ਸਿਆਸੀ ਧਿਰਾਂ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰਦੀਆਂ: ਲੱਖਾ ਸਿਧਾਣਾ
ਪੱਤਰ ਪ੍ਰੇਰਕ
ਨਥਾਣਾ, 24 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ (ਅਕਾਲੀ ਦਲ (ਅ) ਦੀ ਹਮਾਇਤ ਪ੍ਰਾਪਤ) ਉਮੀਦਵਾਰ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਇਥੇ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕਿਸੇ ਵੀ ਰਾਜਸੀ ਪਾਰਟੀ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਥਾਂ ਰਾਜਸੀ ਰੋਟੀਆਂ ਸੇਕਣ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੱਚੀ ਸਾਲ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਪੰਦਰਾਂ ਸਾਲ ਤੱਕ ਕਾਂਗਰਸ ਨੇ ਪੰਜਾਬ ’ਤੇ ਰਾਜ ਕੀਤਾ ਹੈ। ਇਸੇ ਲੜੀ ’ਚ ਹੁਣ ਆਮ ਆਦਮੀ ਪਾਰਟੀ ਰਾਜ ਭਾਗ ਚਲਾ ਰਹੀ ਹੈ ਪ੍ਰੰਤੂ ਲੋਕਾਂ ਦਾ ਜੀਵਨ ਪੱਧਰ ਸੁਧਾਰਨ ਜਾਂ ਪੰਜਾਬ ਦੇ ਲਟਕਦਿਆਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਕਿਸੇ ਵੀ ਧਿਰ ਨੇ ਸੁਹਿਰਦ ਯਤਨ ਨਹੀਂ ਕੀਤੇ। ਉਨ੍ਹਾਂ ਭਰੋਸਾ ਦਿਵਾਇਆ ਕਿ ਰਾਜਨੀਤਿਕ ਤੌਰ ’ਤੇ ਕੁਰਸੀ ਪ੍ਰਾਪਤ ਕਰਨਾ ਉਨ੍ਹਾਂ ਦਾ ਮੰਤਵ ਨਹੀਂ ਬਲਕਿ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਹਿੱਤਾਂ ਖਾਤਰ ਪਹਿਰਾ ਦੇਣਾ ਉਨ੍ਹਾਂ ਦਾ ਅਸਲੀ ਮਨੋਰਥ ਹੈ। ਇਸ ਤੋਂ ਪਹਿਲਾਂ ਉਨ੍ਹਾਂ ਆਪਣੀ ਪਾਰਟੀ ਦੇ ਚੋਣ ਦਫਤਰ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਬੱਗੀ ਸਿੰਘ, ਬੁੱਧ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਲਾਭ ਸਿੰਘ ਜ਼ੈਲਦਾਰ ਅਤੇ ਦਰਸਨ ਸਿੰਘ ਫੂਲਾ ਹਾਜ਼ਰ ਸਨ।