ਸਿਆਸੀ ਮਾਹਿਰਾਂ ਦੀ ਸਿੱਖ ਵੋਟਰਾਂ ’ਤੇ ਨਜ਼ਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜਨਵਰੀ
ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕੌਮੀ ਰਾਜਧਾਨੀ ਵਿੱਚ ਰਹਿੰਦੇ ਸਿੱਖ ਵੋਟਰਾਂ ਦੇ ਰੁਝਾਨ ’ਤੇ ਸਿਆਸੀ ਮਾਹਿਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਦਿੱਲੀ ਦੇ ਪੱਛਮੀ ਦੱਖਣੀ ਜ਼ਿਲ੍ਹੇ ਅਤੇ ਯਮੁਨਾ ਪਾਰ ਦੇ ਇਲਾਕਿਆਂ ਵਿੱਚ ਸਿੱਖ ਵੋਟਰ ਵੱਡੀ ਗਿਣਤੀ ਵਿੱਚ ਰਹਿੰਦੇ ਹਨ ਅਤੇ ਉਹ ਚੋਣਾਂ ਦੌਰਾਨ ਹਾਰ ਜਿੱਤ ਨੂੰ ਪ੍ਰਭਾਵਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਇਸ ਵਾਰ ਚੋਣ ਮਾਹੌਲ ਦੌਰਾਨ ਸਿੱਖ ਵੋਟਰਾਂ ਨਾਲ ਸਿਆਸੀ ਪਾਰਟੀਆਂ ਵੱਲੋਂ ਉਸ ਤਰ੍ਹਾਂ ਦੀ ਨੇੜਤਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਆਮ ਆਦਮੀ ਪਾਰਟੀ ਵੱਲੋਂ ਸਿੱਖ ਵੋਟਰਾਂ ਨੂੰ ਆਪਣੇ ਖੇਮੇ ਵਿੱਚ ਲਿਆਉਣ ਲਈ ਦਿੱਲੀ ਦੀਆਂ ਸਿੰਘ ਸਭਾਵਾਂ ਦੇ ਹੈੱਡ ਗ੍ਰੰਥੀਆਂ ਨੂੰ ਮਾਣ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਜਪਾ ਅਤੇ ਕਾਂਗਰਸ ਵੱਲੋਂ ਕੋਈ ਵਿਸ਼ੇਸ਼ ਵਾਅਦਾ ਸਿੱਖਾਂ ਨਾਲ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵੱਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਸਿੱਖ ਉਮੀਦਵਾਰਾਂ ਨੂੰ ਉਤਾਰਿਆ ਗਿਆ ਹੈ। ਇਸ ਵਾਰ ਘੱਟੋ ਘੱਟ ਚਾਰ ਸਿੱਖ ਉਮੀਦਵਾਰਾਂ ਨੇ ਦਲ ਬਦਲੀ ਕਰਕੇ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ ਹੈ। ਦਿੱਲੀ ਪ੍ਰਦੇਸ਼ ਭਾਜਪਾ ਦੇ ਦਫਤਰ ਵਿੱਚ ਬਹੁਤ ਘੱਟ ਸਿੱਖ ਵਰਕਰ ਜਾਂ ਸਿੱਖ ਆਗੂ ਦਿਖਾਈ ਦਿੰਦੇ ਹਨ ਜਦੋਂਕਿ 2020 ਦੀਆਂ ਚੋਣਾਂ ਵਿੱਚ ਅਕਸਰ ਹੀ ਸਿੱਖ ਵਰਕਰਾਂ ਨੂੰ ਭਾਜਪਾ ਉਮੀਦਵਾਰਾਂ ਦੇ ਦਫਤਰਾਂ ਵਿੱਚ ਗੇੜੇ ਲਾਉਂਦੇ ਦੇਖਿਆ ਜਾ ਸਕਦਾ ਸੀ। ਇਸੇ ਤਰ੍ਹਾਂ ਕਾਂਗਰਸ ਦੇ ਸੂਬਾ ਦਫਤਰ ਵਿੱਚ ਵੀ ਪੰਜਾਬ ਦੇ ਕਾਂਗਰਸ ਵਰਕਰ ਹੀ ਦਿਖਾਈ ਦਿੰਦੇ ਹਨ। ਭਾਜਪਾ ਦੇ ਰਾਜੌਰੀ ਗਾਰਡਨ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਦਫ਼ਤਰ ਵਿੱਚ ਜ਼ਰੂਰ ਸਿੱਖ ਆਗੂ ਦੇਖੇ ਜਾ ਸਕਦੇ ਹਨ ਪਰ ਭਾਜਪਾ ਦੇ ਦੋ ਹੋਰ ਉਮੀਦਵਾਰਾਂ ਅਰਵਿੰਦਰ ਸਿੰਘ ਲਵਲੀ ਅਤੇ ਤਰਵਿੰਦਰ ਸਿੰਘ ਮਾਰਵਾਹ ਨਾਲ ਉਹੀ ਸਿੱਖ ਵਰਕਰ ਚੱਲ ਰਹੇ ਹਨ ਜੋ ਪਹਿਲਾਂ ਤੋਂ ਉਨ੍ਹਾਂ ਨਾਲ ਜੁੜੇ ਹੋਏ ਹਨ। ਇਸ ਵਾਰ ਮੁੱਖ ਸਿਆਸੀ ਧਿਰਾਂ ਵਿੱਚੋਂ ਕਿਸੇ ਨੇ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੋਈ ਵਾਅਦਾ ਨਹੀਂ ਕੀਤਾ ਹਾਲਾਂਕਿ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਵੱਲੋਂ ਪੰਜਾਬ ਦੀਆਂ ਕਾਰਾਂ ਨੂੰ ਲੈ ਕੇ ਦਿੱਤੇ ਬਿਆਨ ਤੋਂ ਪੰਜਾਬੀ ਹਲਕਿਆਂ ਵਿੱਚ ਨਰਾਜ਼ਗੀ ਪਾਈ ਜਾ ਰਹੀ ਹੈ।
ਪੰਜਾਬੀ ਅਕੈਡਮੀ ਨੂੰ ਸਾਰੀਆਂ ਧਿਰਾਂ ਨੇ ਵਿਸਾਰਿਆ
ਦਿੱਲੀ ਦੀ ਪੰਜਾਬੀ ਅਕੈਡਮੀ ਦੀ ਬੁਰੀ ਹਾਲਤ ਬਾਰੇ ਕਿਸੇ ਵੀ ਸਿਆਸੀ ਧਿਰ ਨੇ ਕੋਈ ਬਿਆਨ ਨਹੀਂ ਦਿੱਤਾ। ਹਾਲਾਂਕਿ ਵੱਖ-ਵੱਖ ਬੁੱਧੀਜੀਵੀਆਂ ਵੱਲੋਂ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਕੋਲ ਦਿੱਲੀ ਦੀ ਇਸ ਵੱਡੀ ਸਰਕਾਰੀ ਸੰਸਥਾ ਦੇ ਕਾਰਜਾਂ ਵਿੱਚ ਆਈ ਖੜੋਤ ਦੇ ਮੁੱਦੇ ਅਕਸਰ ਉਠਾਏ ਜਾਂਦੇ ਰਹੇ ਹਨ। ਇਸ ਅਕੈਡਮੀ ਦਾ ਮਾਸਕ ਪੱਤਰ ਸਮਕਾਲੀ ਸਾਹਿਤ ਬੰਦ ਹੋਣ ਜਾਂ ਦੇਰੀ ਨਾਲ ਛਪਣ ਸਣੇ ਅਕੈਡਮੀ ਦੇ ਸਮਾਗਮਾਂ ਵਿੱਚ ਕਮੀ ਹੋਣ ਦੇ ਨਾਲ ਨਾਲ ਅਕੈਡਮੀ ਦੇ ਬਜਟ ਵਿੱਚ ਕੀਤੀ ਕਟੌਤੀ ਨੂੰ ਲੈ ਕੇ ਕਿਸੇ ਵੀ ਸਿਆਸੀ ਧਿਰ ਨੇ ਆਮ ਆਦਮੀ ਪਾਰਟੀ ਨੂੰ ਸਵਾਲ ਨਹੀਂ ਕੀਤਾ। ਪੰਜਾਬ ਤੋਂ ਆ ਕੇ ਦਿੱਲੀ ਵਿੱਚ ਚੋਣ ਪ੍ਰਚਾਰ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਦੇ ਇਸੇ ਅਕੈਡਮੀ ਦੇ ਸਾਲਾਨਾ ਸਮਾਗਮ ਵਿੱਚ ਕਾਮੇਡੀ ਕਰਨ ਆਉਂਦੇ ਹੁੰਦੇ ਸਨ।