ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਆਸੀ ਲੋਭ: ਜੋ ਬੀਵੀ ਸੇ ਕਰੇ ਪਿਆਰ..!

06:49 AM May 17, 2024 IST

ਚਰਨਜੀਤ ਭੁੱਲਰ
ਬਠਿੰਡਾ, 16 ਮਈ
ਲੋਕ ਸਭਾ ਚੋਣਾਂ ਦੇ ਮੈਦਾਨ ਵਿਚ ਉੱਤਰੇ ਉਮੀਦਵਾਰਾਂ ਨੇ ਐਤਕੀਂ ਕਵਰਿੰਗ ਉਮੀਦਵਾਰ ਬਣਾਉਣ ਵੇਲੇ ਆਪਣਿਆਂ ਨੂੰ ਹੀ ਤਰਜੀਹ ਦਿੱਤੀ। ‘ਜੋ ਬੀਵੀ ਸੇ ਕਰੇ ਪਿਆਰ, ਉਹ (ਪ੍ਰੈਸ਼ਰ ਕੁੱਕਰ ਕੰਪਨੀ) ਸੇ ਕੈਸੇ ਕਰੇ ਇਨਕਾਰ’, ਦੀ ਮਸ਼ਹੂਰੀ ਵਾਂਗ ਬਹੁਤੇ ਉਮੀਦਵਾਰਾਂ ਨੇ ਆਪਣੀਆਂ ਬੀਵੀਆਂ ਨੂੰ ਹੀ ਕਵਰਿੰਗ ਉਮੀਦਵਾਰ ਬਣਾਇਆ। ਜਦੋਂ ਉਨ੍ਹਾਂ ਦੇ ਕਾਗ਼ਜ਼ ਠੀਕ ਪਾਏ ਗਏ ਤਾਂ ਕਵਰਿੰਗ ਉਮੀਦਵਾਰੀ ਆਪਣੇ ਆਪ ਖ਼ਤਮ ਹੋ ਗਈ। ਸਿੱਧਾ ਮਤਲਬ ਹੈ ਕਿ ਉਮੀਦਵਾਰਾਂ ਨੇ ਆਪਣੇ ਪਰਿਵਾਰਾਂ ’ਤੇ ਹੀ ਭਰੋਸਾ ਕੀਤਾ ਹੈ।
ਦੱਸ ਦੇਈਏ ਕਿ ਜੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੁੰਦੀ ਹੈ ਤਾਂ ਉਸ ਦੀ ਥਾਂ ਕਵਰਿੰਗ ਉਮੀਦਵਾਰ ਲੈ ਲੈਂਦਾ ਹੈ। ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਵਰਿੰਗ ਉਮੀਦਵਾਰ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਬਣੀ। ਜਦੋਂ ਕਿ ਇਸ ਹਲਕੇ ਤੋਂ ਟਿਕਟ ਦਾ ਦਾਅਵੇਦਾਰ ਭਾਰਤ ਭੂਸ਼ਨ ਆਸ਼ੂ ਵੀ ਸੀ। ਭਾਜਪਾ ਦੇ ਰਵਨੀਤ ਬਿੱਟੂ ਨੇ ਆਪਣੀ ਪਤਨੀ ਅਨੁਪਮਾ ਅਤੇ ‘ਆਪ’ ਦੇ ਅਸ਼ੋਕ ਪਰਾਸ਼ਰ ਨੇ ਵੀ ਆਪਣੀ ਪਤਨੀ ਮੀਨੂੰ ਪਰਾਸ਼ਰ ਨੂੰ ਕਵਰਿੰਗ ਉਮੀਦਵਾਰ ਬਣਾਇਆ ਸੀ। ਇਸ ਤੋਂ ਸਾਫ਼ ਹੈ ਕਿ ਕਵਰਿੰਗ ਉਮੀਦਵਾਰੀ ਵੀ ਆਪਣੇ ਘਰਾਂ ’ਚੋਂ ਬਾਹਰ ਨਹੀਂ ਜਾਣ ਦਿੱਤੀ।
ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਦੀ ਪਤਨੀ ਅੰਦਲੀਬ, ਅਨੰਦਪੁਰ ਸਾਹਿਬ ਤੋਂ ਵਿਜੈ ਇੰਦਰ ਸਿੰਗਲਾ ਦੀ ਪਤਨੀ ਦੀਪਾ ਸਿੰਗਲਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਪਤਨੀ ਬਲਵਿੰਦਰ ਕੌਰ ਕਵਰਿੰਗ ਉਮੀਦਵਾਰ ਬਣੀ। ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਪਤਨੀ ਜਤਿੰਦਰ ਕੌਰ, ‘ਆਪ’ ਦੇ ਅਮਨਸ਼ੇਰ ਸਿੰਘ ਨੇ ਆਪਣੀ ਪਤਨੀ ਰਾਜਬੀਰ ਕੌਰ ਅਤੇ ਭਾਜਪਾ ਦੇ ਦਿਨੇਸ਼ ਬੱਬੂ ਨੇ ਵੀ ਆਪਣੀ ਪਤਨੀ ਮੀਨਾ ਨੂੰ ਕਵਰਿੰਗ ਉਮੀਦਵਾਰ ਬਣਾਇਆ ਸੀ। ਇਵੇਂ ਜਲੰਧਰ ਤੋਂ ‘ਆਪ’ ਦੇ ਪਵਨ ਟੀਨੂ ਦੀ ਪਤਨੀ ਕੁਲਵੰਤ ਕੌਰ, ਭਾਜਪਾ ਦੇ ਸੁਸ਼ੀਲ ਰਿੰਕੂ ਦੀ ਪਤਨੀ ਸੁਨੀਤਾ, ਪਟਿਆਲਾ ਤੋਂ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਦੀ ਪਤਨੀ ਬਬੀਤਾ ਸ਼ਰਮਾ ਅਤੇ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਦੀ ਪਤਨੀ ਗੀਤਇੰਦਰ ਕੌਰ ਕਾਹਲੋਂ ਕਵਰਿੰਗ ਉਮੀਦਵਾਰ ਸਨ। ਇਸੇ ਤਰ੍ਹਾਂ ਹੀ ਖਡੂਰ ਸਾਹਿਬ ਹਲਕੇ ਤੋਂ ‘ਆਪ’ ਦੇ ਲਾਲਜੀਤ ਸਿੰਘ ਭੁੱਲਰ ਨੇ ਆਪਣੀ ਪਤਨੀ ਸੁਰਿੰਦਰਪਾਲ ਕੌਰ ਭੁੱਲਰ, ਕਾਂਗਰਸ ਦੇ ਕੁਲਬੀਰ ਜ਼ੀਰਾ ਨੇ ਆਪਣੀ ਪਤਨੀ ਮਨਮੀਤ ਕੌਰ, ਭਾਜਪਾ ਦੇ ਮਨਜੀਤ ਮੰਨਾ ਨੇ ਆਪਣੀ ਪਤਨੀ ਹਰਜਿੰਦਰ ਕੌਰ ਨੂੰ ਕਵਰਿੰਗ ਉਮੀਦਵਾਰ ਬਣਾਇਆ ਸੀ। ਫ਼ਤਿਹਗੜ੍ਹ ਸਾਹਿਬ ਤੋਂ ਭਾਜਪਾ ਦੇ ਗੇਜਾ ਰਾਮ ਦੀ ਪਤਨੀ ਲਤਾ ਦੇਵੀ, ‘ਆਪ’ ਦੇ ਗੁਰਪ੍ਰੀਤ ਸਿੰਘ ਜੀਪੀ ਦੀ ਪਤਨੀ ਗੁਰਪ੍ਰੀਤ ਕੌਰ ਕਵਰਿੰਗ ਉਮੀਦਵਾਰ ਬਣੀ। ਦੂਜੇ ਪਾਸੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ ਆਪਣੇ ਪਤੀ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੀ ਪਰਮਪਾਲ ਕੌਰ ਸਿੱਧੂ ਨੇ ਆਪਣੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਨੂੰ ਕਵਰਿੰਗ ਉਮੀਦਵਾਰ ਬਣਨ ਦੇ ਯੋਗ ਸਮਝਿਆ। ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੇ ਆਪਣੇ ਪਤੀ ਭੁਪਿੰਦਰ ਸਿੰਘ ਅਤੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਆਪਣੀ ਧੀ ਜੈ ਇੰਦਰ ਕੌਰ, ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਲੜਕੇ ਮਹਿਤਾਬ ਸਿੰਘ ਨੂੰ ਕਵਰਿੰਗ ਉਮੀਦਵਾਰ ਬਣਾਇਆ।

Advertisement

ਟਿਕਟ ਤੋਂ ਖੁੰਝੇ ਦਾਅਵੇਦਾਰ ਹੁੰਦੇ ਕਵਰਿੰਗ ਉਮੀਦਵਾਰ!

ਉਮੀਦਵਾਰਾਂ ਦੀ ਇਸ ਸੋਚ ਤੋਂ ਸਾਫ਼ ਹੈ ਕਿ ਉਨ੍ਹਾਂ ਨੂੰ ਸਿਰਫ਼ ਆਪਣੇ ਪਰਿਵਾਰਾਂ ’ਤੇ ਹੀ ਭਰੋਸਾ ਹੈ। ਹਾਲਾਂਕਿ ਲੋੜ ਇਸ ਗੱਲ ਦੀ ਹੈ ਕਿ ਜਿਹੜਾ ਦਾਅਦੇਵਾਰ ਟਿਕਟ ਤੋਂ ਖੁੰਝ ਜਾਂਦਾ ਹੈ, ਉਸ ਨੂੰ ਕਵਰਿੰਗ ਉਮੀਦਵਾਰ ਬਣਾਇਆ ਜਾਵੇ। ਘੱਟੋ ਘੱਟ ਉਸ ਨੂੰ ਕਵਰਿੰਗ ਉਮੀਦਵਾਰ ਹੋਣ ਦਾ ਮਾਣ ਤਾਂ ਪ੍ਰਾਪਤ ਹੋ ਸਕੇ ਪ੍ਰੰਤੂ ਅਜਿਹਾ ਕਦੇ ਹੁੰਦਾ ਨਹੀਂ ਹੈ। ਸਾਰੇ ਉਮੀਦਵਾਰ ਆਪਣੀਆਂ ਬੀਵੀਆਂ ਜਾਂ ਧੀਆਂ ਪੁੱਤਾਂ ਨੂੰ ਹੀ ਕਵਰਿੰਗ ਉਮੀਦਵਾਰ ਬਣਾਉਂਦੇ ਰਹੇ ਹਨ।

Advertisement
Advertisement