ਸਿਆਸੀ ਆਗੂਆਂ ਨੇ ਪਰਿਵਾਰਾਂ ਸਣੇ ਵੋਟ ਪਾਈ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 15 ਅਕਤੂਬਰ
ਪੰਚਾਇਤੀ ਚੋਣਾਂ ਦੌਰਾਨ ਜਿੱਥੇ ਆਮ ਲੋਕਾਂ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਉਥੇ ਸਿਆਸੀ ਹਸਤੀਆਂ ਨੇ ਵੀ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਇਸੇ ਕੜੀ ’ਚ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਪਣੇ ਪੇਕੇ ਪਿੰਡ ਜਗਾ ਰਾਮ ਤੀਰਥ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਪੋਲਿੰਗ ਬੂਥ ਵਿਖੇ ਪੇਕੇ ਪਰਿਵਾਰ ਦੇ ਮੈਂਬਰਾਂ ਸਮੇਤ ਆਪਣੀ ਵੋਟ ਦਾ ਇਸਤੇਮਾਲ ਕੀਤਾ। ਪ੍ਰੋਫੈਸਰ ਬਲਜਿੰਦਰ ਕੌਰ ਨਾਲ ਉਨ੍ਹਾਂ ਦੇ ਦਾਦੀ ਮਾਤਾ ਮਲਕੀਤ ਕੌਰ, ਪੰਥਕ ਆਗੂ ਅਤੇ ਪਿਤਾ ਜਥੇਦਾਰ ਦਰਸ਼ਨ ਸਿੰਘ, ਮਾਤਾ ਰਣਜੀਤ ਕੌਰ, ਭਰਜਾਈ ਅਤੇ ਭਰਾਵਾਂ ਐਡਵੋਕੇਟ ਉਦੈਵੀਰ ਸਿੰਘ ਤੇ ਰਮਨਦੀਪ ਸਿੰਘ ਨੇ ਵੀ ਵੋਟ ਪਾਈ। ਇਸੇ ਤਰ੍ਹਾਂ ਵਿਧਾਨ ਸਭਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਰਹਿ ਚੁੱਕੇ ਜੀਤਮਹਿੰਦਰ ਸਿੰਘ ਸਿੱਧੂ ਨੇ ਪੰਚਾਇਤੀ ਚੋਣਾਂ ’ਚ ਸ਼ਮੂਲੀਅਤ ਕਰਦਿਆਂ ਅੱਜ ਬਠਿੰਡਾ (ਦਿਹਾਤੀ) ਹਲਕੇ ’ਚ ਪੈਂਦੇ ਆਪਣੇ ਜੱਦੀ ਪਿੰਡ ਪਥਰਾਲਾ ਦੇ ਪੋਲਿੰਗ ਬੂਥ ’ਤੇ ਆਪਣੇ ਭਰਾਵਾਂ ਅਤੇ ਸਕੇ ਸਬੰਧੀਆਂ ਸਮੇਤ ਵੋਟ ਪਾਈ।
ਪੱਖੋ ਕੈਂਚੀਆਂ (ਰੋਹਿਤ ਗੋਇਲ): ਪੰਚਾਇਤੀ ਚੋਣਾਂ ਵਿੱਚ ਭਦੌੜ ਤੋਂ ‘ਆਪ’ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਆਪਣੇ ਪਿੰਡ ਉਗੋਕੇ ਦੇ ਪੋਲਿੰਗ ਬੂਥ ’ਤੇ ਵੋਟ ਪਾਈ। ਵਿਧਾਇਕ ਉੱਗੋਕੇ ਨੇ ਕਿਹਾ ਕਿ ਕਿਸੇ ਵੀ ਉਮੀਦਵਾਰ ਨਾਲ ਉਨ੍ਹਾਂ ਦੇ ਹਲਕੇ ਵਿੱਚ ਧੱਕਾ ਨਹੀਂ ਕੀਤਾ ਗਿਆ ਅਤੇ ਅਮਨ-ਅਮਾਨ ਨਾਲ ਸ਼ਾਂਤੀ ਪੂਰਵਕ ਇਹ ਚੋਣਾਂ ਨੇਪਰੇ ਚੜ੍ਹ ਰਹੀਆਂ ਹਨ।
ਭੁੱਚੋ ਮੰਡੀ (ਪਵਨ ਗੋਇਲ): ਭਾਜਪਾ ਦੇ ਸੂਬਾਈ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਅਤੇ ਉਨ੍ਹਾਂ ਦੇ ਬੇਟੇ ਮਨਜੋਤ ਸਿੰਘ ਸੋਢੀ ਨੇ ਬੂਥ ਨੰਬਰ 91 ’ਤੇ ਆਪਣੀ ਵੋਟ ਪਾਈ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਪਿੰਡ ਦੀ ਚੋਣ ਦਾ ਨਤੀਜਾ ਸਾਹਮਣੇ ਨਹੀਂ ਆਇਆ।