ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਸਿਆਸੀ ਅਸਰ
ਦਰਬਾਰਾ ਸਿੰਘ ਕਾਹਲੋਂ
ਆਖਿ਼ਰ 21 ਮਾਰਚ 2024 ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਰੀਬ 600 ਕਰੋੜ ਰੁਪਏ ਦੇ ਕਥਿਤ ਸ਼ਰਾਬ ਘੁਟਾਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਰਾਜਧਾਨੀ ਸਥਿਤ ਸਰਕਾਰੀ ਨਿਵਾਸ ’ਤੇ ਦਸਤਕ ਦਿੱਤੀ। ਘਰ ਫਰੋਲਿਆ। ਦੋ ਘੰਟੇ ਪੁੱਛਗਿੱਛ ਬਾਅਦ ਉਨ੍ਹਾਂ ਦਾ ਮੋਬਾਈਲ ਫੋਨ, ਇੰਟਰਨੈੱਟ ਡੇਟਾ, ਈਡੀ ਦੇ ਅਫਸਰਾਂ ਸਬੰਧੀ 150 ਪੰਨਿਆਂ ਸਬੰਧੀ ਜਾਸੂਸੀ ਫਾਈਲ ਆਦਿ ਜ਼ਬਤ ਕਰਨ ਮਗਰੋਂ ਰਾਤ 9.14 ਵਜੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਈਡੀ ਦਫਤਰ ਲਿਜਾਇਆ ਗਿਆ। ਡਾਕਟਰੀ ਜਾਂਚ ਕਰਵਾਈ।
22 ਮਾਰਚ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਢਾਈ ਘੰਟੇ ਗਹਿ-ਗੱਚ ਬਹਿਸ ਤੋਂ ਬਾਅਦ ਅਦਾਲਤ ਨੇ ਸੋਚ-ਵਿਚਾਰ ਲਈ ਕੁਝ ਸਮਾਂ ਫੈਸਲਾ ਸੁਰੱਖਿਅਤ ਰੱਖਣ ਬਾਅਦ ਫ਼ੈਸਲਾ ਦਿੱਤਾ। ਈਡੀ ਨੇ ਪੁੱਛਗਿਛ ਲਈ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਅਦਾਲਤ ਨੇ 28 ਮਾਰਚ ਤੱਕ 6 ਰੋਜ਼ਾ ਰਿਮਾਂਡ ਦੇ ਦਿਤਾ। ਕੇਜਰੀਵਾਲ ਦੇ ਵਕੀਲ ਅਭੀਸ਼ੇਕ ਮਨੂੰ ਸਿੰਘਵੀ ਅਤੇ ਦੋ ਹੋਰਨਾਂ ਦੀਆਂ ਦਲੀਲਾਂ ਕੰਮ ਨਾ ਆਈਆਂ।
ਈਡੀ ਨੇ ਦਸਤਾਵੇਜ਼ਾਂ ਦੇ ਆਧਾਰ ’ਤੇ ਅਦਾਲਤ ਨੂੰ ਦੱਸਿਆ ਕਿ ਕੇਜਰੀਵਾਲ ਕਰੀਬ 600 ਕਰੋੜੀ ਸ਼ਰਾਬ ਘੁਟਾਲੇ ਦੇ ਸਰਗਨਾ ਹਨ। ਉਹ ਸ਼ਰਾਬ ਕਾਰੋਬਾਰੀਆਂ ਨੂੰ ਲਾਭ ਪਹੁੰਚਾਉਣ ਦੀ ਸਾਜਿ਼ਸ਼ ਵਿਚ ਸ਼ਾਮਲ ਸਨ। ਉਨ੍ਹਾਂ ਨੂੰ ਲਾਭ ਪਹੁੰਚਾਉਣ ਦੇ ਇਵਜ਼ ਵਿਚ ਰਿਸ਼ਵਤ ਪ੍ਰਾਪਤ ਕੀਤੀ। ਉਹ ਨੀਤੀ ਘੜਨ ਦੀ ਪ੍ਰਕਿਰਿਆ ਵਿਚ ਸਿੱਧੇ ਤੌਰ ’ਤੇ ਸ਼ਾਮਲ ਸਨ ਜਿਸ ਨੇ ‘ਸਾਊਥ ਗਰੁੱਪ’ ਨੂੰ ਲਾਭ ਦੇਣ ਦੀ ਆਗਿਆ ਦਿਤੀ। ਇਸ ਮਾਮਲੇ ਵਿਚ ਜੇਲ੍ਹ ਅੰਦਰ ਡੱਕੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਤਿਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਉ ਦੀ ਪੁੱਤਰੀ ਐੱਮਐੱਲਸੀ ਕੇ ਕਵਿਤਾ ਵੀ ਸ਼ਾਮਿਲ ਸਨ। ਮੁੱਖ ਵਿਚੋਲਾ ਕੇਜਰੀਵਾਲ ਦੇ ਅਤਿ ਭਰੋਸੇਯੋਗ ਵਿਜੈ ਨਾਇਰ ਸਨ। ਇਸ ਘੁਟਾਲੇ ਵਿਚੋਂ ਪੰਜਾਬ, ਗੋਆ ਆਦਿ ਵਿੱਚ ਅਸੈਂਬਲੀ ਚੋਣਾਂ ਲੜਨ ਲਈ ਕਰੀਬ 100 ਕਰੋੜ ਦਾ ਧਨ ਪ੍ਰਾਪਤ ਹੋਇਆ। ਈਡੀ ਅਨੁਸਾਰ, ਇਹ ਘੁਟਾਲਾ ਸਬੂਤ ਨਸ਼ਟ ਕੀਤੇ ਜਾਣ ਵਾਲੇ ਜਾਦੂਈ ਢੰਗ ਨਾਲ ਕੀਤਾ ਗਿਆ। ਇਸ ਵਿਚ ਕਰੀਬ 140 ਮੋਬਾਈਲ ਫੋਨਾਂ ਦਾ ਇਸਤੇਮਾਲ ਕੀਤਾ ਗਿਆ ਜਿਨ੍ਹਾਂ ਦੀ ਵਰਤੋਂ ਕਰੀਬ 34 ਵੀਆਈਪੀ ਲੋਕਾਂ ਨੇ ਕੀਤੀ। ਇਕੱਲੇ ਮਨੀਸ਼ ਸਿਸੋਦੀਆ ਨੇ 18 ਮੋਬਾਈਲ ਫੋਨਾਂ ਦੀ ਵਰਤੋਂ ਕੀਤੀ। ਕਿਹਾ ਗਿਆ ਹੈ ਕਿ ਉਨ੍ਹਾਂ ਇੱਕੋ ਦਿਨ ਵਿਚ ਤਿੰਨ ਮੋਬਾਈਲ ਫੋਨ ਬਦਲੇ।
ਲੁਕਣ ਮੀਟੀ: ਇਸ ਘੁਟਾਲੇ ਸਬੰਧੀ ਅਰਵਿੰਦ ਕੇਜਰੀਵਾਲ ਦੀ ਲੁੱਕਣ-ਮੀਟੀ ਉਦੋਂ ਸ਼ੁਰੂ ਹੋਈ ਜਦੋਂ 2 ਨਵੰਬਰ 2023 ਨੂੰ ਉਨ੍ਹਾਂ ਨੂੰ ਈਡੀ ਨੇ ਪੁੱਛਗਿਛ ਲਈ ਪਹਿਲਾ ਸੰਮਨ ਜਾਰੀ ਕੀਤਾ। ਉਨ੍ਹਾਂ ਦੀ ਗ੍ਰਿਫਤਾਰੀ ਆਖਿ਼ਰਕਾਰ ਨੌਵੇਂ ਸੰਮਨ ਬਾਅਦ ਹੋਈ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਬਚਾਅ ਲਈ ਅਦਾਲਤਾਂ ਅਤੇ ਕਾਨੂੰਨਾਂ ਦੀ ਵਰਤੋਂ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਗਈ। ਉਂਝ, ਹੈਰਾਨੀ ਦੀ ਗੱਲ ਇਹ ਹੈ ਕਿ ਜੇ ਉਹ ਪਾਕਿ-ਸਾਫ ਸਨ ਤਾਂ ਈਡੀ ਸੰਮਨਾਂ ਤੋਂ ਲੁਕਦੇ ਕਿਉਂ ਰਹੇ? ਈਡੀ ਦੇ ਸੰਮਨਾਂ ’ਤੇ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਸੋਨੀਆ ਗਾਂਧੀ (ਬਿਮਾਰ ਹੋਣ ਦੇ ਬਾਵਜੂਦ), ਰਾਹੁਲ ਗਾਂਧੀ, ਸਾਬਕਾ ਕਾਨੂੰਨ ਤੇ ਵਿੱਤ ਮੰਤਰੀ ਪੀ ਚਿਦੰਬਰਮ ਤੇ ਉਸ ਦਾ ਪੁੱਤਰ, ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ, ਆਮ ਆਦਮੀ ਪਾਰਟੀ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਆਦਿ ਪੇਸ਼ ਹੁੰਦੇ ਰਹੇ ਪਰ ਅਰਵਿੰਦ ਕੇਜਰੀਵਾਲ ਸੰਮਨਾਂ ਨੂੰ ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਤ ਕਹਿ ਕੇ ਬਚਣ ਦਾ ਯਤਨ ਕਰਦੇ ਰਹੇ।
ਪਹਿਲੇ ਮੁੱਖ ਮੰਤਰੀ ਦੀ ਗ੍ਰਿਫਤਾਰੀ: ਈਡੀ ਜਾਂ ਸੀਬੀਆਈ ਵੱਲੋਂ ਕਥਿਤ ਘੁਟਾਲਿਆਂ ਦੇ ਸ਼ਿਕਾਰ ਰਹੇ ਮੁੱਖ ਮੰਤਰੀ ਇਨ੍ਹਾਂ ਏਜੰਸੀਆਂ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਆਪਣੇ ਪਦ ਤੋਂ ਅਸਤੀਫਾ ਦੇ ਦਿੰਦੇ ਰਹੇ ਹਨ ਤਾਂ ਕਿ ਇਸ ਪਦ ਦਾ ਮਾਣ-ਸਨਮਾਨ ਕਾਇਮ ਰਹੇ ਪਰ ਕੇਜਰੀਵਾਲ ਨੇ ਅਜਿਹਾ ਨਹੀਂ ਕੀਤਾ। ਮਰਹੂਮ ਮੁੱਖ ਮੰਤਰੀ ਕੁਮਾਰੀ ਜੈਲਲਿਤਾ (ਤਾਮਿਲਨਾਡੂ), ਲਾਲੂ ਪ੍ਰਸ਼ਾਦ ਯਾਦਵ (ਬਿਹਾਰ), ਓਮ ਪ੍ਰਕਾਸ਼ ਚੌਟਾਲਾ (ਹਰਿਆਣਾ), ਹੇਮੰਤ ਸੋਰੇਨ (ਝਾਰਖੰਡ) ਆਦਿ ਨੇ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਅਸਤੀਫੇ ਦਾਗ ਦਿਤੇ ਸਨ ਪਰ ਕੇਜਰੀਵਾਲ ਜਿਨ੍ਹਾਂ ਕਦੇ ਕੋਈ ਮਹਿਕਮਾ ਆਪਣੇ ਕੋਲ ਨਹੀਂ ਰੱਖਿਆ, ਨੇ ਅਸਤੀਫਾ ਨਹੀਂ ਦਿੱਤਾ। ਇੰਝ ਭਾਰਤੀ ਲੋਕਤੰਤਰ ਦੇ ਇਤਿਹਾਸ ਵਿਚ ਉਹ ਪਹਿਲੇ ਐਸੇ ਮੁੱਖ ਮੰਤਰੀ ਦਰਜ ਹੋ ਗਏ ਹਨ ਜਿਨ੍ਹਾਂ ਆਪਣੀ ਗ੍ਰਿਫਤਾਰੀ ਦੇ ਬਾਵਜੂਦ ਅਸਤੀਫ਼ਾ ਨਹੀਂ ਦਿੱਤਾ।
ਧਾਰਾ 163-164 ਦਾ ਉਲੰਘਣ: ਦਿੱਲੀ ਹਾਈਕੋਰਟ ਵਿਚ ਦਿੱਲੀ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ, ਸਿੱਖਿਆ ਮੰਤਰੀ ਆਤਿਸ਼ੀ ਦੇ ਬਿਆਨਾਂ ਦੇ ਮੱਦੇਨਜ਼ਰ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਪਦ ਤੋਂ ਅਸਤੀਫ਼ਾ ਨਹੀਂ ਦੇਣਗੇ ਅਤੇ ਜੇਲ੍ਹ ਵਿਚੋਂ ਸਰਕਾਰ ਚਲਾਉਣਗੇ, ਦੇ ਪ੍ਰਸੰਗ ਵਿਚ ਪਟੀਸ਼ਨ ਦਾਇਰ ਕਰ ਕੇ ਤਰਕ ਦਿੱਤਾ ਗਿਆ ਹੈ ਕਿ ਇਵੇਂ ਕਾਨੂੰਨੀ ਪ੍ਰਕਿਰਿਆ ਅਤੇ ਨਿਆਂ ਵਿਵਸਥਾ ’ਤੇ ਬੁਰਾ ਅਸਰ ਪਵੇਗਾ, ਸੰਵਿਧਾਨਿਕ ਉਲੰਘਣਾਵਾਂ ਹੋਣਗੀਆਂ, ਧਾਰਾ 163-164 ਦੀ ਉਲੰਘਣਾ ਹੋਵੇਗੀ। ਇਸੇ ਦੌਰਾਨ, ਭਾਰਤ ਰਾਸ਼ਟਰ ਸਮਿਤੀ ਦੀ ਆਗੂ ਕੇ ਕਵਿਤਾ ਨੇ ਆਪਣੀ ਗ੍ਰਿਫਤਾਰੀ ਸਬੰਧੀ ਜ਼ਮਾਨਤ ਲੈਣ ਲਈ ਸੁਪਰੀਮ ਕੋਰਟ ਬੈਂਚ ਵਲੋਂ ਟਰਾਇਲ ਕੋਰਟ ਪਾਸ ਜਾਣ ਦੇ ਨਿਰਦੇਸ਼ ਦੇਖਦਿਆਂ ਕੇਜਰੀਵਾਲ ਨੇ ਸੁਪਰੀਮ ਕੋਰਟ ਵਿਚ ਆਪਣੀ ਗ੍ਰਿਫ਼ਤਾਰੀ ਸਬੰਧੀ ਪਟੀਸ਼ਨ ਵਾਪਸ ਲੈ ਲਈ ਹੈ।
ਜਲਵਾ ਗਾਇਬ: ਅਰਵਿੰਦ ਕੇਜਰੀਵਾਲ ਖੜਗਪੁਰ ਆਈਆਈਟੀ ਤੋਂ ਪੜ੍ਹੇ ਹਨ ਅਤੇ ਰੈਵੇਨਿਊ ਅਫਸਰ ਰਹੇ ਹਨ। ਉਨ੍ਹਾਂ ਝੁੱਗੀ-ਝੌਂਪੜੀਆਂ ਵਿਚ ਰਹਿ ਕੇ, ਉਨ੍ਹਾਂ ਲੋਕਾਂ ਦੇ ਜੀਵਨ ਦਾ ਅਧਿਐਨ ਕਰਦੇ ਸਮੇਂ ਸਾਲ 2006 ਵਿਚ ਰਾਮੋਨ ਮੈਗਸੈਸੇ ਐਵਾਰਡ ਪ੍ਰਾਪਤ ਕੀਤਾ। ਅੰਨਾ ਹਜ਼ਾਰੇ ਦੇ ਲੋਕਪਾਲ ਅੰਦੋਲਨ ਤੋਂ ਵੱਖ ਹੋ ਕੇ 26 ਨਵੰਬਰ 2012 ਨੂੰ ਆਮ ਆਦਮੀ ਪਾਰਟੀ ਬਣਾ ਕੇ ਰਾਜਨੀਤੀ ਵਿਚ ਪ੍ਰਵੇਸ਼ ਕੀਤਾ, ਇਸ ਨੂੰ ਆਪਣੇ ‘ਸਵਰਾਜ’ ਫਲਸਫੇ ਅਨੁਸਾਰ ਚਲਾਉਣ ਦਾ ਪ੍ਰਚਾਰ ਕੀਤਾ ਪਰ ਇਸ ਅੰਦਰ ਬੈਠੇ ਤਾਨਾਸ਼ਾਹ ਨੇ ਰਾਹ ਵਿਚ ਆਉਂਦੇ ਮੋਢੀ ਮੈਂਬਰ ਤੱਕ ਝਟਕਾ ਸੁੱਟੇ; ਜਿਵੇਂ ਪ੍ਰਸ਼ਾਤ ਭੂਸ਼ਨ, ਯੋਗੇਂਦਰ ਯਾਦਵ, ਅਨੰਦ ਕੁਮਾਰ, ਅਜੀਤ ਝਾਅ, ਕੁਮਾਰ ਵਿਸ਼ਵਾਸ, ਅੰਜਲੀ ਦਾਮਨੀਆ, ਮਅੰਕ ਗਾਂਧੀ ਆਦਿ। ‘ਸਵਰਾਜ’ ਫਲਸਫਾ ਦਫਨ ਕਰ ਕੇ ਲੋਕ ਲੁਭਾਊ ਨਾਅਰਿਆਂ ਬਲਬੂਤੇ ਦਿੱਲੀ ਵਿਧਾਨ ਸਭਾ ਚੋਣਾਂ ਸੰਨ 2015 ਵਿਚ 70 ਵਿਚੋਂ 67, 2020 ਚੋਣਾਂ ਵਿਚ 70 ਵਿਚੋਂ 62 ਸੀਟਾਂ ’ਤੇ ਜਿੱਤ ਹਾਸਿਲ ਕਰ ਕੇ ਸਰਕਾਰਾਂ ਬਣਾਈਆਂ। ਪੰਜਾਬ ਵਿਚ 2017 ਵਿਚ 20 ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ 117 ਵਿਚੋਂ 92 ਸੀਟਾਂ ਜਿੱਤ ਕੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਾਈ। ਉਂਝ, ਦਿੱਲੀ ਤੇ ਪੰਜਾਬ ਵਿੱਚ ਹਕੂਮਤ ਅਤੇ ‘ਕੇਜਰੀਵਾਲ ਕੇਜਰੀਵਾਲ, ਸਾਰਾ ਪੰਜਾਬ ਤੇਰੇ ਨਾਲ’ ਵਰਗੇ ਨਆਰਿਆਂ ਦੇ ਬਾਵਜੂਦ ਜਦੋਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਹੋਈ ਤਾਂ ਪੰਜਾਬ ਤੇ ਦਿੱਲੀ ਵਿੱਚ ਕਿਧਰੇ ਕੋਈ ਉਥਲ-ਪੁਥਲ ਨਹੀਂ ਹੋਈ।
ਬੇਗਾਨੀ ਸ਼ਾਦੀ ’ਚ ਅਬਦੁੱਲਾ ਦੀਵਾਨਾ: ਜਿਸ ਕਾਂਗਰਸ ਦੇ ਸਾਬਕਾ ਭ੍ਰਿਸ਼ਟ ਆਗੂਆਂ ਨੂੰ ਆਮ ਆਦਮੀ ਪਾਰਟੀ ਸਰਕਾਰਾਂ ਨੇ ਜੇਲ੍ਹੀਂ ਸੁੱਟਿਆ, ਭੱਦੀ ਸ਼ਬਦਾਵਲੀ ਅਸੈਂਬਲੀਆਂ ਵਿਚ ਅਤੇ ਬਾਹਰ ਵੀ ਵਰਤੀ, ਉਨ੍ਹਾਂ ਨੂੰ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵੱਧ ਹੇਜ ਜਾਗਿਆ। ਪੰਜਾਬ ਇਸ ਵਰਤਾਰੇ ਤੋਂ ਹੈਰਾਨ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਦੇ ਰਾਜਨੀਤਕ ਗੁਰੂ ਅੰਨਾ ਹਜ਼ਾਰੇ ਨੇ ਬੇਬਾਕ ਕਿਹਾ, “ਉਸ ਨੂੰ ਉਸ ਦੇ ਕਰਮਾਂ ਕਰ ਕੇ ਈਡੀ ਨੇ ਗ੍ਰਿਫਤਾਰ ਕੀਤਾ। ਮੈਂ ਦੁਖੀ ਹਾਂ ਕਿ ਜਿਸ ਨੇ ਮੇਰੇ ਨਾਲ ਮਿਲ ਕੇ ਕੰਮ ਕੀਤਾ, ਸ਼ਰਾਬ ਵਿਰੁੱਧ ਆਵਾਜ਼ ਬੁਲੰਦ ਕੀਤੀ, ਉਹੀ ਹੁਣ ਸ਼ਰਾਬ ਨੀਤੀਆਂ ਬਣਾ ਰਿਹਾ ਸੀ।”
ਵਿਰੋਧੀ ਏਕਤਾ: ਲੋਕ ਸਭਾ ਚੋਣਾਂ ਦੇ ਦੰਗਲ ਦੌਰਾਨ ਕੇਜਰੀਵਾਲ ਦੀ ਗ੍ਰਿਫਤਾਰੀ ਨਿਸ਼ਚਤ ਤੌਰ ’ਤੇ ਇੰਡੀਆ ਗਠਜੋੜ ਨੂੰ ਇਕਜੁੱਟ ਹੋਣ, ਹਮਦਰਦੀ ਦੀ ਵੋਟ ਬਟੋਰਨ, ਆਪਣਾ ਪੱਖ ਮਜ਼ਬੂਤ ਕਰਨ ਵਿਚ ਸਹਾਈ ਹੋਵੇਗੀ। ਭਾਜਪਾ ਅਤੇ ਐੱਨਡੀਏ ਇਸ ਪ੍ਰਭਾਵ ਨੂੰ ਕਿਵੇਂ ਟੱਕਰ ਦਿੰਦੀ ਹੈ, ਇਹ ਅਗਲੇ ਦਿਨਾਂ ਵਿਚ ਸਪੱਸ਼ਟ ਹੋ ਜਾਏਗਾ।
ਸੰਪਰਕ: +1-289-829-2929