ਸਿਆਸੀ ਵਾਰਤਾ: ਦਿੱਲੀ ’ਚ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗਾਂ ਕਰਨ ਲੱਗੇ ਕੇਜਰੀਵਾਲ
ਚਰਨਜੀਤ ਭੁੱਲਰ
ਚੰਡੀਗੜ੍ਹ, 22 ਅਕਤੂਬਰ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਦੀ ਨਬਜ਼ ਟੋਹਣੀ ਸ਼ੁਰੂ ਕੀਤੀ ਹੈ। ਹਫ਼ਤੇ ਤੋਂ ਕੇਜਰੀਵਾਲ ਪੰਜਾਬ ਦੇ ਇਕ-ਇਕ ਵਿਧਾਇਕ ਨੂੰ ਦਿੱਲੀ ਬੁਲਾ ਰਹੇ ਹਨ। ਪਾਰਟੀ ਕਨਵੀਨਰ ਜਿੱਥੇ ਇਨ੍ਹਾਂ ਵਿਧਾਇਕਾਂ ਤੋਂ ਫੀਡਬੈਕ ਲੈ ਰਹੇ ਹਨ, ਉੱਥੇ ਵਿਧਾਇਕਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਸ਼ੀਸ਼ਾ ਵੀ ਦਿਖਾ ਰਹੇ ਹਨ। ਰੋਜ਼ਾਨਾ ਸੱਤ ਅੱਠ ਵਿਧਾਇਕ ਦਿੱਲੀ ਪੁੱਜ ਰਹੇ ਹਨ। ਹਰ ਵਿਧਾਇਕ ਤੋਂ ਸਬੰਧਤ ਹਲਕੇ ਦੀ ਹਕੀਕਤ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਦੀ ਜਾਣਕਾਰੀ ਲੈ ਰਹੇ ਹਨ। ਪਤਾ ਲੱਗਾ ਹੈ ਕਿ 24 ਅਕਤੂਬਰ ਤੱਕ ਇਹ ਸਿਲਸਿਲਾ ਚੱਲਣਾ ਹੈ। ਸੂਤਰ ਦੱਸਦੇ ਹਨ ਕਿ ਦਿੱਲੀ ’ਚ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨੀਂ ਗਏ ਸਨ ਤਾਂ ਉਦੋਂ ਕੇਜਰੀਵਾਲ ਨੇ ਭਗਵੰਤ ਮਾਨ ਨਾਲ ਇਨ੍ਹਾਂ ਮੀਟਿੰਗਾਂ ਬਾਰੇ ਵੀ ਚਰਚਾ ਕੀਤੀ ਸੀ। ਮੀਟਿੰਗਾਂ ਤੋਂ ਪਹਿਲਾਂ ਕੇਜਰੀਵਾਲ ਨੇ ਹਰ ਵਿਧਾਇਕ ਦੀ ਰਿਪੋਰਟ ਤਿਆਰ ਕੀਤੀ ਹੈ।
ਹਰ ਵਿਧਾਇਕ ਨਾਲ ਗੱਲ ਕਰਨ ਤੋਂ ਪਹਿਲਾਂ ਉਹ ਲਿਖਤੀ ਰਿਪੋਰਟ ਕਾਰਡ ਚੁੱਕ ਕੇ ਉਸ ਵਿਧਾਇਕ ਦੀ ਕਾਰਗੁਜ਼ਾਰੀ ਬਾਰੇ ਖ਼ੁਦ ਦੱਸਦੇ ਹਨ। ਵਿਧਾਇਕਾਂ ਨੂੰ ਉਨ੍ਹਾਂ ਦੀਆਂ ਖ਼ਾਮੀਆਂ ਅਤੇ ਪਿਛਲੇ ਸਮੇਂ ਦੌਰਾਨ ਹੋਈਆਂ ਚੋਣਾਂ ’ਚ ਰਹੀ ਭੂਮਿਕਾ ਬਾਰੇ ਵੀ ਚਰਚਾ ਕਰਦੇ ਹਨ।
ਵਿਧਾਇਕ ਮਦਨ ਲਾਲ ਬੱਗਾ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਤਾਂ ਇਨ੍ਹਾਂ ਮੁਲਾਕਾਤਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਮਾਲਵਾ ਖਿੱਤੇ ਦੇ ਕਾਫ਼ੀ ਵਿਧਾਇਕਾਂ ਦੀ ਮੀਟਿੰਗ ਹੋ ਚੁੱਕੀ ਹੈ। ਜਿਸ ਸਮੇਂ ਕੇਜਰੀਵਾਲ ਮੁਲਾਕਾਤ ਕਰਦੇ ਹਨ ਤਾਂ ਕੋਈ ਤੀਸਰਾ ਆਦਮੀ ਵੀ ਮੌਕੇ ’ਤੇ ਹਾਜ਼ਰ ਨਹੀਂ ਹੁੰਦਾ ਹੈ।
ਸੂਤਰ ਆਖਦੇ ਹਨ ਕਿ 2027 ਦੀਆਂ ਚੋਣਾਂ ਵਿੱਚ ਪਾਰਟੀ ਵੱਲੋਂ ਮਾੜੀ ਕਾਰਗੁਜ਼ਾਰੀ ਵਾਲੇ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਦੀ ਵਿਉਂਤ ਹੈ। ਇਨ੍ਹਾਂ ਮੀਟਿੰਗਾਂ ਜ਼ਰੀਏ ਕੇਜਰੀਵਾਲ ਵਿਧਾਇਕਾਂ ਨੂੰ ਚੌਕਸ ਕਰ ਰਹੇ ਹਨ ਦੂਜੇ ਪਾਸੇ ਰੋਪੜ ਵਿੱਚ ਇਕ ਵਿਧਾਇਕ ਦੀ ਗੁਮਸ਼ੁਦਗੀ ਦੇ ਪੋਸਟਰ ਵੀ ਲੱਗੇ ਹਨ।
ਆਤਿਸ਼ੀ ਵੱਲੋਂ ਭਗਵੰਤ ਮਾਨ ਨਾਲ ਮਿਲਣੀ
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਕਰੀਬ ਇੱਕ ਘੰਟਾ ਮੀਟਿੰਗ ਕੀਤੀ। ਆਤਿਸ਼ੀ ਲੰਘੇ ਕੱਲ੍ਹ ਤੋਂ ਇੱਥੇ ਕਿਸੇ ਪਰਿਵਾਰਕ ਕੰਮ ਦੇ ਸਿਲਸਿਲੇ ਵਿਚ ਪੁੱਜੇ ਹੋਏ ਸਨ।