ਦੇਸ਼ ਦੀ ਸਿਆਸੀ ਸਥਿਤੀ ਬਦਲਾਅ ਦੇ ਅਨੁਕੂਲ: ਪਵਾਰ
ਮੁੰਬਈ, 4 ਜੂਨ
ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਦੇਸ਼ ਵਿੱਚ ਸਿਆਸੀ ਸਥਿਤੀ ਬਦਲਾਅ ਦੇ ਅਨੁਕੂਲ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਅਗਲੀ ਰਣਨੀਤੀ ਲਈ ‘ਇੰਡੀਆ’ ਗੱਠਜੋੜ ਦੇ ਆਗੂਆਂ ਦੀ ਭਲਕੇ ਦਿੱਲੀ ਵਿੱਚ ਮੀਟਿੰਗ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਵਿਰੋਧੀ ਧੜੇ ਦੀ ਕੇਂਦਰ ਵਿੱਚ ਸਰਕਾਰ ਬਣਾਉਣ ਦੀ ਸੰਭਾਵਨਾ ਨਹੀਂ ਹੈ। ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਰਦ ਪਵਾਰ ਨੇ ਕਿਹਾ, ‘‘ਮੈਂ ਮਲਿਕਾਰਜੁਨ ਖੜਗੇ ਅਤੇ ਸੀਤਾਰਾਮ ਯੇਚੁਰੀ ਨਾਲ ਗੱਲ ਕੀਤੀ ਹੈ। ‘ਇੰਡੀਆ’ ਗਠਜੋੜ ਦੀ ਭਲਕੇ ਦਿੱਲੀ ਵਿੱਚ ਮੀਟਿੰਗ ਹੋਣ ਦੀ ਸੰਭਾਵਨਾ ਹੈ।’’ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ, ‘‘ਅਸੀਂ ਇਸ ਬਾਰੇ ਸੋਚਿਆ ਨਹੀਂ ਹੈ। ਮੈਨੂੰ ਯਕੀਨ ਨਹੀਂ ਹੈ ਕਿ ‘ਇੰਡੀਆ’ ਗੱਠਜੋੜ ਸਰਕਾਰ ਬਣਾ ਸਕਦਾ ਹੈ। ਅਸੀਂ ਭਲਕੇ ਮੀਟਿੰਗ ਕਰਾਂਗੇ ਅਤੇ ਭਵਿੱਖ ਰਣਨੀਤੀ ਬਾਰੇ ਸਰਬਸੰਮਤੀ ਨਾਲ ਫ਼ੈਸਲਾ ਲਵਾਂਗੇ।’’ ਚੋਣ ਨਤੀਜਿਆਂ ਬਾਰੇ ਪ੍ਰਤੀਕਿਰਿਆ ਦਿੰਦਿਆਂ ਪਵਾਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਐੱਨਸੀਪੀ ਅਤੇ ਸ਼ਿਵ ਸੈਨਾ (ਯੂਬੀਟੀ) ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ। ਚੋਣ ਨਤੀਜਿਆਂ ਦੇ ਰੁਝਾਨਾਂ ਮੁਤਾਬਕ ਭਾਜਪਾ ਆਪਣੇ ਦਮ ’ਤੇ ਕੇਂਦਰ ਵਿੱਚ ਸਰਕਾਰ ਨਹੀਂ ਬਣਾ ਸਕਦੀ, ਇਸ ਬਾਰੇ ਪਵਾਰ ਨੇ ਕਿਹਾ ਕਿ ਉਸਨੇ ਮੀਡੀਆ ਰਿਪੋਰਟਾਂ ਦੇ ਉਲਟ ਜੇਡੀ(ਯੂ) ਨੇਤਾ ਨਿਤੀਸ਼ ਕੁਮਾਰ ਜਾਂ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਨਾਲ ਗੱਲ ਨਹੀਂ ਕੀਤੀ ਹੈ। ਐੱਨਸੀਪੀ (ਐੱਸਪੀ) ਮੁਖੀ ਨੇ ਆਪਣੀ ਪਾਰਟੀ ਦੇ ਪ੍ਰਦਰਸ਼ਨ ’ਤੇ ਵੀ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਮਹਾਰਾਸ਼ਟਰ ਵਿੱਚ ਸਿਰਫ਼ 10 ਸੀਟਾਂ ’ਤੇ ਚੋਣ ਲੜੀ, ਜਿਨ੍ਹਾਂ ਵਿੱਚੋਂ ਸੱਤ ਸੀਟਾਂ ’ਤੇ ਅੱਗੇ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘ਅਸੀਂ ਮਹਾ ਵਿਕਾਸ ਅਗਾੜੀ (ਐੱਮਵੀਏ) ਵਜੋਂ ਇਕਜੁੱਟ ਹੋ ਕੇ ਲੜੇ ਅਤੇ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ। ਸਾਡੀ ਕਾਰਗੁਜ਼ਾਰੀ ਬਿਹਤਰ ਹੈ।’’ -ਪੀਟੀਆਈ