ਸਿਆਸੀ ਆਗੂਆਂ ਤੇ ਬੀਡੀਪੀਓ ਦੋਰਾਹਾ ਦੇ ਸਿੰਗ ਫਸੇ
ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 27 ਜੁਲਾਈ
ਲੋਕ ਇਨਸਾਫ਼ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਪਿਛਲੇ ਦਨਿੀਂ ਲਾਗਲੇ ਪਿੰਡ ਜੈਪੁਰਾ ’ਚ ਜ਼ਮੀਨੀ ਝਗੜੇ ਦੇ ਮਾਮਲੇ ਵਿਚ ਬੀ.ਡੀ.ਪੀ.ਓ ਦੋਰਾਹਾ ਮਨਦੀਪ ਕੌਰ ਵਿਚਕਾਰ ਹੋਈ ਬਹਿਸ ਦਾ ਮਾਮਲਾ ਸੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ। ਜਿਸ ਵਿੱਚ ਸ੍ਰੀ ਗਿਆਸਪੁਰਾ ਨੇ ਬੀਡੀਪੀਓ ਦੋਰਾਹਾ ਤੇ ਵਿਧਾਇਕ ਲਖਵੀਰ ਸਿੰਘ ਲੱਖਾ ਨਾਲ ਮਿਲ ਕੇ ਲੋਕਾਂ ਨਾਲ ਧੱਕਾ ਕਰਨ ਅਤੇ ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ ਲਗਾਏ ਹਨ। ਦੂਜੇ ਪਾਸੇ 5 ਦਨਿ ਬੀਤਣ ਉਪਰੰਤ ਵੀ ਹਲਕਾ ਵਿਧਾਇਕ ਤੇ ਬੀਡੀਪੀਓ ਦੋਰਾਹਾ ਵੱਲੋਂ ਕੋਈ ਸਪੱਸ਼ਟੀਕਰਨ ਨਾ ਦੇਣਾ ਊਨਾਂ ਨੂੰ ਸ਼ੱਕ ਦੇ ਘੇਰੇ ’ਚ ਖੜ੍ਹਾ ਕਰ ਰਿਹਾ ਹੈ।
ਵਾਇਰਲ ਆਡੀਓ ਵਿੱਚ ਬੀਡੀਪੀਓ ਨੇ ਮਾਣਹਾਨੀ ਦਾ ਕੇਸ ਕਰਨ ਦੀ ਧਮਕੀ ਵੀ ਦਿੱਤੀ, ਜੋ ਗਿਆਸਪੁਰਾ ਵੱਲੋਂ ਕਬੂਲ ਵੀ ਕੀਤੀ ਗਈ। ਦੂਜੇ ਪਾਸੇ ਬੀਡੀਪੀਓ ਨੇ ਗਿਆਸਪੁਰਾ ’ਤੇ ਲੋਕਾਂ ਤੋਂ ਪੈਸੇ ਲੈਣ ਦਾ ਵੀ ਇਲਜ਼ਾਮ ਲਾ ਦਿੱਤਾ ਹੈ। ਮਾਮਲਾ ਸਿਆਸੀ ਤਿਕੋਣਾ ਬਣ ਚੁੱਕਾ ਹੈ ਇੱਕ ਪਾਸੇ ਲੋਕ ਇਨਸਾਫ਼ ਪਾਰਟੀ, ਦੂਜੇ ਪਾਸੇ ਕਾਂਗਰਸ ਵੱਲੋਂ ਸਰਕਾਰੀ ਧਿਰ ਬੀਡੀਪੀਓ ਤੇ ਤੀਜੀ ਧਿਰ ਕੱਦੋਂ ਦੀ ਅਕਾਲੀ ਪੰਚਾਇਤ ਹੈ।
ਜੈਪੁਰਾ ਦੀ ਵਿਵਾਦਤ ਜ਼ਮੀਨ ਸਬੰਧੀ ਕਿਸਾਨ ਦੇ ਹੱਕ ’ਚ ਆਏ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਵਿਵਾਦਤ ਡੇਢ ਕਿੱਲਾ ਜ਼ਮੀਨ ’ਤੇ ਬਲਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਦਾ ਕਈ ਸਾਲਾਂ ਤੋਂ ਕਬਜ਼ਾ ਹੈ। ਡੇਢ ਕਿੱਲਾ ਜ਼ਮੀਨ ’ਚੋਂ ਕੱਦੋਂ ਪਿੰਡ ਨੂੰ ਜਾਣ ਲਈ ਰਸਤਾ ਕੱਢ ਦਿੱਤਾ ਹੈ, ਜਿਸ ਨਾਲ ਕਿਸਾਨਾਂ ਕੋਲ ਸਿਰਫ ਇਕ ਕਿੱਲ ਜ਼ਮੀਨ ਹੀ ਰਹਿ ਗਈ ਹੈ। ਕਿਸਾਨਾਂ ਵੱਲੋਂ ਜ਼ਮੀਨ ਦੀ ਮਿਣਤੀ ਕਰਵਾਉਣ ਲਈ ਕੀਤੀ ਬੇਨਤੀ ’ਤੇ ਕਾਨੂੰਗੋ ਜਾਂ ਕੋਈ ਵੀ ਸਰਕਾਰੀ ਅਫਸਰ ਮੌਕਾ ਦੇਖਣ ਨਹੀਂ ਆਇਆ।
ਕੱਦੋਂ ਦੀ ਪੰਚਾਇਤ ਵੱਲੋਂ ਰਸਤੇ ’ਤੇ ਦਾਅਵਾ
ਮਾਮਲੇ ਨੇ ਉਦੋਂ ਅਹਿਮ ਮੋੜ ਲਿਆ ਜਦੋਂ ਕੱਦੋਂ ਪਿੰਡ ਨੂੰ ਜਾਣ ਵਾਲੇ ਰਸਤੇ ’ਤੇ ਕੱਦੋਂ ਦੀ ਪੰਚਾਇਤ ਨੇ ਦਾਅਵਾ ਠੋਕ ਦਿੱਤਾ। ਕੱਦੋਂ ਦੇ ਸਰਪੰਚ ਪਰਮਿੰਦਰ ਸਿੰਘ ਤੇ ਪੰਚਾਂ ਨੇ ਕਿਹਾ ਕਿ ਜਿਸ ਜ਼ਮੀਨ ਨੂੰ ਜੈਪੁਰੇ ਪਿੰਡ ਦੇ ਕਿਸਾਨ ਆਪਣੀ ਦੱਸ ਕੇ ਖੇਤੀ ਕਰ ਰਹੇ ਹਨ, ਉਹ ਮਾਲ ਰਿਕਾਰਡ ਦੇ 417 ਨੰਬਰ ਮੁਤਾਬਕ ਸਰਕਾਰੀ ਕਾਗਜ਼ਾਂ ’ਚ ਦਰਜ ਹੈ। ਜੈਪੁਰੇ ਦੇ ਕਿਸਾਨ ਊਸ ਜ਼ਮੀਨ ’ਤੇ ਨਾਜਾਇਜ਼ ਕਾਬਜ਼ ਹਨ।
ਸਾਰਾ ਕੰਮ ਕਾਨੂੰਨ ਮੁਤਾਬਕ ਕੀਤਾ: ਬੀਡੀਪੀਓ
ਬੀ.ਡੀ.ਪੀ.ਓ. ਨਵਦੀਪ ਕੌਰ ਨੇ ਇਸ ਸਬੰਧੀ ਕਿਹਾ ਕਿ ਪਿੰਡ ਕੱਦੋਂ ਤੇ ਜੈਪੁਰਾ ਨੂੰ ਆਪਸ ’ਚ ਜੋੜਨ ਵਾਲੀ ਜ਼ਮੀਨ ਦਾ ਸਾਰਾ ਕੰਮ ਕਾਨੂੰਨ ਅਨੁਸਾਰ ਹੀ ਕੀਤਾ ਗਿਆ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਜ਼ਮੀਨ ਵਿਚ ਗੜਬੜੀ ਹੋਣ ਸਬੰਧੀ ਕੁਝ ਵੀ ਕਹਿਣਾ ਹੈ ਤਾਂ ਉਹ ਰੈਵੇਨਿਊ ਵਿਭਾਗ ਵਿਚ ਜਾ ਕੇ ਸੰਪਰਕ ਕਰ ਸਕਦਾ ਹੈ।