ਦਿੱਲੀ ਮੋਰਚੇ ’ਚ ਸ਼ਹੀਦ ਹੋਏ ਕਿਸਾਨਾਂ ਬਾਰੇ ਸਿਆਸੀ ਧਿਰਾਂ ਨੇ ਚੁੱਪ ਵੱਟੀ
ਇਕਬਾਲ ਸਿੰਘ ਸ਼ਾਂਤ
ਲੰਬੀ, 29 ਜਨਵਰੀ
ਸੂਬੇ ਦੀਆਂ ਵਿਰੋਧੀ ਧਿਰਾਂ ਨੌਕਰੀ ਅਤੇ ਮੁਆਵਜ਼ਾ ਮੰਗ ਰਹੇ ਦਿੱਲੀ ਮੋਰਚੇ ਦੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਦੀ ਹਮਾਇਤ ਪੱਖੋਂ ਚੁੱਪ ਵੱਟੀ ਬੈਠੀਆਂ ਹਨ ਜਦਕਿ ਇਸ ਸਬੰਧੀ ਪਿਛਲੀ ਕਾਂਗਰਸ ਸਰਕਾਰ ਨੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਤੇ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਸੀ। ਪਿਛਲੇ ਸੱਤ ਦਿਨਾਂ ਤੋਂ ਕਰੀਬ 450 ਸ਼ਹੀਦ ਕਿਸਾਨਾਂ ਦੇ ਵਾਰਸ ਕੜਾਕੇ ਦੀ ਠੰਢ ਵਿੱਚ ਬਕਾਇਦਾ ਐਲਾਨੇ ਸਰਕਾਰੀ ਹੱਕਾਂ ਲਈ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੇ ਬੂਹੇ ’ਤੇ ਮੋਰਚਾ ਲਗਾਈ ਬੈਠੇ ਹਨ ਜਦਕਿ ਵਿਰੋਧੀ ਧਿਰਾਂ ਦੇ ਆਗੂਆਂ ਨੇ ਸੰਘਰਸ਼ਕਾਰੀਆਂ ਦੀ ਹਮਾਇਤ ਲਈ ਇਕ ਸ਼ਬਦ ਵੀ ਨਹੀਂ ਕਿਹਾ। ਦੂਜੇ ਪਾਸੇ ਖੇਤੀਬਾੜੀ ਮੰਤਰੀ ਅਤੇ ਗਠਿਤ ਕਮੇਟੀ ਦੇ ਮੁਖੀ ਗੁਰਮੀਤ ਖੁੱਡੀਆਂ ਨਾਲ ਕਿਸਾਨ ਵਾਰਿਸਾਂ ਦੀਆਂ ਦੋ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਵੱਡਾ ਦੁਖਾਂਤ ਹੈ ਕਿ ਆਪਣੀ ਸਰਕਾਰ ਸਮੇਂ ਪੰਜਾਬ ਦੇ ਸ਼ਹੀਦ 780 ਕਿਸਾਨਾਂ ਨੂੰ ਨੌਕਰੀ ਅਤੇ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਨੀਤੀਗਤ ਐਲਾਨ ਕਰਨ ਵਾਲੀ ਕਾਂਗਰਸ ਪਾਰਟੀ ਇਸ ਗੰਭੀਰ ਮੁੱਦੇ ’ਤੇ ਹਮਾਇਤ ਨਹੀਂ ਕਰ ਰਹੀ। ਸੂਬੇ ਦੇ ਆਮ ਲੋਕਾਂ ਵਿੱਚ ਸਿਆਸੀ ਧਿਰਾਂ ਦੀ ਚੁੱਪੀ ’ਤੇ ਸੁਆਲ ਉੱਠ ਰਹੇ ਹਨ। ਸਾਧਾਰਨ ਕਿਸਾਨ ਸਫ਼ਾਂ ਦਾ ਕਹਿਣਾ ਹੈ ਕਿ ਦਿੱਲੀ ਮੋਰਚੇ ਮੌਕੇ ਸੂਬੇ ਦੇ ਸਾਰੇ ਸਿਆਸੀ ਦਲ ਕਿਸਾਨੀ ਹਮਾਇਤ ਵਿੱਚ ਵੱਡੇ ਦਮਗਜ਼ੇ ਮਾਰਦੇ ਸਨ ਪਰ ਹੁਣ 450 ਸ਼ਹੀਦ ਕਿਸਾਨਾਂ ਦੇ ਵਾਰਿਸਾਂ ਲਈ ਚੁੱਪ ਬੈਠੇ ਹਨ। ਜ਼ਿਕਰਯੋਗ ਹੈ ਕਿ ਸਾਬਕਾ ਕਾਂਗਰਸ ਸਰਕਾਰ ਵੱਲੋਂ ਦਿੱਲੀ ਮੋਰਚੇ ਵਿਚ ਸ਼ਹੀਦ 780 ਕਿਸਾਨ ਪਰਿਵਾਰਾਂ ਨੂੰ ਇੱਕ ਨੌਕਰੀ ਅਤੇ ਪੰਜ-ਪੰਜ ਲੱਖ ਰੁਪਏ ਮੁਆਵਜ਼ਾ ਦਾ ਐਲਾਨ ਕੀਤਾ ਗਿਆ ਸੀ। 326 ਪਰਿਵਾਰਾਂ ਨੂੰ ਸੂਬਾ ਸਰਕਾਰ ਵੱਲੋਂ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਤਿਲੰਗਾਨਾ ਸਰਕਾਰ ਵੱਲੋਂ ਸ਼ਹੀਦ ਕਿਸਾਨ ਪਰਿਵਾਰਾਂ ਲਈ ਭੇਜਿਆ ਤਿੰਨ-ਤਿੰਨ ਲੱਖ ਰੁਪਏ ਦਾ ਮੁਆਵਜ਼ਾ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਤਕਸੀਮ ਨਹੀਂ ਕੀਤਾ।
‘ਆਪ’ ਨੂੰ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ ਖਮਿਆਜ਼ਾ
ਕਿਸਾਨਾਂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੇ ਘਰ ਅੱਗੇ ਸ਼ਹੀਦ ਕਿਸਾਨ ਵਾਰਿਸਾਂ ਦੇ ਮੋਰਚੇ ਦਾ ਸੇਕ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ’ਚ ਝੱਲਣਾ ਪਵੇਗਾ। ਉਨ੍ਹਾਂ ਮੋਰਚੇ ਦੀ ਸਟੇਜ ਤੋਂ ਐਲਾਨ ਕੀਤਾ ਕਿ ਲੋਕ ਸਭਾ ਚੋਣਾਂ ਮੌਕੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਘਿਰਾਉ ਕਰ ਕੇ ਸਵਾਲ-ਜਵਾਬ ਕੀਤੇ ਜਾਣਗੇ। ਅੱਜ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਸ਼ਹੀਦ ਪਰਿਵਾਰਾਂ ਦੀਆਂ ਔਰਤਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਔਰਤਾਂ ਨੇ ‘ਆਪ’ ਸਰਕਾਰ ਦੀ ਬੇਰੁਖੀ ਪ੍ਰਤੀ ਨਾਰਾਜ਼ਗੀ ਜਤਾਈ।