For the best experience, open
https://m.punjabitribuneonline.com
on your mobile browser.
Advertisement

ਸਿਆਸੀ ਪਾਰਾ ਵਧਿਆ: ਛੁੱਟੀ ਵਾਲੇ ਦਿਨ ਵੱਡੇ ਆਗੂ ਕਰਨਗੇ ਚੋਣ ਪ੍ਰਚਾਰ

10:58 AM May 26, 2024 IST
ਸਿਆਸੀ ਪਾਰਾ ਵਧਿਆ  ਛੁੱਟੀ ਵਾਲੇ ਦਿਨ ਵੱਡੇ ਆਗੂ ਕਰਨਗੇ ਚੋਣ ਪ੍ਰਚਾਰ
ਲੁਧਿਆਣਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਜਾਂਚ ਕਰਦਾ ਹੋਇਆ ਬੰਬ ਨਕਾਰਾ ਕਰਨ ਵਾਲਾ ਦਸਤਾ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 25 ਮਈ
ਤਪਦੀ ਗਰਮੀ ’ਚ ਜਿੱਥੇ ਲੁਧਿਆਣਾ ਸ਼ਹਿਰ ਦਾ ਪਾਰਾ 46 ਡਿਗਰੀ ਦੇ ਆਸਪਾਸ ਪੁੱਜ ਗਿਆ ਹੈ, ਉੱਥੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਸ਼ਹਿਰ ’ਚ ਗਰਮੀ ਵਧਣ ਦੇ ਨਾਲ ਨਾਲ ਸਿਆਸਤ ਦਾ ਪਾਰਾ ਵੀ ਚੜ੍ਹੇਗਾ। ਐਤਵਾਰ ਨੂੰ ਸਾਰੀਆਂ ਪਾਰਟੀਆਂ ਦੇ ਵੱਡੇ ਆਗੂ ਪ੍ਰਚਾਰ ਕਰਨ ਲਈ ਲੁਧਿਆਣਾ ਪੁੱਜ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕਾਂਗਰਸ ਦੀ ਆਗੂ ਪ੍ਰਿਅੰਕਾ ਗਾਂਧੀ ਅਤੇ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਮਜੀਠੀਆ ਵੀ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕਰਨ ਲਈ ਪੁੱਜੇ ਰਹੇ ਹਨ। ਸਭ ਤੋਂ ਵੱਡੀ ਚੁਣੌਤੀ ਪੁਲੀਸ ਲਈ ਹੋਵੇਗੀ। ਸੁਰੱਖਿਆ ਨੂੰ ਲੈ ਕੇ ਪੁਲੀਸ ਨੇ ਵੀ ਪੂਰੀ ਤਰ੍ਹਾਂ ਨਾਲ ਕਮਰਕੱਸੇ ਕਰ ਲਏ ਹਨ। ਸ਼ਹਿਰ ਦੇ ਨਵੇਂ ਪੁਲੀਸ ਕਮਿਸ਼ਨਰ ਨਿਲਾਭ ਕਿਸ਼ੋਰ ਨੇ ਸੁਰੱਖਿਆ ਪ੍ਰਬੰਧ ਦੀ ਕਮਾਨ ਸੰਭਾਲ ਲਈ ਹੈ। ਉਹ ਦਿੱਲੀ ਤੋਂ ਪੁੱਜੀਆਂ ਟੀਮਾਂ ਨਾਲ ਪੂਰੀ ਤਰ੍ਹਾਂ ਰਾਬਤਾ ਕਾਇਮ ਕਰ ਕੰਮ ਕਰ ਰਹੇ ਹਨ। ਪੰਜਾਬ ਪੁਲੀਸ ਨਾਲ ਕੇਂਦਰੀ ਗ੍ਰਹਿ ਮੰਤਰੀ ਦੀ ਰੈਲੀ ’ਚ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਰਹੇਗੀ।
ਸ਼ਹਿਰ ਦੀ ਦਾਣਾ ਮੰਡੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੁੱਜ ਰਹੇ ਹਨ। ਉਹ ਰਵਨੀਤ ਸਿੰਘ ਬਿੱਟੂ ਦੇ ਹੱਕ ’ਚ ਪ੍ਰਚਾਰ ਕਰਨਗੇ। ਉਹ ਸ਼ਾਮ ਪੰਜ ਵਜੇ ਰੈਲੀ ਕਰਨਗੇ। ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਵਰਕਰ ਕੰਮ ਕਰ ਰਹੇ ਹਨ। ਦੂਜੇੇ ਪਾਸੇ ਪੁਲੀਸ ਵੀ ਰੈਲੀ ਸਥਾਨ ’ਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਨ ’ਚ ਲੱਗੀ ਹੈ। ਕੇਂਦਰੀ ਗ੍ਰਹਿ ਮੰਤਰੀ ਵਿਸ਼ੇਸ਼ ਚੌਪਰ ਰਾਹੀਂ ਲੁਧਿਆਣਾ ਪੁੱਜਣਗੇ ਅਤੇ ਉਸ ਤੋਂ ਬਾਅਦ ਕਾਰ ਰਾਹੀਂ ਰੈਲੀ ਸਥਾਨ ’ਤੇ ਪੁੱਜਣਗੇ। ਉਧਰ, ਖੰਨਾ ’ਚ ਕੇਂਦਰੀ ਮੰਤਰੀ ਰਾਜਨਾਥ ਸਿੰਘ ਪੁੱਜ ਰਹੇ ਹਨ। ਉਹ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਗੇਜਾ ਰਾਮ ਵਾਲੀਮਿਕ ਦੇ ਹੱਕ ’ਚ ਪ੍ਰਚਾਰ ਕਰਨਗੇ। ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਕਾਂਗਰਸ ਦੇ ਮੌਜੂਦਾ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦੇ ਹੱਕ ’ਚ ਰੋਡ ਸ਼ੋਅ ਕਰੇਗੀ। ਰੋਡ ਸ਼ੋਅ ਲਈ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧ ਕਰ ਲਏ ਗਏ ਹਨ। ਪੁਲੀਸ ਵੱਲੋਂ ਕਾਂਗਰਸ ਦੀ ਟੀਮ ਨਾਲ ਮਿਲ ਕੇ ਪੂਰਾ ਰੋਡ ਮੈਪ ਤਿਆਰ ਕਰ ਲਿਆ ਗਿਆ ਹੈ। ਰੋਡ ਸ਼ੋਅ ਖੰਨਾ ’ਚ ਹੀ ਹੋਵੇਗਾ। ਇਸ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਵੀ ਲੁਧਿਆਣਾ ’ਚ ਢਿੱਲੋਂ ਲਈ ਪ੍ਰਚਾਰ ਕਰਨ ਪੁੱਜ ਰਹੇ ਹਨ। ਉਹ ਫਿਰੋਜ਼ਪੁਰ ਰੋਡ ’ਤੇ ਪੈਦਲ ਮਾਰਚ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਤੇ ਸਾਰੀ ਲੀਡਰਸ਼ਿਪ ਮੌਜੂਦ ਹੋਵੇਗੀ। ਮਜੀਠੀਆ ਦਾ ਪੈਦਲ ਮਾਰਚ ਐਤਵਾਰ ਦੀ ਸਵੇਰੇ ਆਰਤੀ ਚੌਂਕ ਤੋਂ ਸ਼ੁਰੂ ਹੋ ਕੇ ਘੁਮਾਰ ਮੰਡੀ ਚੌਂਕ ਹੁੰਦਾ ਹੋਇਆ ਭਾਈ ਬਾਲਾ ਚੌਂਕ ਕੋਲ ਪੁੱਜੇਗਾ ਤੇ ਉਸ ਤੋਂ ਬਾਅਦ ਮਲਹਾਰ ਰੋਡ ਵੱਲ ਜਾਵੇਗਾ।

Advertisement

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਵੱਲੋਂ ਖੰਨਾ ’ਚ ਚੋਣ ਪ੍ਰਚਾਰ ਅੱਜ

ਖੰਨਾ (ਨਿੱਜੀ ਪੱਤਰ ਪ੍ਰੇਰਕ):ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਪੂਰੀ ਤਰ੍ਹਾਂ ਸਰਗਰਮੀਆਂ ਚੱਲ ਰਹੀਆਂ ਹਨ। ਦੂਜੇ ਰਾਜਾਂ ਵਿਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਉਪਰੰਤ ਹੁਣ ਆਖਰੀ ਪੜਾਅ ਦੀਆਂ ਚੋਣਾਂ ਪਹਿਲੀ ਜੂਨ ਨੂੰ ਹੋਣੀਆਂ ਹਨ। ਇਸ ਸਬੰਧੀ ਕੇਂਦਰੀ ਆਗੂਆਂ ਨੇ ਆਪਣਾ ਚੋਣ ਪ੍ਰਚਾਰ ਕੇਂਦਰ ਪੰਜਾਬ ਨੂੰ ਬਣਾ ਲਿਆ ਹੈ। ਇਸੇ ਤਹਿਤ ਭਾਜਪਾ ਦਾ ਪ੍ਰਚਾਰ ਕਰਨ ਲਈ ਪ੍ਰਧਾਨ ਮੰਤਰੀ ਤੋਂ ਬਾਅਦ 26 ਮਈ ਨੂੰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਖੰਨਾ ਪੁੱਜ ਰਹੇ ਹਨ। ਇਸ ਸਬੰਧੀ ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰੇ ਇਕਬਾਲ ਸਿੰਘ ਚੰਨੀ ਨੇ ਦੱਸਿਆ ਕਿ ਰਾਜਨਾਥ ਸਿੰਘ ਫ਼ਤਹਿਗੜ੍ਹ ਸਾਹਿਬ ਤੋਂ ਭਾਜਪਾ ਟਿਕਟ ’ਤੇ ਚੋਣ ਲੜ ਰਹੇ ਗੇਜਾ ਰਾਮ ਬਾਲਮੀਕਿ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਹੋਏ ਖੰਨਾ ਦੀ ਮੁੱਖ ਅਨਾਜ ਮੰਡੀ ਵਿਚ ਇਕੱਠ ਨੂੰ ਸੰਬੋਧਨ ਕਰਨਗੇ। ਰਾਜਨਾਥ ਸਿੰਘ ਦੀ ਆਮਦ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਕੀਤੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement