ ਜਿੱਤਣ ਮਗਰੋਂ ਵਡੋਦਰਾ ਸੀਟ ਤੋਂ ਅਸਤੀਫ਼ਾ ਦੇ ਦਿੱਤਾ।
ਇਸੇ ਤਰ੍ਹਾਂ 2018 ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਨੇ ਅਮੇਠੀ ਅਤੇ ਕੇਰਲਾ ਦੇ ਵਾਇਨਾਡ ਹਲਕੇ ਤੋਂ ਚੋਣ ਲੜੀ। ਉਹ ਅਮੇਠੀ ਵਿਚ ਸਿਮ੍ਰਿਤੀ ਇਰਾਨੀ ਤੋਂ ਚੋਣ ਹਾਰ ਗਏ ਸਨ। ਭਾਜਪਾ ਉਮੀਦਵਾਰ ਐੱਲਕੇ ਅਡਵਾਨੀ ਨੇ 1991 ਵਿਚ ਦਿੱਲੀ ਅਤੇ ਗਾਂਧੀ ਨਗਰ ਤੋਂ ਚੋਣ ਲੜੀ ਸੀ। ਅਟੱਲ ਬਿਹਾਰੀ ਵਾਜਪਾਈ ਨੇ 1996 ਵਿਚ ਵੀ ਵਿਦਿਸਾ ਅਤੇ ਲਖਨਊ ਹਲਕੇ ਤੋਂ ਚੋਣ ਲੜੀ ਸੀ ਅਤੇ ਦੋਵੇਂ ਸੀਟਾਂ ਜਿੱਤੀਆਂ ਸਨ।

Advertisement

ਚੌਧਰੀ ਦੇਵੀ ਲਾਲ ਨੇ ਤੋੜੇ ਰਿਕਾਰਡ

ਚੌਧਰੀ ਦੇਵੀ ਲਾਲ ਨੇ ਤਾਂ ਸਾਰੇ ਰਿਕਾਰਡ ਹੀ ਤੋੜ ਦਿੱਤੇ ਸਨ। ਉਹ ਇੱਕੋ ਵੇਲੇ ਲੋਕ ਸਭਾ ਦੇ ਤਿੰਨ ਹਲਕਿਆਂ ਅਤੇ ਵਿਧਾਨ ਸਭਾ ਦੇ ਇੱਕ ਹਲਕੇ ਤੋਂ ਚੋਣ ਲੜੇ। ਉਹ ਘਿਰਾਈ ਹਲਕੇ ਤੋਂ ਵਿਧਾਨ ਸਭਾ ਚੋਣ ਲੜੇ ਸਨ। ਚੌਧਰੀ ਦੇਵੀ ਲਾਲ ਨੇ 1991 ਵਿਚ ਪੰਜਾਬ ਦੇ ਹਲਕਾ ਫ਼ਿਰੋਜ਼ਪੁਰ, ਰਾਜਸਥਾਨ ਦੇ ਹਲਕਾ ਸੀਕਰ ਅਤੇ ਹਰਿਆਣਾ ਦੇ ਹਲਕਾ ਰੋਹਤਕ ਤੋਂ ਚੋਣ ਲੜੀ। ਉਹ ਫ਼ਿਰੋਜ਼ਪੁਰ ਤੋਂ ਚੋਣ ਹਾਰ ਗਏ ਸਨ ਜਦੋਂ ਕਿ ਸੀਕਰ ਅਤੇ ਰੋਹਤਕ ਤੋਂ ਜਿੱਤ ਗਏ ਸਨ।

ਦੋ ਤੋਂ ਵੱਧ ਸੀਟਾਂ ਤੋਂ ਚੋਣ ਲੜਨ ਦੀ ਮਨਾਹੀ

ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 33 (7) ਤਹਿਤ ਇੱਕ ਉਮੀਦਵਾਰ ਜ਼ਿਆਦਾ ਸੀਟਾਂ ’ਤੇ ਚੋਣ ਲੜ ਸਕਦਾ ਹੈ ਜਿਸ ਤਹਿਤ 1957 ਵਿਚ ਅਟਲ ਬਿਹਾਰੀ ਵਾਜਪਾਈ ਅਤੇ ਚੌਧਰੀ ਦੇਵੀ ਲਾਲ ਅਤੇ ਹੋਰਨਾਂ ਨੇ ਦੋ-ਦੋ ਜਾਂ ਤਿੰਨ-ਤਿੰਨ ਹਲਕਿਆਂ ਤੋਂ ਚੋਣ ਲੜੀ ਸੀ। ਲੋਕ ਪ੍ਰਤੀਨਿਧਤਾ ਐਕਟ 1951 ਵਿੱਚ 1996 ਵਿਚ ਸੋਧ ਹੋਈ ਜਿਸ ਤਹਿਤ ਹੁਣ ਇੱਕ ਉਮੀਦਵਾਰ ਵੱਧ ਤੋਂ ਵੱਧ ਦੋ ਹਲਕਿਆਂ ਤੋਂ ਹੀ ਚੋਣ ਲੜ ਸਕਦਾ ਹੈ।

Advertisement
Author Image

sukhwinder singh

View all posts

Advertisement
Advertisement
×