ਬੈਂਸ ਵੱਲੋਂ ਬਿੱਟੂ ਦੀ ਆਡੀਓ ਵਾਇਰਲ ਕਰਨ ਮਗਰੋਂ ਸਿਆਸੀ ਮਾਹੌਲ ‘ਸ਼ਾਂਤ’
ਗਗਨਦੀਪ ਅਰੋੜਾ
ਲੁਧਿਆਣਾ, 22 ਮਈ
ਅਫ਼ਸਰਾਂ ਦੇ ਸਟਿੰਗ ਆਪਰੇਸ਼ਨ ਤੇ ਆਡੀਓ ਵਾਇਰਲ ਕਰਨ ਲਈ ਜਾਣੇ ਜਾਂਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਵਾਇਰਲ ਕੀਤੀ ਗਈ ਆਡੀਓ ਕਲਿਪ ਮਗਰੋਂ ਹੁਣ ਲੁਧਿਆਣਾ ਦੀ ਸਿਆਸਤ ਵਿੱਚ ਸ਼ਾਂਤੀ ਪਸਰੀ ਹੋਈ ਹੈ। ਆਡੀਓ ਵਿੱਚ ਜਿਸ ਤਰੀਕੇ ਨਾਲ ਬਿੱਟੂ ਭਗਵਾਂ ਪਾਰਟੀ ਦੀ ਸੀਨੀਅਰ ਹਾਈਕਮਾਂਡ ਬਾਰੇ ਗੱਲਾਂ ਕਰ ਰਹੇ ਹਨ, ਉਸ ਤੋਂ ਬਾਅਦ ਕੁੱਝ ਸਮੇਂ ਲਈ ਤਾਂ ਪਾਰਟੀ ਦੇ ਟਕਸਾਲੀ ਆਗੂਆਂ ਵਿੱਚ ਇਸ ਨੂੰ ਲੈ ਕੇ ਕਾਫ਼ੀ ਰੋਸ ਸੀ। ਇਸ ਆਡੀਓ ਕਾਂਡ ਤੋਂ ਬਾਅਦ ਫਿਲਹਾਲ ਸਿਆਸੀ ਮਾਹੌਲ ਬਿਲਕੁਲ ਸ਼ਾਂਤ ਹੋ ਗਿਆ ਹੈ। ਚਰਚਾ ਹੈ ਕਿ ਇਸ ਮਾਮਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦਖ਼ਲ ਦਿੱਤਾ ਸੀ। ਇਸ ਮਗਰੋਂ ਬੈਂਸ ਤੇ ਬਿੱਟੂ ਦੋਹਾਂ ਹੀ ਪੱਖਾਂ ਤੋਂ ਕੋਈ ਗੱਲ ਸਾਹਮਣੇ ਨਹੀਂ ਆ ਰਹੀ। ਦਰਅਸਲ, ਪਿਛਲੇ ਦਿਨੀਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਫੇਸਬੁੱਕ ’ਤੇ ਲਾਈਵ ਹੋ ਕੇ ਇੱਕ ਆਡੀਓ ਵਾਇਰਲ ਕੀਤੀ ਗਈ ਸੀ। ਇਹ ਆਡੀਓ ਸਿਮਰਜੀਤ ਸਿੰਘ ਬੈਂਸ ਵੱਲੋਂ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਰਵਨੀਤ ਬਿੱਟੂ ਨਾਲ ਕੀਤੀ ਗਈ ਗੱਲਬਾਤ ਸੀ।
ਸੰਸਦ ਮੈਂਬਰ ਬਿੱਟੂ ਇਸ ਵਿੱਚ ਬੈਂਸ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦੀ ਗੱਲ ਆਖਦੇ ਹਨ। ਇਹੀ ਨਹੀਂ ਉਹ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਥਿਤ ਤੌਰ ’ਤੇ ਮੰਦਾ ਚੰਗਾ ਬੋਲਦੇ ਹਨ ਅਤੇ ਆਖਦੇ ਹਨ ਕਿ ‘ਭਾਜਪਾ ਵਿਚ ਵੀ ਕਾਂਗਰਸ ਵਾਲਾ ਹੀ ਹਾਲ (ਜਥੇਬੰਦਕ ਪੱਖੋਂ) ਹੈ’। ਇਸ ਤੋਂ ਇਲਾਵਾ ਪੱਗ ਦੇ ਮੁੱਦੇ ’ਤੇ ਵੀ ਗੱਲ ਕੀਤੀ ਜਾਂਦੀ ਹੈ। ਇਸ ਵਿੱਚ ਕਿਹਾ ਗਿਆ, ‘‘ਭਾਜਪਾ ਵਿੱਚ ਤਾਂ ਨਕਲੀ ਪੱਗ ਬੰਨ੍ਹਣ ਵਾਲੇ ਨੂੰ ਵੀ ਬਹੁਤ ਆਦਰ ਦਿੱਤਾ ਜਾਂਦਾ ਹੈ। ਤੁਸੀ ਤਾਂ ਪੂਰੇ ਗੁਰਸਿੱਖ ਹੋ।’’ ਇਸ ਆਡੀਓ ਦੇ ਵਾਇਰਲ ਹੋਣ ਮਗਰੋਂ ਸਾਬਕਾ ਵਿਧਾਇਕ ਬੈਂਸ ਨੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੇ ਕਾਂਗਰਸ ਵਿੱਚ ਜਾਣ ਮਗਰੋਂ ਬਿੱਟੂ ਲਗਾਤਾਰ ਉਨ੍ਹਾਂ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਸਨ। ਜਬਰ-ਜਨਾਹ ਦੇ ਮਾਮਲੇ ਵਿੱਚ ਵੀ ਬਿੱਟੂ ਨੇ ਬੈਂਸ ’ਤੇ ਨਿਸ਼ਾਨਾ ਸੇਧਿਆ ਸੀ। ਹਾਲਾਂਕਿ, ਚਰਚਾ ਹੈ ਕਿ ਬਿੱਟੂ ਕਾਫ਼ੀ ਸਮੇਂ ਤੋਂ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣਾ ਚਾਹੁੰਦੇ ਸਨ। ਹਾਲਾਂਕਿ, ਬਾਅਦ ਵਿੱਚ ਆਪਣੇ ਭਾਸ਼ਣ ਵਿੱਚ ਉਹ ਬੈਂਸ ਭਰਾਵਾਂ ’ਤੇ ਉਂਗਲ ਚੁੱਕਣ ਲੱਗੇ। ਇਸ ਮਾਮਲੇ ਵਿੱਚ ਭਾਜਪਾ ਉਮੀਦਵਾਰ ਬਿੱਟੂ ਨੇ ਕਿਹਾ ਸੀ ਕਿ ਇਹ ਆਡੀਓ ਫ਼ਰਜ਼ੀ ਹੈ। ਉਨ੍ਹਾਂ ਦੀ ਆਵਾਜ਼ ਦਾ ਗ਼ਲਤ ਇਸਤੇਮਾਲ ਕਰਕੇ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਸਬੰਧੀ ਆਈਟੀ ਸੈੱਲ ਨੂੰ ਸ਼ਿਕਾਇਤ ਕਰਨ ਦੀ ਗੱਲ ਵੀ ਆਖੀ ਸੀ। ਇਸ ਮਾਮਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਹ ਗੱਲ ਕਹੀ ਸੀ ਕਿ ਕਿਸੇ ਦੀ ਵੀ ਆਡੀਓ ਵਾਇਰਲ ਨਹੀਂ ਕਰਨੀ ਚਾਹੀਦੀ। ਖਾਸ ਕਰ ਕੇ ਚੋਣਾਂ ਮੌਕੇ ਕਿਉਂਕਿ ਹਰੇਕ ਕੋਈ ਕਿਸੇ ਨਾ ਕਿਸੇ ਨਾਲ ਫੋਨ ’ਤੇ ਗੱਲ ਕਰਦਾ ਹੈ।