For the best experience, open
https://m.punjabitribuneonline.com
on your mobile browser.
Advertisement

ਸਿਆਸੀ ਬਿਆਨਬਾਜ਼ੀ

04:29 AM Feb 25, 2025 IST
ਸਿਆਸੀ ਬਿਆਨਬਾਜ਼ੀ
Advertisement

Advertisement

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਾਫ਼ੀ ਅਰਸੇ ਤੋਂ ਇਹ ਦਾਅਵਾ ਕਰਦੇ ਰਹੇ ਹਨ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਜਦੋਂ ਉਨ੍ਹਾਂ ਨੂੰ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹ ਹਰ ਵਾਰ ਇਹ ਕਹਿ ਕੇ ਟਾਲਾ ਵੱਟ ਜਾਂਦੇ ਹਨ ਕਿ ਕਾਂਗਰਸ ਪਾਰਟੀ ਦਾ ‘ਆਪ’ ਸਰਕਾਰ ਨੂੰ ਡੇਗਣ ਦਾ ਕੋਈ ਇਰਾਦਾ ਨਹੀਂ ਹੈ। ਦਿੱਲੀ ਵਿੱਚ ਜਿਸ ਦਿਨ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਸਨ ਤਾਂ ਟੀਵੀ ਐਂਕਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਜਵਾ ਨੇ ਆਪਣਾ ਪੁਰਾਣਾ ਬਿਆਨ ਦਾਗ਼ ਦਿੱਤਾ ਕਿ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਰਹਿਣਗੇ ਅਤੇ ‘ਆਪ’ ਦੇ ਕਈ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਹੁਣ ਵਿਧਾਨ ਸਭਾ ਦੇ ਦੋ ਦਿਨਾਂ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਫਿਰ ਦੁਹਰਾਇਆ ਹੈ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ।

Advertisement

ਸ੍ਰੀ ਬਾਜਵਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਹਨ, ਕਈ ਜ਼ਿੰਮੇਵਾਰ ਅਹੁਦਿਆਂ ’ਤੇ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇਸ ਸਮੇਂ ਵੀ ਉਹ ਵਿਰੋਧੀ ਧਿਰ ਦੇ ਆਗੂ ਦੇ ਜ਼ਿੰਮੇਵਾਰ ਅਹੁਦੇ ’ਤੇ ਬਿਰਾਜਮਾਨ ਹਨ। ਉਨ੍ਹਾਂ ਨੂੰ ਕਿਸੇ ਵੀ ਸਿਆਸੀ ਜਾਂ ਗ਼ੈਰ-ਸਿਆਸੀ ਮਾਮਲੇ ਬਾਰੇ ਬਿਆਨ ਦੇਣ ਜਾਂ ਚੁੱਪ ਰਹਿਣ ਦਾ ਪੂਰਾ ਹੱਕ ਹੈ ਪਰ ਬੇਤੁਕੀ ਬਿਆਨਬਾਜ਼ੀ ਨਾਲ ਕਿਸੇ ਪਾਰਟੀ ਜਾਂ ਆਗੂ ਨੂੰ ਕੁਝ ਵੀ ਹਾਸਿਲ ਨਹੀਂ ਹੁੰਦਾ ਸਗੋਂ ਇਸ ਨਾਲ ਪੰਜਾਬ ਦਾ ਸਿਆਸੀ ਸਭਿਆਚਾਰ ਹੋਰ ਗੰਧਲਾ ਹੀ ਹੁੰਦਾ ਹੈ। ਜੇ ਉਨ੍ਹਾਂ ਦਾ ਦਾਅਵਾ ਸਹੀ ਵੀ ਮੰਨ ਲਿਆ ਜਾਵੇ ਤਾਂ ਵੀ ਇਸ ਨਾਲ ਕਾਂਗਰਸ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਸਮੱਰਥ ਨਹੀਂ ਹੋ ਸਕੇਗੀ। ਜੇ ਬਾਕੀ ਦੀਆਂ ਪਾਰਟੀਆਂ ਦੇ ਮੈਂਬਰ ਅਤੇ ਆਜ਼ਾਦ ਵਿਧਾਇਕ ਵੀ ਉਨ੍ਹਾਂ ਨਾਲ ਆ ਜਾਣ ਤਾਂ ਵੀ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਜੁਟਾਉਣ ਵਾਸਤੇ ਚਾਰ ਪੰਜ ਹੋਰ ਵਿਧਾਇਕ ਤੋੜਨੇ ਪੈਣਗੇ।

ਦੂਜੇ ਪਾਸੇ, ਸੱਤਾਧਾਰੀ ਪਾਰਟੀ ਦੇ ਆਗੂ ਵੀ ਅਜਿਹੇ ਦਾਅਵਿਆਂ ਤੋਂ ਤੈਸ਼ ਵਿੱਚ ਆ ਕੇ ਜਵਾਬੀ ਦਾਅਵੇ ਕਰਨ ਲੱਗ ਪੈਂਦੇ ਹਨ ਜਿਸ ਨਾਲ ਸਰਕਾਰ ਦਾ ਵੱਕਾਰ ਨਹੀਂ ਵਧਦਾ ਸਗੋਂ ਪੰਜਾਬ ਵਿੱਚ ਸਿਆਸੀ ਸੰਵਾਦ ਦਾ ਪੱਧਰ ਹੀ ਨੀਵਾਂ ਹੁੰਦਾ ਹੈ। ਇਸ ਸਮੇਂ ਅਮਰੀਕਾ ਤੋਂ ਉੱਥੇ ਗ਼ੈਰ-ਕਾਨੂੰਨੀ ਢੰਗ ਨਾਲ ਪਹੁੰਚੇ ਜਾਂ ਬਿਨਾਂ ਕਾਗਜ਼ਾਤ ਤੋਂ ਪਰਵਾਸੀ ਭਾਰਤੀਆਂ ਨੂੰ ਫ਼ੌਜੀ ਜਹਾਜ਼ਾਂ ਵਿੱਚ ਲੱਦ ਕੇ ਵਾਪਸ ਵਤਨ ਭੇਜਿਆ ਜਾ ਰਿਹਾ ਹੈ। ਟਰੰਪ ਸਰਕਾਰ ਜਿਸ ਅਪਮਾਨਜਨਕ ਢੰਗ ਨਾਲ ਇਹ ਸਾਰੀ ਕਾਰਵਾਈ ਕਰ ਰਹੀ ਹੈ, ਉਸ ਨਾਲ ਸਮੁੱਚੇ ਭਾਰਤੀਆਂ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਪੰਜਾਬ ਲਈ ਇਹ ਸ਼ਰਮਿੰਦਗੀ ਹੋਰ ਵੀ ਭਾਰੀ ਸਾਬਿਤ ਹੋ ਰਹੀ ਹੈ ਕਿਉਂਕਿ ਭਾਰਤ ਸਰਕਾਰ ਨੇ ਪਰਵਾਸੀਆਂ ਦੀ ਵਤਨ ਵਾਪਸੀ ਲਈ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਦੀ ਚੋਣ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਬਾਦਸਤੂਰ ਚੱਲ ਰਿਹਾ ਹੈ। ਨਸ਼ਿਆਂ ਦਾ ਤੰਦੂਆ ਜਾਲ ਅਜੇ ਵੀ ਸਾਡੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਿਗਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਬੇਰੁਜ਼ਗਾਰੀ ਦੀ ਸਮੱਸਿਆ ਭਿਆਨਕ ਰੂਪ ਧਾਰ ਰਹੀ ਹੈ। ਪੰਜਾਬੀਆਂ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਆਗੂਆਂ ਨੂੰ ਵਿਧਾਨ ਸਭਾ ਦੇ ਸੈਸ਼ਨਾਂ ਵਿੱਚ ਸਿਰ ਜੋੜ ਕੇ ਮੰਥਨ ਅਤੇ ਆਤਮ-ਝਾਤ ਮਾਰਨ ਦੀ ਲੋੜ ਹੈ ਕਿ ਉਹ ਪੰਜਾਬ ਨੂੰ ਇਸ ਸੰਕਟ ਕਾਲ ਵਿੱਚ ਅਗਵਾਈ ਕਿਵੇਂ ਦੇ ਸਕਦੇ ਹਨ। ਸਿਆਸੀ ਆਗੂਆਂ ਦੀ ਬਿਆਨਬਾਜ਼ੀ ਲੋਕਾਂ ਨੂੰ ਹੋਰ ਨਿਰਾਸ਼ਾ ਦੇ ਆਲਮ ਵਿੱਚ ਸੁੱਟਣ ਵਾਲੀ ਹਰਗਿਜ਼ ਨਹੀਂ ਹੋਣੀ ਚਾਹੀਦੀ।

Advertisement
Author Image

Jasvir Samar

View all posts

Advertisement