For the best experience, open
https://m.punjabitribuneonline.com
on your mobile browser.
Advertisement

ਸਿਆਸੀ ਮੁਹਾਂਦਰਾ: ਕਿਤੇ ਪੇਂਡੂ ਪੈਂਦੇ ਭਾਰੀ, ਕਿਤੇ ਸ਼ਹਿਰਾਂ ਦੇ ਵਪਾਰੀ..!

10:13 AM Apr 08, 2024 IST
ਸਿਆਸੀ ਮੁਹਾਂਦਰਾ  ਕਿਤੇ ਪੇਂਡੂ ਪੈਂਦੇ ਭਾਰੀ  ਕਿਤੇ ਸ਼ਹਿਰਾਂ ਦੇ ਵਪਾਰੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 7 ਅਪਰੈਲ
ਜਦੋਂ ਪੰਜਾਬ ਵਿੱਚ ਵਸੋਂ ਦੇ ਸਮਾਜੀ ਰੰਗ ਵੇਖਦੇ ਹਾਂ ਤਾਂ ਕਈ ਲੋਕ ਸਭਾ ਸੀਟਾਂ ’ਤੇ ਸ਼ਹਿਰੀ ਵਸੋਂ ਭਾਰੀ ਪੈ ਰਹੀ ਹੈ ਜਦੋਂ ਕਿ ਬਹੁਗਿਣਤੀ ਸੀਟਾਂ ’ਤੇ ਪੇਂਡੂ ਵਸੋਂ ਦਾ ਦਬਦਬਾ ਹੈ। ਲੋਕ ਸਭਾ ਚੋਣਾਂ ਵਿੱਚ ਬਹੁਕੋਣੇ ਮੁਕਾਬਲੇ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਵਸੋਂ ਦਾ ਸਮਾਜਿਕ ਤੇ ਧਾਰਮਿਕ ਪ੍ਰਭਾਵ ਵੀ ਚੋਣ ਨਤੀਜੇ ਪ੍ਰਭਾਵਿਤ ਕਰੇਗਾ। ਵਸੋਂ ਦੇ ਮੁਲਾਂਕਣ ’ਚ ਸਾਹਮਣੇ ਆਇਆ ਹੈ ਕਿ ਤਿੰਨ ਲੋਕ ਸਭਾ ਹਲਕੇ ਅਜਿਹੇ ਹਨ ਜਿਥੇ ਸ਼ਹਿਰੀ ਵਸੋਂ 50 ਫ਼ੀਸਦੀ ਤੋਂ ਜ਼ਿਆਦਾ ਹੈ। ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚ ਸ਼ਹਿਰੀ ਵਸੋਂ 60.2 ਫ਼ੀਸਦੀ ਹੈ, ਜਲੰਧਰ ਹਲਕੇ ’ਚ 51.3 ਫ਼ੀਸਦੀ ਅਤੇ ਲੁਧਿਆਣਾ ’ਚ ਸਭ ਤੋਂ ਜ਼ਿਆਦਾ 70.3 ਫ਼ੀਸਦੀ ਸ਼ਹਿਰੀ ਆਬਾਦੀ ਹੈ।

Advertisement


ਲੋਕ ਸਭਾ ਚੋਣਾਂ ’ਚ ਪੇਂਡੂ ਵੋਟ ਬੈਂਕ ਸਿਆਸੀ ਖੇਡ ਨੂੰ ਹਲੂਣੇਗਾ। ਪੰਜਾਬ ’ਚ ਲੋਕ ਸਭਾ ਹਲਕਾ ਖਡੂਰ ਸਾਹਿਬ ’ਚ ਸਭ ਤੋਂ ਵੱਧ 81.3 ਫੀਸਦੀ ਪੇਂਡੂ ਵਸੋਂ ਹੈ ਜਦੋਂ ਕਿ 72.8 ਫ਼ੀਸਦ ਨਾਲ ਫਰੀਦਕੋਟ ਹਲਕਾ ਦੂਜੇ ਨੰਬਰ ’ਤੇ ਅਤੇ 72.5 ਫ਼ੀਸਦ ਨਾਲ ਬਠਿੰਡਾ ਹਲਕਾ ਤੀਜੇ ਸਥਾਨ ’ਤੇ ਹੈ। ਸ਼੍ਰੋਮਣੀ ਅਕਾਲੀ ਦਲ ਦੀ ਟੇਕ ਐਤਕੀਂ ਪੇਂਡੂ ਵੋਟ ਬੈਂਕ ’ਤੇ ਹੈ ਜਦੋਂਕਿ ਆਮ ਆਦਮੀ ਪਾਰਟੀ ਦੀ ਆਸ ਵੀ ਦਿਹਾਤੀ ਵੋਟਾਂ ’ਤੇ ਟਿਕੀ ਹੋਈ ਹੈ। ਭਾਜਪਾ ਨੂੰ ਸ਼ਹਿਰੀ ਵਸੋਂ ਵਾਲੇ ਖਿੱਤੇ ਵਿੱਚੋਂ ਹੀ ਉਮੀਦਾਂ ਹਨ। ਫਿਰੋਜ਼ਪੁਰ ਹਲਕੇ ’ਚ 69.6 ਫ਼ੀਸਦੀ, ਗੁਰਦਾਸਪੁਰ ਵਿੱਚ 69.4, ਹੁਸ਼ਿਆਰਪੁਰ ਵਿੱਚ 77.2, ਸੰਗਰੂਰ ’ਚ 67.7 ਅਤੇ ਆਨੰਦਪੁਰ ਸਾਹਿਬ ਹਲਕੇ ’ਚ 67.9 ਫੀਸਦੀ ਪੇਂਡੂ ਵਸੋਂ ਹੈ। ਸਿਆਸੀ ਵਿਸ਼ਲੇਸ਼ਕ ਪਰਮਜੀਤ ਸਿੰਘ ਸੰਧਵਾਂ ਆਖਦੇ ਹਨ ਕਿ ਹਿੰਦੂ ਭਾਈਚਾਰੇ ਦੇ ਦਬਦਬੇ ਵਾਲੇ ਟਕਸਾਲੀ ਸ਼ਹਿਰ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਆਦਿ ਹਨ ਅਤੇ ਪਿੰਡਾਂ ਵਿੱਚੋਂ ਵੱਡੀ ਪੱਧਰ ’ਤੇ ਸ਼ਹਿਰਾਂ ਵਿੱਚ ਪਿਛਲੇ ਦੋ ਦਹਾਕਿਆਂ ’ਚ ਪਰਵਾਸ ਹੋਇਆ ਹੈ ਜਿਸ ਕਰਕੇ ਵੋਟ ਬੈਂਕ ਦੇ ਪੁਰਾਣੇ ਪ੍ਰਭਾਵਾਂ ’ਚ ਕਾਫੀ ਰੱਦੋਬਦਲ ਹੋਈ ਹੈ। ਪੰਜਾਬ ਦੇ ਚਾਰ ਲੋਕ ਸਭਾ ਹਲਕੇ ਅਜਿਹੇ ਹਨ ਜਿਥੇ ਸਿੱਖ ਵਸੋਂ ਪੰਜਾਹ ਫ਼ੀਸਦੀ ਤੋਂ ਘੱਟ ਹੈ ਜਿਨ੍ਹਾਂ ਵਿਚ ਗੁਰਦਾਸਪੁਰ ਵਿੱਚ 43.64 ਫੀਸਦੀ, ਹੁਸ਼ਿਆਰਪੁਰ ਵਿਚ 39.84, ਜਲੰਧਰ ਵਿੱਚ 32.75 ਅਤੇ ਆਨੰਦਪੁਰ ਸਾਹਿਬ ਹਲਕੇ ਵਿੱਚ 42.55 ਫੀਸਦੀ ਸਿੱਖ ਵਸੋਂ ਹੈ। ਇਨ੍ਹਾਂ ਸੀਟਾਂ ’ਤੇ ਹਿੰਦੂ ਵੋਟ ਬੈਂਕ ਪ੍ਰਭਾਵਸ਼ਾਲੀ ਹੈ। ਬੇਸ਼ੱਕ ਅੰਮ੍ਰਿਤਸਰ ਹਲਕੇ ’ਚ ਪੇਂਡੂ ਵਸੋਂ ਘੱਟ ਹੈ ਪਰ ਇੱਥੇ 68.94 ਫ਼ੀਸਦੀ ਸਿੱਖ ਵਸੋਂ ਹੈ। ਇਸੇ ਤਰ੍ਹਾਂ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਪੇਂਡੂ ਵਸੋਂ ਤਾਂ ਘੱਟ ਹੈ ਪਰ ਇੱਥੇ ਸਿੱਖ ਵਸੋਂ 53.26 ਫ਼ੀਸਦੀ ਹੈ। ਖਡੂਰ ਸਾਹਿਬ ਹਲਕੇ ਵਿੱਚ ਸਿੱਖ ਵਸੋਂ 75.15 ਫ਼ੀਸਦ ਅਤੇ ਫਰੀਦਕੋਟ ਵਿੱਚ 77.66 ਫੀਸਦ ਹੈ। ਬਠਿੰਡਾ ਹਲਕੇ ਵਿੱਚ 73.17 ਫੀਸਦੀ ਸਿੱਖ ਅਬਾਦੀ ਹੈ।
ਸਿਆਸੀ ਧਿਰਾਂ ਵੱਲੋਂ ਲੋਕ ਸਭਾ ਹਲਕੇ ਦੇ ਵੋਟ ਬੈਂਕ ਦੇ ਧਾਰਮਿਕ ਆਧਾਰ ਨੂੰ ਦੇਖਦਿਆਂ ਅਤੇ ਇਸ ਤਰ੍ਹਾਂ ਜਾਤੀ ਸਮੀਕਰਨ ਨੂੰ ਧਿਆਨ ਵਿੱਚ ਰੱਖ ਕੇ ਉਮੀਦਵਾਰ ਐਲਾਨੇ ਜਾਂਦੇ ਹਨ। ਪੰਜਾਬ ਵਿੱਚ ਚਾਰ ਲੋਕ ਸਭਾ ਹਲਕਿਆਂ ਵਿੱਚ ਮੁਸਲਿਮ ਵਸੋਂ ਵੀ ਅਹਿਮ ਥਾਂ ਰੱਖ ਰਹੀ ਹੈ। ਸੰਗਰੂਰ ਲੋਕ ਸਭਾ ਹਲਕੇ ’ਚ ਸਭ ਤੋਂ ਜ਼ਿਆਦਾ 7.95 ਫ਼ੀਸਦ ਮੁਸਲਿਮ ਵਸੋਂ ਹੈ ਜਦੋਂਕਿ ਫ਼ਤਹਿਗੜ੍ਹ ਸਾਹਿਬ ਵਿੱਚ 3.38, ਲੁਧਿਆਣਾ ਵਿੱਚ 2.22 ਅਤੇ ਪਟਿਆਲਾ ਵਿੱਚ 2.21 ਫੀਸਦ ਹੈ। ਬਾਕੀ ਹਲਕਿਆਂ ਵਿੱਚ ਦੋ ਫ਼ੀਸਦ ਤੋਂ ਘੱਟ ਹੀ ਮੁਸਲਿਮ ਵਸੋਂ ਹੈ। ਇਵੇਂ ਹੀ ਈਸਾਈ ਵਸੋਂ ਵੀ ਸਭ ਤੋਂ ਵੱਧ ਗੁਰਦਾਸਪੁਰ ਹਲਕੇ ਵਿੱਚ 7.68 ਫੀਸਦੀ ਹੈ ਜਦੋਂਕਿ ਹੁਸ਼ਿਆਰਪੁਰ ਵਿੱਚ 1.64, ਅੰਮ੍ਰਿਤਸਰ ਵਿੱਚ 2.18 ਅਤੇ ਜਲੰਧਰ ਵਿਚ 1.20 ਫੀਸਦ ਹੈ। ਨੌਂ ਲੋਕ ਸਭਾ ਹਲਕਿਆਂ ਵਿਚ ਈਸਾਈ ਵਸੋਂ ਇੱਕ ਫ਼ੀਸਦ ਤੋਂ ਵੀ ਘੱਟ ਹੈ। ਦੇਖਿਆ ਜਾਵੇ ਤਾਂ ਸਿਆਸੀ ਧਿਰਾਂ ਵੱਲੋਂ ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਚੋਣਾਂ ਦੌਰਾਨ ਭਾਸ਼ਣ ਵੀ ਵੱਖ-ਵੱਖ ਧਿਰਾਂ ’ਤੇ ਫੋਕਸ ਹੁੰਦੇ ਹਨ। ਦਲਿਤ ਵਸੋਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਫਿਰੋਜ਼ਪੁਰ ’ਚ 43.1 ਫ਼ੀਸਦ, ਜਲੰਧਰ ਵਿੱਚ 39.9, ਫਰੀਦਕੋਟ ’ਚ 37 ਅਤੇ ਖਡੂਰ ਸਾਹਿਬ ਵਿੱਚ 35.3 ਫੀਸਦ ਹੈ।

Advertisement
Author Image

Advertisement
Advertisement
×