ਸਿਆਸੀ ਬਿਸਾਤ: ਭਾਜਪਾ ਵੱਲੋਂ ‘ਆਪ’ ਨੂੰ ਸ਼ਹਿ ਤੇ ਮਾਤ
ਅਰਵਿੰਦਰ ਜੌਹਲ
ਸ਼ਨਿਚਰਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਐਲਾਨੇ ਨਤੀਜੇ ਆਮ ਆਦਮੀ ਪਾਰਟੀ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਕਿਉਂਕਿ ਇਨ੍ਹਾਂ ਚੋਣਾਂ ’ਚ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਮੰਤਰੀ ਸੌਰਵ ਭਾਰਦਵਾਜ ਸਮੇਤ ਕਈ ਵੱਡੇ ਆਗੂਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਹਾਲਾਂਕਿ ਮੁੱਖ ਮੰਤਰੀ ਆਤਿਸ਼ੀ ਆਪਣੀ ਸੀਟ ਬਚਾਉਣ ਵਿੱਚ ਸਫ਼ਲ ਰਹੀ। ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ 48 ਸੀਟਾਂ ਜਦੋਂਕਿ ‘ਆਪ’ ਨੂੰ ਸਿਰਫ਼ 22 ਸੀਟਾਂ ’ਤੇ ਜਿੱਤ ਹਾਸਿਲ ਹੋਈ ਹੈ। ਪੰਜ ਫਰਵਰੀ ਨੂੰ ਦਿੱਲੀ ਵਿਧਾਨ ਸਭਾ ਲਈ ਵੋਟਾਂ ਪੈਣ ਮਗਰੋਂ ਉਸੇ ਦਿਨ ਆਏ ਐਗਜ਼ਿਟ ਪੋਲ ਦੇ ਅਨੁਮਾਨਾਂ ਵਿੱਚ ਭਾਜਪਾ ਵੱਲੋਂ ਵੱਡੇ ਬਹੁਮੱਤ ਨਾਲ ਸਰਕਾਰ ਕਾਇਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਫਿਰ ਵੀ ‘ਆਪ’ ਅਤੇ ਬਹੁਤ ਸਾਰੇ ਨਿਰਪੱਖ ਟਿੱਪਣੀਕਾਰਾਂ ਅਤੇ ਮਾਹਿਰਾਂ ਦਾ ਮੰਨਣਾ ਸੀ ਕਿ ‘ਆਪ’ ਦੀਆਂ ਸੀਟਾਂ ਘਟ ਸਕਦੀਆਂ ਹਨ ਪਰ ਸਰਕਾਰ ਤਾਂ ਇਸ ਵਾਰ ਵੀ ਉਸੇ ਦੀ ਬਣੇਗੀ। ਇੱਥੇ ਸਭ ਤੋਂ ਉੱਭਰਵੀਂ ਗੱਲ ਇਹ ਹੈ ਕਿ ਜੇਕਰ ‘ਆਪ’ ਕਾਂਗਰਸ ਨਾਲ ਗੱਠਜੋੜ ਕਰ ਲੈਂਦੀ ਤਾਂ ਕੇਜਰੀਵਾਲ ਅਤੇ ਪਾਰਟੀ ਨੂੰ ਇਸ ਤਰ੍ਹਾਂ ਦੀ ਹਾਰ ਦਾ ਮੂੰਹ ਨਾ ਦੇਖਣਾ ਪੈਂਦਾ। ਕੇਜਰੀਵਾਲ ਦਾ ਮੁਕਾਬਲਾ ਭਾਜਪਾ ਦੇ ਨਵੀਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਪ੍ਰਵੇਸ਼ ਵਰਮਾ ਅਤੇ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਨਾਲ ਸੀ। ਸਮਝੌਤੇ ਦੀ ਸੂਰਤ ’ਚ ਜੇਕਰ ਸੰਦੀਪ ਦੀਕਸ਼ਿਤ ਵਾਲੀਆਂ ਵੋਟਾਂ ਵੀ ‘ਆਪ’ ਨੂੰ ਪੈਂਦੀਆਂ ਤੇ ਮੁਕਾਬਲਾ ਦੋ-ਧਿਰੀ ਹੁੰਦਾ ਤਾਂ ਕੇਜਰੀਵਾਲ ਦੀ ਜਿੱਤ ਪੱਕੀ ਸੀ।
ਆਮ ਆਦਮੀ ਪਾਰਟੀ ਦਾ ਜਨਮ ਭਾਵੇਂ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਅਤੇ ਨਵੀਂ ਕਿਸਮ ਦੀ ਸਿਆਸਤ ਦੇ ਸੰਕਲਪ ਨਾਲ ਹੋਇਆ ਪਰ ਹੌਲੀ-ਹੌਲੀ ਪਾਰਟੀ ਦੇ ਬਹੁਤੇ ਸਿਰਕੱਢ ਮੋਢੀ ਆਗੂਆਂ ਨੂੰ ਜਾਂ ਤਾਂ ਪਾਰਟੀ ਤੋਂ ਲਾਂਭੇ ਹੋਣ ਲਈ ਮਜਬੂਰ ਕਰ ਦਿੱਤਾ ਗਿਆ ਅਤੇ ਜਾਂ ਕੁਝ ਹੌਲੀ-ਹੌਲੀ ਪਾਰਟੀ ਤੋਂ ਖ਼ੁਦ ਹੀ ਦੂਰ ਹੋ ਗਏ। ਦਿੱਲੀ ਵਿੱਚ ਸ਼ੀਲਾ ਦੀਕਸ਼ਿਤ ਦੀ ਥਾਂ ਮੁੱਖ ਮੰਤਰੀ ਬਣਨ ਵਾਲੇ ਅਰਵਿੰਦ ਕੇਜਰੀਵਾਲ ਸਿਆਸਤ ਵਿੱਚ ਸਾਧਾਰਨ ਜਾਂ ਆਮ ਆਦਮੀ ਦੇ ਸੱਤਾ ਅਤੇ ਸ਼ਾਸਨ ਵਿੱਚ ਆਉਣ ਦਾ ਸੰਕਲਪ ਲੈ ਕੇ ਅੱਗੇ ਆਏ, ਪਰ ਹੌਲੀ-ਹੌਲੀ ਉਨ੍ਹਾਂ ਦਾ ਰਵੱਈਆ ਵੀ ਰਵਾਇਤੀ ਸਿਆਸਤਦਾਨਾਂ ਵਾਲਾ ਹੋ ਗਿਆ ਜਿੱਥੇ ਸਿਆਸਤ ਨਿੱਜ ’ਤੇ ਕੇਂਦਰਿਤ ਹੋ ਜਾਂਦੀ ਹੈ।
ਅਰਵਿੰਦ ਕੇਜਰੀਵਾਲ ਦੀ ਸਿਆਸਤ ਗ਼ਰੀਬਾਂ ’ਤੇ ਕੇਂਦਰਿਤ ਸੀ ਜਿਸ ਤਹਿਤ ਉਨ੍ਹਾਂ ਦਿੱਲੀ ਵਿੱਚ ਆਮ ਲੋਕਾਂ ਨੂੰ ਬਿਜਲੀ-ਪਾਣੀ ਮੁਫ਼ਤ ਦੇਣ ਦੇ ਨਾਲ-ਨਾਲ ਸਿਹਤ ਅਤੇ ਸਿੱਖਿਆ ਸਹੂਲਤਾਂ ਦੇਣ ਲਈ ਕੰਮ ਕੀਤਾ। ਉਨ੍ਹਾਂ ਨੂੰ ਯਕੀਨ ਸੀ ਕਿ ਇਹ ਸਹੂਲਤਾਂ ਦੇ ਕੇ ਵੋਟਰਾਂ ਦੇ ਇਸ ਵਰਗ ਨੂੰ ਉਨ੍ਹਾਂ ਪੱਕੇ ਤੌਰ ’ਤੇ ਆਪਣੇ ਨਾਲ ਜੋੜ ਲਿਆ ਹੈ। ਪਰ ਇਹ ਮਨੁੱਖੀ ਫਿਤਰਤ ਹੈ ਕਿ ਮਨੁੱਖ ਨੂੰ ਜੇ ਕੋਈ ਲਾਭ ਮਿਲਣ ਲੱਗ ਜਾਂਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਇਹ ਤਾਂ ਉਸ ਦਾ ਹੱਕ ਹੀ ਹੈ ਅਤੇ ਉਹ ਹੋਰ ਵੱਧ ਦੀ ਉਮੀਦ ਰੱਖਣ ਲੱਗ ਪੈਂਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਇਸ ਗੱਲ ਨੂੰ ਸਮਝਦੀਆਂ ਹਨ ਅਤੇ ਭਾਜਪਾ ਤਾਂ ਹੋਰ ਵੀ ਬਾਖ਼ੂਬੀ ਸਮਝਦੀ ਹੈ। ਭਾਜਪਾ ਨੇ ਹਰ ਸੂਰਤ ਵਿੱਚ ਦਿੱਲੀ ਦੀ ਸੱਤਾ ’ਤੇ ਕਾਬਜ਼ ਹੋਣ ਲਈ ਸਭ ਤੋਂ ਪਹਿਲਾਂ ਇਸ ਵੋਟਰ ਵਰਗ ਨੂੰ ਇਹ ਭਰੋਸਾ ਦਿਵਾਇਆ ਕਿ ਉਹ ‘ਆਪ’ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨਾ ਸਿਰਫ਼ ਜਾਰੀ ਰੱਖੇਗੀ ਸਗੋਂ ਇਨ੍ਹਾਂ ’ਚ ਹੋਰ ਵੀ ਵਾਧਾ ਕਰੇਗੀ। ਉਸ ਦੇ ਕੇਂਦਰ ਦੀ ਸੱਤਾ ’ਚ ਹੋਣ ਕਰ ਕੇ ਗ਼ਰੀਬ ਵੋਟਰਾਂ ਲਈ ਇਹ ਯਕੀਨ ਕਰਨਾ ਸੌਖਾ ਸੀ ਕਿ ਭਾਜਪਾ ਕੋਲ ਇਹ ਵਾਧੂ ਸਹੂਲਤਾਂ ਦੇਣ ਦੀ ਕੁੱਵਤ ਹੈ। ਇਸ ਤਰ੍ਹਾਂ ਭਾਜਪਾ ਨੇ ‘ਆਪ’ ਦਾ ਰਿਆਇਤਾਂ ਵਾਲਾ ‘ਬ੍ਰਹਮਅਸਤਰ’ ਉਸ ਖ਼ਿਲਾਫ਼ ਹੀ ਬਾਖ਼ੂਬੀ ਵਰਤਿਆ। ਭਾਜਪਾ ਨੇ ‘ਆਪ’ ਦੇ ਔਰਤਾਂ ਨੂੰ ਦਿੱਤੀ ਜਾਣ ਵਾਲੀ 2,100 ਰੁਪਏ ਦੀ ਸਨਮਾਨ ਰਾਸ਼ੀ ਦੇ ਵਾਅਦੇ ਦੀ ਇਹ ਕਹਿ ਕੇ ਫੂਕ ਕੱਢੀ ਕਿ ਪੰਜਾਬ ਵਿੱਚ ‘ਆਪ’ ਨੂੰ ਸੱਤਾ ’ਤੇ ਕਾਬਜ਼ ਹੋਇਆਂ ਤਿੰਨ ਸਾਲ ਹੋ ਗਏ ਹਨ ਪਰ ਉੱਥੇ ਅਜੇ ਤੱਕ ਔਰਤਾਂ ਲਈ ਐਲਾਨੀ ਇੱਕ ਹਜ਼ਾਰ ਰੁਪਏ ਦੀ ਰਾਸ਼ੀ ਨਹੀਂ ਦਿੱਤੀ ਗਈ। ਭਾਜਪਾ ਨੇ ਦਿੱਲੀ ਵਿੱਚ ‘ਆਪ’ ਦੇ 2100 ਰੁਪਏ ਦੇ ਮੁਕਾਬਲੇ 2,500 ਰੁਪਏ ਦੀ ਰਾਸ਼ੀ ਔਰਤਾਂ ਲਈ ਐਲਾਨ ਦਿੱਤੀ।
ਦੇਸ਼ ਦੇ ਬਹੁਤੇ ਰਾਜਾਂ ਵਿੱਚ ਸੱਤਾ ’ਤੇ ਕਾਬਜ਼ ਹੋਣ ਦੇ ਬਾਵਜੂਦ ਭਾਜਪਾ ਵੱਲੋਂ ਦਿੱਲੀ ਦੀ ਸੱਤਾ ’ਤੇ ਕਾਬਜ਼ ਨਾ ਹੋ ਸਕਣਾ, ਉਸ ਦੀ ਦੁਖਦੀ ਰਗ ਸੀ ਜਿਸ ਲਈ ਉਹ ‘ਆਪ’ ਨੂੰ ਚਿੱਤ ਕਰਨ ਵਾਸਤੇ ਲੰਮੇ ਸਮੇਂ ਤੋਂ ਬਿਸਾਤ ਵਿਛਾ ਰਹੀ ਸੀ। ਇਸ ਦੀ ਸ਼ੁਰੂਆਤ ਉਸ ਨੇ ‘ਆਪ’ ਆਗੂਆਂ ਨੂੰ ਆਬਕਾਰੀ ਨੀਤੀ ਘੁਟਾਲੇ ਵਿੱਚ ਘੇਰ ਕੇ ਕਰ ਦਿੱਤੀ ਸੀ। ਇਸ ਘੁਟਾਲੇ ਸਬੰਧੀ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸੰਜੈ ਸਿੰਘ ਨੂੰ ਜੇਲ੍ਹ ਵੀ ਜਾਣਾ ਪਿਆ। ਕੱਟੜ ਇਮਾਨਦਾਰ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਦੇ ਅਕਸ ਨੂੰ ਭਾਜਪਾ ਨੇ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਸੀ। ਹਕੀਕਤ ਭਾਵੇਂ ਕੋਈ ਵੀ ਹੋਵੇ ਪਰ ਉਹ ਵੋਟਰਾਂ ਦੇ ਮਨਾਂ ’ਚ ਸ਼ੱਕ ਦਾ ਬੀਜ ਬੀਜਣ ’ਚ ਸਫ਼ਲ ਰਹੀ। ਇਸ ਮਗਰੋਂ ਭਾਜਪਾ ਨੇ ਕੇਜਰੀਵਾਲ ਦੇ ‘ਆਮ ਆਦਮੀ’ ਹੋਣ ਦੇ ਦਾਅਵੇ ਨੂੰ ਖੰਡਿਤ ਕਰਨ ਲਈ ਉਸ ਵੱਲੋਂ ਮੁੱਖ ਮੰਤਰੀ ਨਿਵਾਸ ਦੀ ਕਰਵਾਈ ਮੁਰੰਮਤ ਨੂੰ ਇਹ ਕਹਿ ਕੇ ਭੰਡਣਾ ਸ਼ੁਰੂ ਕਰ ਦਿੱਤਾ ਕਿ ‘ਆਮ ਆਦਮੀ’ ਨੇ ਸਰਕਾਰੀ ਖ਼ਜ਼ਾਨੇ ’ਚੋਂ ਕਰੋੜਾਂ ਰੁਪਏ ਖ਼ਰਚ ਕੇ ਆਪਣੇ ਲਈ ਸ਼ੀਸ਼ ਮਹਿਲ ਬਣਵਾ ਲਿਆ ਹੈ। ਕਦੇ ਪਰਦਿਆਂ, ਕਦੇ ਵਾਸ਼ਰੂਮ ਦੀਆਂ ਟਾਈਲਾਂ ਤੇ ਮਾਰਬਲ, ਕਦੇ ਨਵੇਂ ਕਮਰਿਆਂ ਦੀ ਉਸਾਰੀ ਦੀ ਗੱਲ, ਭਾਜਪਾ ਨੇ ਇਹ ਬਿਰਤਾਂਤ ਨਿੱਤ ਨਵੇਂ ਰੂਪ ’ਚ ਮਘਾਈ ਰੱਖਿਆ। ਇੱਥੋਂ ਤੱਕ ਕਿ ਸੁਰੱਖਿਆ ਦੇ ਮੁੱਦੇ ’ਤੇ ਵੀ ਇਹ ਜਚਾਇਆ ਗਿਆ ਕਿ ਦਿੱਲੀ ਪੁਲੀਸ ਦੇ ਨਾਲ-ਨਾਲ ਕੇਜਰੀਵਾਲ ਵੱਲੋਂ ਪੰਜਾਬ ਪੁਲੀਸ ਤੋਂ ਵੀ ਸੁਰੱਖਿਆ ਲਈ ਜਾ ਰਹੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਕੇਜਰੀਵਾਲ ਨੂੰ ਪੰਜਾਬ ਪੁਲੀਸ ਦੀ ਸੁਰੱਖਿਆ ਵਾਪਸ ਕਰਨੀ ਪਈ। ਇਸ ਤੋਂ ਇਲਾਵਾ ਕੇਂਦਰੀ ਬਜਟ ’ਚ 12 ਲੱਖ ਦੀ ਆਮਦਨ ’ਤੇ ਇਨਕਮ ਟੈਕਸ ਤੋਂ ਛੋਟ ਅਤੇ ਅੱਠਵੇਂ ਪੇਅ ਕਮਿਸ਼ਨ ਦਾ ਐਲਾਨ ਦਿੱਲੀ ਦੀਆਂ ਚੋਣਾਂ ਦੇ ਮੱਦੇਨਜ਼ਰ ਹੀ ਹੋਇਆ ਦੱਸਿਆ ਜਾਂਦਾ ਹੈ।
ਭਾਜਪਾ ਦਾ ਖ਼ਾਸਾ ਹੈ ਕਿ ਜਦੋਂ ਉਹ ਕਿਸੇ ਸਿਆਸੀ ਵਿਰੋਧੀ ਨੂੰ ਨਿਸ਼ਾਨੇ ’ਤੇ ਲੈਂਦੀ ਹੈ ਤਾਂ ਕੁਝ ਵੀ ਠੀਕ-ਗ਼ਲਤ ਨਹੀਂ ਸੋਚਦੀ ਸਗੋਂ ਆਪਣੇ ਟੀਚੇ ਦੀ ਪੂਰਤੀ ਲਈ ਸਾਮ, ਦਾਮ, ਦੰਡ, ਭੇਦ ਸਭ ਵਰਤਦੀ ਹੈ। ਝੁੱਗੀ-ਝੌਂਪੜੀ ਵਾਲੀ ਵੱਸੋਂ ਕੇਜਰੀਵਾਲ ਦਾ ਵੋਟ ਬੈਂਕ ਰਹੀ ਹੈ। ਭਾਜਪਾ ਨੇ ਇਸ ਵਾਰ ‘ਆਪ’ ਦੇ ਵੋਟ ਬੈਂਕ ਦੇ ਪਿਛੋਕੜ ਦੀ ਪਛਾਣ ਕਰ ਕੇ ਵੋਟਰਾਂ ਦੇ ਜੱਦੀ ਖੇਤਰਾਂ ਨਾਲ ਸਬੰਧਿਤ ਆਪਣੇ ਆਗੂਆਂ ਨੂੰ ਉੱਥੇ ਪ੍ਰਚਾਰ ’ਚ ਝੋਕ ਦਿੱਤਾ ਸੀ। ‘ਆਪ’ ਲਈ ਇਹ ਗੱਲ ਵੀ ਘਾਟੇ ਦਾ ਸੌਦਾ ਸਾਬਿਤ ਹੋਈ ਕਿ ਵਾਅਦੇ ਮੁਤਾਬਿਕ ਨਾ ਤਾਂ ਦਿੱਲੀ ’ਚੋਂ ਕੂੜੇ ਦੇ ਢੇਰ ਚੁੱਕੇ ਗਏ, ਨਾ ਯਮੁਨਾ ਸਾਫ਼ ਹੋਈ ਅਤੇ ਨਾ ਹੀ ਸ਼ਹਿਰ ’ਚੋਂ ਪ੍ਰਦੂਸ਼ਣ ਘਟਿਆ। ਇਨ੍ਹਾਂ ਸਾਰੇ ਮਸਲਿਆਂ ਬਾਰੇ ਕੇਜਰੀਵਾਲ ਦਾ ਜਵਾਬ ਇਹੀ ਹੁੰਦਾ ਸੀ ਕਿ ਦਿੱਲੀ ਦੇ ਉੱਪ-ਰਾਜਪਾਲ ਵੱਲੋਂ ਉਨ੍ਹਾਂ ਦੀ ਸਰਕਾਰ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਕਈ ਵਾਰ ਅਜਿਹੀ ਦਲੀਲ ਵੀ ਵੋਟਰ ਦੇ ਮਨ ’ਤੇ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ। ਵੋਟ ਪਾਉਣ ਵੇਲੇ ਉਹ ਸੋਚੀਂ ਪੈ ਜਾਂਦਾ ਹੈ ਕਿ ਉੱਪ-ਰਾਜਪਾਲ ਤਾਂ ਕੇਂਦਰ ਦੀ ਮਰਜ਼ੀ ਵਾਲਾ ਹੀ ਰਹਿਣਾ ਹੈ; ਜੇ ‘ਆਪ’ ਨੂੰ ਚੁਣਿਆ ਤਾਂ ਉਸ ਦਾ ਫਿਰ ਟਕਰਾਅ ਬਣਿਆ ਰਹੇਗਾ ਜਿਸ ਦਾ ਨੁਕਸਾਨ ਲੋਕਾਂ ਨੂੰ ਝੱਲਣਾ ਪਵੇਗਾ।
ਕਾਂਗਰਸ ਭਾਵੇਂ ਇੱਥੇ ਚੋਣ ਮੁਕਾਬਲੇ ਵਿੱਚ ਉੱਭਰ ਨਹੀਂ ਸਕੀ ਪਰ ਇਸ ਨੇ ਕਈ ਸੀਟਾਂ ’ਤੇ ‘ਆਪ’ ਦੀ ਖੇਡ ਜ਼ਰੂਰ ਖ਼ਰਾਬ ਕੀਤੀ। ਕੌਮੀ ਪਾਰਟੀ ਹੋਣ ਦੇ ਬਾਵਜੂਦ ਕਾਂਗਰਸ ਦੀ ਏਨੀ ਖਰਾਬ ਕਾਰਗੁਜ਼ਾਰੀ ਇਸ ਲਈ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੋਣਾ ਚਾਹੀਦਾ ਹੈ। ‘ਆਪ’ ਵੱਲੋਂ ਜਾਰੀ ਕੀਤੇ ਗਏ ਭ੍ਰਿਸ਼ਟ ਆਗੂਆਂ ਦੇ ਪੋਸਟਰ ਵਿੱਚ ਰਾਹੁਲ ਦੀ ਤਸਵੀਰ ਛਾਪੇ ਜਾਣ ਦਾ ਵੀ ਕੋਈ ਠੀਕ ਸੁਨੇਹਾ ਨਹੀਂ ਗਿਆ। ਕਾਂਗਰਸ ਪਾਰਟੀ ਅਤੇ ਉਸ ਦੀ ਆਗੂ ਸੋਨੀਆ ਗਾਂਧੀ, ਕੇਜਰੀਵਾਲ ਦੇ ਜੇਲ੍ਹ ਵਿੱਚ ਹੋਣ ਵੇਲੇ ਉਸ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਡਟ ਕੇ ਖੜ੍ਹੀ ਰਹੀ ਸੀ। ਇਸ ਤੋਂ ਇਲਾਵਾ ਕੇਜਰੀਵਾਲ ਨੇ ਜਨਤਕ ਤੌਰ ’ਤੇ ਬਿਆਨ ਦੇ ਕੇ ਕਾਂਗਰਸ ਨੂੰ ‘ਇੰਡੀਆ ਗੱਠਜੋੜ’ ’ਚੋਂ ਬਾਹਰ ਕਰਨ ਦੀ ਮੰਗ ਵੀ ਕੀਤੀ। ਇਹ ਗੱਲਾਂ ਵੀ ਸ਼ਾਇਦ ‘ਆਪ’ ਦੇ ਹੱਕ ’ਚ ਨਹੀਂ ਭੁਗਤੀਆਂ।
ਬੇਸ਼ੱਕ ‘ਆਪ’ ਦੀ ਹਾਰ ਲਈ ਇਹ ਸਾਰੇ ਕਾਰਨ ਗਿਣਾਏ ਜਾ ਰਹੇ ਹਨ ਪਰ ਈ.ਡੀ., ਸੀ.ਬੀ.ਆਈ., ਚੋਣ ਕਮਿਸ਼ਨ ਵੱਲੋਂ ਨਵੀਆਂ ਵੋਟਾਂ ਬਣਾਉਣੀਆਂ ਅਤੇ ਪੁਰਾਣੀਆਂ ਕੱਟਣ ਦੀ ਖੇਡ ਨੂੰ ਵੀ ਇਨ੍ਹਾਂ ਚੋਣ ਨਤੀਜਿਆਂ ਨਾਲ ਜੋੜਿਆ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਪੰਜ ਮਹੀਨਿਆਂ ਦੌਰਾਨ ਓਨੀਆਂ ਨਵੀਆਂ ਵੋਟਾਂ ਜੋੜੀਆਂ ਗਈਆਂ ਸਨ ਜਿੰਨੀਆਂ ਪਹਿਲਾਂ ਪੰਜ ਸਾਲਾਂ ਦੌਰਾਨ ਜੋੜੀਆਂ ਗਈਆਂ। ਵਿਰੋਧੀ ਪਾਰਟੀਆਂ ਵੱਲੋਂ ਇਸ ਬਾਰੇ ਪੁੱਛੇ ਸਵਾਲਾਂ ਦਾ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅਜੇ ਤੱਕ ਕੋਈ ਠੋਸ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਵੋਟਰਾਂ ਦੀ ਅੰਤਿਮ ਸੂਚੀ ਮੁਹੱਈਆ ਕਰਵਾਈ ਹੈ ਜਿਨ੍ਹਾਂ ਨੇ ਵੋਟਾਂ ਪਾਈਆਂ ਹਨ। ਇਸੇ ਦੌਰਾਨ 18 ਫਰਵਰੀ ਨੂੰ ਉਨ੍ਹਾਂ ਨੇ ਸੇਵਾਮੁਕਤ ਹੋ ਜਾਣਾ ਹੈ।
ਭਾਜਪਾ ਵੱਲੋਂ ਇਸ ਜਿੱਤ ਤੋਂ ਬਾਅਦ ਆਪਣਾ ਰੁਖ਼ ‘ਆਪ’ ਦੀ ਪੰਜਾਬ ਸਰਕਾਰ ਵੱਲ ਕੀਤੇ ਜਾਣ ਦੇ ਅਨੁਮਾਨ ਹਨ। ਭਾਵੇਂ ‘ਆਪ’ ਨੇ ਦਿੱਲੀ ਵਿੱਚ 22 ਸੀਟਾਂ ਜਿੱਤੀਆਂ ਹਨ ਜੋ ਕਿ ਕੋਈ ਮਾੜੀ ਕਾਰਗੁਜ਼ਾਰੀ ਵੀ ਨਹੀਂ ਪਰ ਪਾਰਟੀ ਦੇ ਵੱਡੇ ਆਗੂਆਂ ਦੀ ਹਾਰ ਅਤੇ ਭਾਜਪਾ ਵੱਲੋਂ ਪੁਰਾਣੇ ਕੇਸਾਂ ਦੀਆਂ ਫਾਈਲਾਂ ਖੋਲ੍ਹਣ ਦੇ ਦਬਾਅ ਕਾਰਨ ‘ਆਪ’ ਦੇ ਵਿਧਾਇਕਾਂ ਨੂੰ ਪਾਰਟੀ ਨਾਲ ਜੋੜ ਕੇ ਰੱਖਣਾ ਹੁਣ ਸੁਖਾਲਾ ਨਹੀਂ ਹੋਵੇਗਾ। ਹਰਿਆਣਾ ਤੇ ਮਹਾਰਾਸ਼ਟਰ ਮਗਰੋਂ ਨਵੀਂ ਦਿੱਲੀ ਦੀ ਜਿੱਤ ਨੇ ਭਾਜਪਾ ਅੰਦਰ ਹੋਰ ਜੋਸ਼ ਭਰ ਦਿੱਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਸ ਨੇ ਹੁਣ ਆਪਣੀ ਜਿੱਤ ਦੇ ਰੱਥ ਦਾ ਮੂੰਹ ਪਟਨਾ ਵੱਲ ਮੋੜ ਲਿਆ ਹੈ ਜਿਸ ’ਤੇ ਉਹ ਆਪਣੇ ਨਾਲ ਕਿਸੇ ਹੋਰ ਨੂੰ ਨਹੀਂ ਚੜ੍ਹਨ ਦੇਣਾ ਚਾਹੁੰਦੀ।