ਸਿਆਸੀ ਛਾਪ: ਜਲੰਧਰ ਦੀ ‘ਧਮਕ’ ਦਿੱਲੀ ਤੱਕ ਪਈ.!
ਚਰਨਜੀਤ ਭੁੱਲਰ
ਚੰਡੀਗੜ੍ਹ, 13 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਲਈ ਵੱਕਾਰੀ ਸੀਟ ਜਲੰਧਰ (ਪੱਛਮੀ) ਜ਼ਿਮਨੀ ਚੋਣ ਦੀ ਜਿੱਤ ਦੀ ਧਮਕ ਹੁਣ ਦਿੱਲੀ ਤੱਕ ਪਈ ਹੈ ਅਤੇ ‘ਆਪ’ ਨੇ ਇਹ ਸੀਟ ਜਿੱਤ ਕੇ ਆਪਣੀ ਸਿਆਸੀ ਸਮਰੱਥਾ ਦਿਖਾਈ ਹੈ।
ਜਲੰਧਰ (ਪੱਛਮੀ) ਦੀ ਜ਼ਿਮਨੀ ਚੋਣ ਆਪ ਵੱਲੋਂ 37,325 ਵੋਟਾਂ ਦੀ ਵੱਡੀ ਲੀਡ ਨਾਲ ਜਿੱਤਣ ਦੇ ਸਿਆਸੀ ਮਾਅਨੇ ਹਨ। ਉਸ ਤੋਂ ਵੱਡੇ ਮਾਅਨੇ ਭਗਵੰਤ ਮਾਨ ਵੱਲੋਂ ਦਿੱਤੀ ਅਗਵਾਈ ਦੇ ਹਨ ਜਿਨ੍ਹਾਂ ਜਲੰਧਰ ਵਿੱਚ ਡੇਰਾ ਲਾ ਕੇ ਆਪਣੀ ਕਾਬਲੀਅਤ ਦਰਸਾਈ ਹੈ। ਮੁੱਖ ਮੰਤਰੀ ਦਾ ਸਮੁੱਚਾ ਪਰਿਵਾਰ ਅਤੇ ਕੈਬਨਿਟ ਮੰਤਰੀਆਂ ਤੋਂ ਇਲਾਵਾ ਵਿਧਾਇਕ ਤੇ ਪਾਰਟੀ ਦੇ ਅਹੁਦੇਦਾਰ ਵੀ ਜਲੰਧਰ ’ਚ ਚੋਣ ਪ੍ਰਚਾਰ ਵਿਚ ਜੁਟੇ ਰਹੇ। ਇਹ ਪਹਿਲੀ ਅਜਿਹੀ ਚੋਣ ਹੋਵੇਗੀ ਜਿਸ ਵਿਚ ‘ਆਪ’ ਹਾਈਕਮਾਨ ਦੀ ਭੂਮਿਕਾ ਪਹਿਲੀਆਂ ਚੋਣਾਂ ਦੀ ਤਰਜ਼ ਤੋਂ ਹਟ ਕੇ ਰਹੀ ਹੈ। ਜਲੰਧਰ ਜ਼ਿਮਨੀ ਚੋਣ ਇੱਕ ਤਰੀਕੇ ਨਾਲ ਭਗਵੰਤ ਮਾਨ ’ਤੇ ਟਿਕੀ ਹੋਈ ਸੀ ਜਿਨ੍ਹਾਂ ਨੇ ਚੋਣ ਵੱਡੇ ਫ਼ਰਕ ਨਾਲ ਜਿੱਤ ਕੇ ਪਾਰਟੀ ਦੇ ਅੰਦਰ ਅਤੇ ਬਾਹਰ ਆਪਣਾ ਲੋਹਾ ਮੰਨਵਾਇਆ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ’ਚ ਸਿਰਫ ਤਿੰਨ ਸੀਟਾਂ ਮਿਲਣ ਕਰਕੇ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ’ਤੇ ਉਂਗਲ ਚੁੱਕੀ ਸੀ ਪਰ ਹੁਣ ਜਲੰਧਰ ਜ਼ਿਮਨੀ ਚੋਣ ਜਿੱਤ ਕੇ ਉਹ ਸਾਰੀਆਂ ਧਿਰਾਂ ਦੇ ਮੂੰਹ ਬੰਦ ਕਰਨ ਵਿਚ ਕਾਮਯਾਬ ਹੋਏ ਹਨ। ਜਲੰਧਰ ’ਚ ਜਿੱਤ ਮਗਰੋਂ ਮੁੱਖ ਮੰਤਰੀ ਦੀ ਮਕਬੂਲੀਅਤ ਵਧੀ ਹੈ ਅਤੇ ਤਿਹਾੜ ਜੇਲ੍ਹ ’ਚ ਬੰਦ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਲਈ ਇਹ ਜਿੱਤ ਠੰਢੇ ਬੁੱਲੇ ਵਾਂਗ ਹੈ। ਲੰਘੇ ਦਿਨਾਂ ਤੋਂ ਚਰਚੇ ਸਨ ਕਿ ਮੁੱਖ ਮੰਤਰੀ ਨੂੰ ਲੈ ਕੇ ‘ਆਪ’ ਦੇ ਅੰਦਰ ਅਤੇ ਬਾਹਰ ਵਿਰੋਧੀ ਸੁਰਾਂ ਤਿੱਖੀਆਂ ਹੋਈਆਂ ਹਨ ਪਰ ਇਸ ਜਿੱਤ ਨੇ ਇਨ੍ਹਾਂ ਸੁਰਾਂ ਨੂੰ ਮੋੜਾ ਦਿੱਤਾ ਹੈ। ‘ਆਪ’ ਦੀ ਇਸ ਵੱਡੇ ਫਰਕ ਵਾਲੀ ਜਿੱਤ ਨੇ ਭਗਵੰਤ ਮਾਨ ਦਾ ਸਿਆਸੀ ਕੱਦ ਵਧਾਉਣ ਦੇ ਨਾਲ-ਨਾਲ ਪਾਰਟੀ ਅੰਦਰ ਪੈਂਠ ਵੀ ਮਜ਼ਬੂਤ ਕਰ ਦਿੱਤੀ ਹੈ। ਲੋਕ ਸਭਾ ਦੀ ਜ਼ਿਮਨੀ ਚੋਣ ਮਗਰੋਂ ਜਲੰਧਰ ਨੇ ਹੁਣ ਦੂਜੀ ਵਾਰ ‘ਆਪ’ ਦੀ ਲਾਜ ਰੱਖੀ ਹੈ। ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਵੀ ਇਸ ਚੋਣ ਲਈ ਜਲੰਧਰ ਦੇ ਗੇੜੇ ਲਾਏ ਸਨ। ਮੁੱਖ ਮੰਤਰੀ ਨੇ ਇਸ ਜ਼ਿਮਨੀ ਚੋਣ ਵਿਚ ਵੋਟਰਾਂ ਨਾਲ ਸਿੱਧਾ ਰਾਬਤਾ ਬਣਾਇਆ ਅਤੇ ਮੁਲਾਜ਼ਮ ਤੇ ਬੇਰੁਜ਼ਗਾਰ ਧਿਰਾਂ ਨਾਲ ਮੀਟਿੰਗਾਂ ਕਰਕੇ ਮਾਹੌਲ ਨੂੰ ਆਪਣੇ ਪੱਖ ਵਿਚ ਕੀਤਾ। 1967 ਤੋਂ ਮਗਰੋਂ ਹੋਈਆਂ 27 ਜ਼ਿਮਨੀ ਚੋਣਾਂ ’ਚੋਂ 20 ਵਾਰ ਹਾਕਮ ਧਿਰ ਜਿੱਤੀ ਹੈ ਪਰ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਉਸ ਵਕਤ ਸੱਤਾਧਾਰੀ ਧਿਰ ਨੇ ਜਿੱਤੀ ਹੈ ਜਦੋਂ ਮੁੱਖ ਮੰਤਰੀ ਖ਼ਿਲਾਫ਼ ਮਾਹੌਲ ਸਿਰਜਿਆ ਜਾ ਰਿਹਾ ਸੀ। ਮੁੱਖ ਮੰਤਰੀ ਨੇ ਚੋਣ ਪ੍ਰਚਾਰ ਤੋਂ ਪਹਿਲਾਂ ਜਲੰਧਰ ਵਿਚ ਕਿਰਾਏ ’ਤੇ ਕੋਠੀ ਲੈ ਕੇ ਆਰਜ਼ੀ ਠਾਹਰ ਕਰ ਲਈ ਸੀ। ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਇਸ ਚੋਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਕੈਬਨਿਟ ਵਜ਼ੀਰਾਂ ਅਤੇ ਵਿਧਾਇਕਾਂ ਨੇ ਆਪੋ ਆਪਣੇ ਵਾਰਡ ’ਚ ਸਿਰ ਤੋੜ ਯਤਨ ਕੀਤੇ। ਆਮ ਆਦਮੀ ਪਾਰਟੀ ਨੂੰ ਵੱਡਾ ਫ਼ਾਇਦਾ ਮਹਿੰਦਰ ਭਗਤ ਦੀ ਨਰਮ ਸ਼ਖ਼ਸੀਅਤ ਦਾ ਮਿਲਿਆ ਹੈ ਜਦਕਿ ਲੋਕ ਸਭਾ ਚੋਣਾਂ ਵਿਚ ਸੱਤ ਸੀਟਾਂ ਜਿੱਤਣ ਵਾਲੀ ਕਾਂਗਰਸ ਪਾਰਟੀ ਲਈ ਇਹ ਚੋਣ ਇੱਕ ਝਟਕਾ ਸਾਬਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਉਮੀਦਵਾਰ ਦੀ ਹਮਾਇਤ ਕੀਤੀ ਪਰ ਉਸ ਨੂੰ ਸਿਰਫ 734 ਵੋਟਾਂ ਹੀ ਮਿਲੀਆਂ ਜਿਸ ਕਰਕੇ ਬਾਗ਼ੀ ਖੇਮੇ ਨੂੰ ਇੱਕ ਹੋਰ ਮੌਕਾ ਹੱਥ ਲੱਗ ਗਿਆ ਹੈ। ਜ਼ਿਮਨੀ ਚੋਣ ’ਚ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਦੇ ਪਰਿਵਾਰ ’ਤੇ ਸਿੱਧੇ ਇਲਜ਼ਾਮ ਲਾਏ ਪਰ ਇਹ ਦੋਸ਼ ਚੋਣ ਪਿੜ ਨੂੰ ਪ੍ਰਭਾਵਿਤ ਨਹੀਂ ਕਰ ਸਕੇ।
ਚੰਗੀ ਕਾਰਗੁਜ਼ਾਰੀ ਵਾਲੇ ਵਿਧਾਇਕਾਂ ਨੂੰ ਮਿਲ ਸਕਦੈ ਤੋਹਫ਼ਾ
ਜ਼ਿਮਨੀ ਚੋਣ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਧਾਇਕਾਂ ਨੂੰ ਅਗਾਮੀ ਦਿਨਾਂ ਵਿਚ ਕੋਈ ਨਾ ਕੋਈ ਸਿਆਸੀ ਤੋਹਫ਼ਾ ਮਿਲ ਸਕਦਾ ਹੈ। ਮੁੱਖ ਮੰਤਰੀ ਵੱਲੋਂ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਧਾਇਕਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ। ਜਦੋਂ ਵੀ ਹੁਣ ਕੈਬਨਿਟ ’ਚ ਫੇਰਬਦਲ ਹੋਵੇਗਾ ਤਾਂ ਉਨ੍ਹਾਂ ਵਿਧਾਇਕਾਂ ਨੂੰ ਕੈਬਨਿਟ ਵਿਚ ਥਾਂ ਮਿਲ ਸਕਦੀ ਹੈ ਜਿਨ੍ਹਾਂ ਨੇ ਇਸ ਜ਼ਿਮਨੀ ਚੋਣ ’ਚ ਜੀਅ-ਜਾਨ ਲਾ ਕੇ ਕੰਮ ਕੀਤਾ ਹੈ। ਕਈ ਵਜ਼ੀਰਾਂ ਦੀ ਛੁੱਟੀ ਵੀ ਹੋ ਸਕਦੀ ਹੈ।