ਸਿਆਸੀ ਖੇਡ ਨੇ ਭਾਰਤ-ਪਾਕਿਸਤਾਨ ਵਿਚਾਲੇ ਕੁੜੱਤਣ ਪੈਦਾ ਕੀਤੀ: ਸਨੀ ਦਿਓਲ
ਮੁੰਬਈ: ਅਦਾਕਾਰ ਤੇ ਸਿਆਸਤਦਾਨ ਸਨੀ ਦਿਓਲ ਨੇ ਆਪਣੀ ਫਿਲਮ ‘ਗਦਰ 2’ ਦੇ ਟ੍ਰੇਲਰ ਲਾਂਚ ਮੌਕੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਪੈਦਾ ਹੋਈ ਕੁੜੱਤਣ ਲਈ ਮਾੜੀ ਰਾਜਨੀਤਕ ਖੇਡ ਜ਼ਿੰਮੇਵਾਰ ਹੈ। ਅਦਾਕਾਰ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿੱਚ ਵਸਦੇ ਲੋਕ ਇੱਕ-ਦੂਜੇ ਨੂੰ ਬਰਾਬਰ ਪਿਆਰ ਕਰਦੇ ਹਨ। ਸਨੀ ਦਿਓਲ ਨੇ ਕਿਹਾ ਕਿ ਦੋਵੇਂ ਹੀ ਦੇਸ਼ਾਂ ਦੇ ਲੋਕ ਲੜਾਈ ਨਹੀਂ ਚਾਹੁੰਦੇ। ਅਦਾਕਾਰ ਨੇ ਕਿਹਾ, ‘ਇਹ ਸਿਰਫ਼ ਲੈਣ-ਦੇਣ ’ਤੇ ਨਿਰਭਰ ਕਰਦਾ ਹੈ। ਇਹ ਮਨੁੱਖੀ ਰਿਸ਼ਤੇ ਹਨ। ਕਿਸੇ ਕਿਸਮ ਦੀ ਕੋਈ ਲੜਾਈ ਨਹੀਂ ਹੋਣੀ ਚਾਹੀਦੀ। ਦੋਵੇਂ ਦੇਸ਼ਾਂ ਵਿਚਾਲੇ ਬਰਾਬਰ ਪਿਆਰ ਹੈ। ਇਹ ਸਿਆਸੀ ਖੇਡ ਹੁੰਦੀ ਹੈ, ਜੋ ਨਫ਼ਰਤਾਂ ਪੈਦਾ ਕਰਦੀ ਹੈ ਤੇ ਤੁਹਾਨੂੰ ਇਸ ਫਿਲਮ ਵਿੱਚ ਵੀ ਇਹੀ ਦੇਖਣ ਨੂੰ ਮਿਲੇਗਾ।’ ਸਨੀ ਨੇ ਕਿਹਾ, ‘ਲੋਕ ਇੱਕ ਦੂਜੇ ਨਾਲ ਲੜਨਾ ਨਹੀਂ ਚਾਹੁੰਦੇ। ਅਸੀਂ ਸਾਰੇ ਇੱਕ ਹੀ ਧਰਤੀ ਦੇ ਜਾਏ ਹਾਂ।’ ਜ਼ਿਕਰਯੋਗ ਹੈ ਕਿ ‘ਗਦਰ 2’ ਵਿੱਚ ਅਦਾਕਾਰ 2001 ਵਿੱਚ ਆਈ ਆਪਣੀ ਬਲਾਕਬਸਟਰ ਫਿਲਮ ‘ਗਦਰ: ਏਕ ਪ੍ਰੇਮ ਕਹਾਨੀ’ ਵਿਚਲੇ ਤਾਰਾ ਸਿੰਘ ਦੀ ਭੂਮਿਕਾ ਨਿਭਾਅ ਰਿਹਾ ਹੈ। ਜ਼ੀ ਸਟੂਡੀਓਜ਼ ਵੱਲੋਂ ਤਿਆਰ ਕੀਤੀ ਗਈ ਇਸ ਫਿਲਮ ਦੇ ਪਹਿਲੇ ਭਾਗ ਨੂੰ ਨਿਰਦੇਸ਼ਿਤ ਕਰਨ ਵਾਲੇ ਅਨਿਲ ਸ਼ਰਮਾ ਵੱਲੋਂ ਹੀ ਕੀਤਾ ਗਿਆ ਹੈ। ਅਦਾਕਾਰ ਨੇ ਕਿਹਾ ਕਿ ਉਹ ਸ਼ੁਕਰਗੁਜ਼ਾਰ ਹੈ ਕਿ 22 ਸਾਲ ਪਹਿਲਾਂ ‘ਗਦਰ: ਏਕ ਪ੍ਰੇਮ ਕਥਾ’ ਨੂੰ ਦਰਸ਼ਕਾਂ ਨੇ ਬੇਹੱਦ ਪਿਆਰ ਦਿੱਤਾ ਸੀ ਤੇ ਉਸ ਨੇ ਆਸ ਪ੍ਰਗਟਾਈ ਕਿ ਫਿਲਮ ਦੇ ਅਗਲੇ ਭਾਗ ਨੂੰ ਵੀ ਓਨਾ ਹੀ ਪਿਆਰ ਮਿਲੇਗਾ। -ਪੀਟੀਆਈ