ਸਿਆਸੀ ਰੱਫੜ: ਬੀਬੀਐੱਮਬੀ ਤੇ ਪੰਜਾਬ ਵਿਚਾਲੇ ਪੇਚ ਫਸਿਆ
* ਨਵਾਂ ਸਕੱਤਰ ਚਾਰਜ ਲੈਣ ਪੁੱਜਿਆ
* 28 ਫਰਵਰੀ ਨੂੰ ਸੇਵਾਮੁਕਤ ਹੋ ਰਿਹਾ ਹੈ ਹਰਿਆਣਾ ਸਰਕਾਰ ਦਾ ਸਕੱਤਰ
ਚਰਨਜੀਤ ਭੁੱਲਰ
ਚੰਡੀਗੜ੍ਹ, 27 ਜਨਵਰੀ
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਪੰਜਾਬ ਸਰਕਾਰ ਦਰਮਿਆਨ ਬੀਬੀਐੱਮਬੀ ’ਚ ਸਕੱਤਰ ਦੀ ਨਿਯੁਕਤੀ ਨੂੰ ਲੈ ਕੇ ਪੇਚ ਫਸ ਗਿਆ ਹੈ। ਪੰਜਾਬ ਸਰਕਾਰ ਨੇ ਹਾਲੇ ਦੋ ਦਿਨ ਪਹਿਲਾਂ ਹੀ ਹਰਿਆਣਾ ਵੱਲੋਂ ਬੀਬੀਐੱਮਬੀ ’ਚ ਚੁੱਪ ਚੁਪੀਤੇ ਲਗਾਏ ਮੈਂਬਰ (ਸਿੰਜਾਈ) ਦੀ ਨਿਯੁਕਤੀ ਨੂੰ ਅਸਫਲ ਬਣਾਇਆ ਹੈ। ਹੁਣ ਬੀਬੀਐੱਮਬੀ ਨੇ ਪੰਜਾਬ ਸਰਕਾਰ ਵੱਲੋਂ ਬੀਬੀਐੱਮਬੀ ’ਚ ਲਗਾਏ ਨਵੇਂ ਸਕੱਤਰ ਦੀ ਨਿਯੁਕਤੀ ਨੂੰ ਨਿਯਮਾਂ ਦੇ ਹਵਾਲੇ ਨਾਲ ਖ਼ਾਰਜ ਕਰ ਦਿੱਤਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਇਸ ਸਕੱਤਰ ਨੂੰ ਲਗਾਏ ਜਾਣ ਲਈ ਬਜ਼ਿੱਦ ਹੈ। ਅੱਜ ਨਵੇਂ ਸਕੱਤਰ ਬੀਬੀਐੱਮਬੀ ਦਫ਼ਤਰ ਵਿਚ ਹਾਜ਼ਰ ਵੀ ਹੋਏ ਪਰ ਉਨ੍ਹਾਂ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ।
ਚੇਤੇ ਰਹੇ ਕਿ ਜਦੋਂ ਹਰਿਆਣਾ ਸਰਕਾਰ ਨੇ ਬੀਬੀਐੱਮਬੀ ’ਚ ਮੁੱਖ ਇੰਜਨੀਅਰ ਰਾਕੇਸ਼ ਚੌਹਾਨ ਨੂੰ 23 ਜਨਵਰੀ ਨੂੰ ਬਤੌਰ ਮੈਂਬਰ (ਸਿੰਜਾਈ) ਲਾ ਦਿੱਤਾ ਸੀ ਤਾਂ ਉਦੋਂ ਹੀ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਹਰਿਆਣਾ ਦੀ ਕੋਸ਼ਿਸ਼ ਨਾਕਾਮ ਕਰਨ ਲਈ ਮੁੱਖ ਇੰਜਨੀਅਰ ਹਰਿੰਦਰ ਪਾਲ ਸਿੰਘ ਬੇਦੀ ਨੂੰ ਬੀਬੀਐੱਮਬੀ ’ਚ ਬਤੌਰ ਸਕੱਤਰ ਲਗਾਏ ਜਾਣ ਦੇ ਲਿਖਤੀ ਹੁਕਮ ਜਾਰੀ ਕਰ ਦਿੱਤੇ ਸਨ। ਇਸ ਦੇ ਨਤੀਜੇ ਵਜੋਂ ਹਰਿਆਣਾ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ ਸੀ। ਬੀਬੀਐੱਮਬੀ ਨੇ ਪਹਿਲਾਂ ਹਰਿਆਣਾ ਸਰਕਾਰ ਨੂੰ ਪੱਤਰ ਲਿਖ ਕੇ ਮੈਂਬਰ (ਸਿੰਜਾਈ) ਦੀ ਨਿਯੁਕਤੀ ’ਤੇ ਇਤਰਾਜ਼ ਖੜ੍ਹੇ ਕੀਤੇ ਸਨ। ਬੀਬੀਐੱਮਬੀ ਨੇ 24 ਜਨਵਰੀ ਨੂੰ ਪੰਜਾਬ ਦੇ ਜਲ ਸਰੋਤ ਵਿਭਾਗ ਨੂੰ ਪੱਤਰ ਲਿਖ ਕੇ ਨਿਯੁਕਤ ਕੀਤੇ ਨਵੇਂ ਸਕੱਤਰ ਦੀ ਨਿਯੁਕਤੀ ਨੂੰ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 97 ਤਹਿਤ ਖ਼ਾਰਜ ਕੀਤਾ ਹੈ। ਪੱਤਰ ’ਚ ਸਕੱਤਰ ਦੇ ਕੰਮਾਂ ਆਦਿ ਤੋਂ ਵੀ ਜਾਣੂ ਕਰਾਇਆ ਗਿਆ ਹੈ। ਬੀਬੀਐੱਮਬੀ ’ਚ ਇਸ ਵੇਲੇ ਹਰਿਆਣਾ ਦਾ ਸਤੀਸ਼ ਸਿੰਗਲਾ ਬਤੌਰ ਸਕੱਤਰ ਤਾਇਨਾਤ ਹਨ ਜਿਨ੍ਹਾਂ ਦਾ ਕਾਰਜਕਾਲ 28 ਫਰਵਰੀ 2025 ’ਚ ਖ਼ਤਮ ਹੋਣਾ ਹੈ। ਸਤੀਸ਼ ਸਿੰਗਲਾ ਦੀ ਸੇਵਾਮੁਕਤੀ 27 ਫਰਵਰੀ 2024 ਨੂੰ ਹੋ ਗਈ ਸੀ ਪਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ 28 ਫਰਵਰੀ 2025 ਤੱਕ ਦੀ ਐਕਸਟੈਨਸ਼ਨ ਦੇ ਦਿੱਤੀ ਸੀ। ਹੁਣ ਪੰਜਾਬ ਸਰਕਾਰ ਨੇ ਪਹਿਲੀ ਮਾਰਚ ਤੋਂ ਆਪਣੇ ਸਕੱਤਰ ਦੀ ਨਿਯੁਕਤੀ ਕੀਤੀ ਹੈ ਜਿਸ ’ਤੇ ਬੀਬੀਐੱਮਬੀ ਨੇ ਇਤਰਾਜ਼ ਖੜ੍ਹੇ ਕੀਤੇ ਹਨ।
ਪੰਜਾਬ ਸਰਕਾਰ ਵੱਲੋਂ ਸਕੱਤਰ ਦੀ ਨਿਯੁਕਤੀ ਜਾਇਜ਼ ਕਰਾਰ
ਬੀਬੀਐੱਮਬੀ ਦੇ ਪੱਤਰ ਦੇ ਜਵਾਬ ਵਿਚ ਪੰਜਾਬ ਸਰਕਾਰ ਨੇ ਸਕੱਤਰ ਦੀ ਨਿਯੁਕਤੀ ਜਾਇਜ਼ ਠਹਿਰਾਈ ਹੈ। ਜਲ ਸਰੋਤ ਵਿਭਾਗ ਨੇ ਬੀਬੀਐੱਮਬੀ ਨੂੰ ਕਿਹਾ ਹੈ ਕਿ ਜਿਨ੍ਹਾਂ ਧਾਰਾਵਾਂ ਦਾ ਹਵਾਲਾ ਦਿੱਤਾ ਗਿਆ ਹੈ, ਉਨ੍ਹਾਂ ਮੁਤਾਬਿਕ ਤਾਂ ਸਕੱਤਰ ਦੀ ਨਿਯੁਕਤੀ ਕਿਸੇ ਤਰ੍ਹਾਂ ਵਿਵਾਦਤ ਨਹੀਂ ਬਣਦੀ। ਪੰਜਾਬ ਨੇ ਨਿਯੁਕਤੀ ਨੂੰ ਨਿਯਮਾਂ ਅਨੁਸਾਰ ਦੱਸਦਿਆਂ ਇਹ ਵੀ ਸਲਾਹ ਦਿੱਤੀ ਹੈ ਕਿ ਜਿੰਨਾਂ ਸਮਾਂ 28 ਫਰਵਰੀ ਤੱਕ ਸਕੱਤਰ ਦੀ ਪੋਸਟ ਖ਼ਾਲੀ ਨਹੀਂ ਹੁੰਦੀ, ਉਨ੍ਹਾਂ ਸਮਾਂ ਨਵੇਂ ਨਿਯੁਕਤ ਕੀਤੇ ਸਕੱਤਰ ਹਰਿੰਦਰ ਪਾਲ ਸਿੰਘ ਬੇਦੀ ਤੋਂ ਬੀਬੀਐੱਮਬੀ ਵਿਚ ਬਤੌਰ ਓਐੱਸਡੀ ਸੇਵਾਵਾਂ ਲੈ ਲਈਆਂ ਜਾਣ।
ਹਰਿਆਣਾ ਦੇ ਹੱਥ 12 ਸਾਲ ਤੋਂ ਕਮਾਨ
ਬੀਬੀਐੱਮਬੀ ’ਚ ਬਤੌਰ ਸਕੱਤਰ ਲੰਘੇ 12 ਸਾਲ ਤੋਂ ਲਗਾਤਾਰ ਹਰਿਆਣਾ ਨੂੰ ਨੁਮਾਇੰਦਗੀ ਮਿਲੀ ਹੋਈ ਹੈ। ਬੀਬੀਐੱਮਬੀ ਵਿਚ ਮਾਰਚ 2013 ਤੋਂ ਹਰਿਆਣਾ ਰਾਜ ਦੇ ਹੀ ਸਕੱਤਰ ਦੀ ਨਿਯੁਕਤੀ ਹੋਈ ਹੈ। ਬੀਬੀਐੱਮਬੀ ਦੇ ਬਣਨ ਤੋਂ ਲੈ ਕੇ ਹੁਣ ਤੱਕ 27 ਦਫ਼ਾ ਸਕੱਤਰ ਲੱਗੇ ਹਨ ਜਿਨ੍ਹਾਂ ’ਚੋਂ 13 ਵਾਰ ਪੰਜਾਬ ਦੇ, ਸੱਤ ਵਾਰ ਰਾਜਸਥਾਨ ਦੇ, ਛੇ ਵਾਰ ਹਰਿਆਣਾ ਦੇ ਅਤੇ ਦੋ ਵਾਰ ਹਿਮਾਚਲ ਪ੍ਰਦੇਸ਼ ਦੇ ਸਕੱਤਰ ਰਹੇ ਹਨ।