ਆਰਐੱਮਪੀਆਈ ਵੱਲੋਂ ‘ਕਾਰਪੋਰੇਟ ਭਜਾਓ, ਮੋਦੀ ਹਰਾਓ’ ਤਹਿਤ ਸਿਆਸੀ ਕਾਨਫਰੰਸਾਂ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 25 ਸਤੰਬਰ
ਸਥਾਨਕ ਵਿਰਸਾ ਵਿਹਾਰ ਵਿੱਚ ਅੱਜ ਆਰਐੱਮਪੀਆਈ ਵੱਲੋਂ ‘ਕਾਰਪੋਰੇਟ ਭਜਾਓ, ਮੋਦੀ ਹਰਾਓ’ ਅਤੇ ਲੋਕ ਪੱਖੀ ਸਿਆਸੀ ਬਦਲ ਉਸਾਰਨ ਦੇ ਬੈਨਰ ਹੇਠ ਕਾਨਫਰੰਸ ਕੀਤੀ ਗਈ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਰੜੇ ਹੱਥੀ ਲੈਂਦਿਆ ਲੋਕ ਵਿਰੋਧੀ ਸਰਕਾਰ ਕਰਾਰ ਦਿਤਾ ਗਿਆ।
ਅਜ ਦੀ ਇਹ ਕਾਨਫਰੰਸ ਸਾਥੀ ਰਤਨ ਸਿੰਘ ਰੰਧਾਵਾ, ਸਾਥੀ ਕਿਰਪਾਲ ਸਿੰਘ, ਮੁਖਤਾਰ ਸਿੰਘ ਮੁਹਾਵਾ, ਪਲਵਿੰਦਰ ਸਿੰਘ ਮੱਟੂ, ਬੀਬੀ ਸਵਿੰਦਰ ਕੌਰ, ਮਨਦੀਪ ਸਿੰਘ ਬੱਬਲੂ, ਅਤੇ ਗੁਰਪ੍ਰੀਤ ਸਿੰਘ ਸੋਨੀ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਸ਼ਹਿਰ ਵਿੱਚੋਂ ਵੱਡੀ ਗਿਣਤੀ ਵਿੱਚ ਮਜ਼ਦੂਰਾਂ , ਨੌਜਵਾਨਾਂ ਤੇ ਹੋਰ ਸਾਥੀਆਂ ਨੇ ਸ਼ਿਰਕਤ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਆਰਐੱਮਪੀਆਈ ਦੇ ਸੂਬਾਈ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਮੋਦੀ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਆਪਣੇ ਫਾਸ਼ੀਵਾਦੀ ਏਜੰਡੇ ਤਹਿਤ ਘੱਟ ਗਿਣਤੀਆਂ ਨੂੰ ਦਬਾ ਰਹੀ ਹੈ। ਹਿੰਦੂ ਰਾਸ਼ਟਰ ਬਣਾਉਣ ਦੇ ਨਾਂ ਤੇ ਮੇਹਨਤਕਸ਼ ਲੋਕਾਂ ਵਲੋਂ ਆਪਣੇ ਹੱਕਾਂ ਲਈ ਲੜੇ ਜਾ ਰਹੇ ਘੋਲਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਅੱਜ ਇਸਦਾ ਵਿਰੋਧ ਕਰਨਾ ਅਤੇ ਲੋਕਾਂ ਦੀ ਏਕਤਾ ਕਾਇਮ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਮੁਖਤਾਰ ਸਿੰਘ ਮੁਹਾਵਾ ਨੇ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਫਾਸ਼ੀਵਾਦੀ ਨੀਤੀਆਂ ਨੂੰ ਭਾਂਜ ਦੇਣ ਲਈ ਅਤੇ ਲੋਕ ਪੱਖੀ ਬਦਲ ਉਸਾਰਨ ਲਈ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਅਤੇ ਮੁਲਾਜ਼ਮਾਂ ਨੂੰ ਇਕੱਠੇ ਹੋਣ ਦਾ ਸੱਦਾ ਦਿਤਾ।
ਚੇਤਨਪੁਰਾ (ਪੱਤਰ ਪ੍ਰੇਰਕ): ਲੋਕ ਪੱਖੀ ਸਿਆਸੀ ਬਦਲ ਉਸਾਰਨ ‘ਕਾਰਪੋਰੇਟ ਭਜਾਉ ਦੇਸ਼ ਬਚਾਉ ਮੋਦੀ ਹਰਾਓ’ ਦੇ ਬੇਨਰ ਹੇਠ ਮੱਲੂ ਨੰਗਲ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਵਿਸ਼ਾਲ ਸਿਆਸੀ ਕਾਨਫਰੰਸ ਕੀਤੀ ਗਈ। ਇਸ ਵਿੱਚ ਇਲਾਕੇ ਦੇ ਮਜ਼ਦੂਰ, ਕਿਸਾਨ, ਨੌਜਵਾਨ, ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਅਮਨ-ਚੈਨ ਅਤੇ ਸਾਂਝੀਵਾਲਤਾ ਦੀ ਰਾਖੀ ਲਈ ਮੋਦੀ ਨੂੰ ਚਲਦਾ ਕਰੋ: ਪਾਸਲਾ
ਜਲੰਧਰ (ਪੱਤਰ ਪ੍ਰੇਰਕ): ਦੇਸ਼ ਦੇ ਅਮਨ-ਚੈਨ ਦੀ ਸਲਾਮਤੀ ਅਤੇ ਭਾਈਚਾਰਕ ਸਾਂਝ ਦੀ ਰਾਖੀ ਲਈ 2024 ’ਚ ਹੋਣ ਜਾ ਰਹੀਆਂ ਆਮ ਚੋਣਾਂ ’ਚ ਕਾਰਪੋਰੇਟ ਲੋਟੂਆਂ ਦੀ ਚਾਕਰ, ਗਰੀਬ ਦੋਖੀ-ਦੇਸ਼ ਵਿਰੋਧੀ ਮੋਦੀ ਸਰਕਾਰ ਦਾ ਬਿਸਤਰਾ ਗੋਲ ਕਰੋ। ਦੇਸ਼ ਵਾਸੀਆਂ ਨੂੰ ਇਹ ਅਰਜੋਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸਥਾਨਕ ਗੜ੍ਹਾ ਵਿੱਚ ਪਾਰਟੀ ਦੀ ਜਲੰਧਰ ਤਹਿਸੀਲ ਕਮੇਟੀ ਵੱਲੋਂ ਕਰਨਵਾਈ ਭਰਵੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤੀ। ਸਾਥੀ ਪਾਸਲਾ ਨੇ ਕਿਹਾ ਕਿ ਆਰਐੱਸਐੱਸ ਭਾਜਪਾ ਅਤੇ ਸੰਘ ਪਰਿਵਾਰ ਨਾਲ ਸਬੰਧਤ ਖਰੂਦੀ ਸੰਗਠਨ ਫਿਰਕੂ ਵੰਡ ਤਿੱਖੀ ਕਰ ਕੇ ਅਤੇ ਅਡਾਨੀ-ਅੰਬਾਨੀ ਵੱਲੋਂ ਆਪਣੀ ਕਾਲੀ ਕਮਾਈ ’ਚੋਂ ਦਿੱਤੇ ਬੇਸ਼ੁਮਾਰ ਧੰਨ ਦੇ ਜ਼ੋਰ ’ਤੇ ਬੇਰੁਜ਼ਗਾਰੀ-ਮਹਿੰਗਾਈ ’ਤੇ ਕਾਬੂ ਪਾਉਣ ਆਦਿ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਪੱਖੋਂ ਅਸਲੋਂ ਨਕਾਰਾ ਸਾਬਤ ਹੋਈ ਮੋਦੀ-ਸ਼ਾਹ ਸਰਕਾਰ ਨੂੰ ਤੀਜੀ ਵਾਰ ਦੇਸ਼ ਦੀ ਰਾਜ ਗੱਦੀ ’ਤੇ ਬਿਠਾਉਣ ਲਈ ਦੇਸ਼ ਭਰ ’ਚ ਹਿੰਸਾ ਦਾ ਤਾਂਡਵ ਮਚਾਉਣ ਦੀ ਮਨਸੂਬਾਬੰਦੀ ਕਰੀ ਬੈਠੇ ਹਨ। ਬੀਬੀ ਰਘਬੀਰ ਕੌਰ, ਨੌਜਵਾਨ ਆਗੂਆਂ ਧਰਮਿੰਦਰ ਸਿੰਘ ਮੁਕੇਰੀਆਂ ਤੇ ਸ਼ਮਸ਼ੇਰ ਸਿੰਘ ਬਟਾਲਾ ਤੇ ਵਿਦਿਆਰਥੀ ਆਗੂ ਰਵਿੰਦਰ ਸਿੰਘ ਲੋਹਗੜ੍ਹ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਨੁਕਸਦਾਰ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਵਿਰੁੱਧ ਤਕੜੇ ਘੋਲ ਵਿੱਢਣ ਦਾ ਸੱਦਾ ਦਿੱਤਾ।