For the best experience, open
https://m.punjabitribuneonline.com
on your mobile browser.
Advertisement

ਸਿਆਸੀ ਫ਼ਨਕਾਰ: ਨਾ ਘਰ ਨਾ ਬਾਰ, ਚਾਹੁੰਦੇ ਨੇ ਸਰਕਾਰ..!

08:45 AM Apr 16, 2024 IST
ਸਿਆਸੀ ਫ਼ਨਕਾਰ  ਨਾ ਘਰ ਨਾ ਬਾਰ  ਚਾਹੁੰਦੇ ਨੇ ਸਰਕਾਰ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 15 ਅਪਰੈਲ
ਲੋਕ ਸਭਾ ਚੋਣਾਂ ’ਚ ਇਕੱਲੇ ਕਰੋੜਪਤੀ ਹੀ ਨਹੀਂ ਕੁੱਦਦੇ ਰਹੇ ਬਲਕਿ ਜਿਨ੍ਹਾਂ ਦੀ ਜੇਬ ਖ਼ਾਲੀ ਸੀ, ਉਹ ਵੀ ਚੋਣ ਮੈਦਾਨ ਵਿਚ ਡਟਦੇ ਰਹੇ ਹਨ। ਉਨ੍ਹਾਂ ਉਮੀਦਵਾਰਾਂ ਦਾ ਜਿਗਰਾ ਦੇਖੋ ਜਿਨ੍ਹਾਂ ਕੋਲ ਨਾ ਕੋਈ ਸੰਪਤੀ ਸੀ ਅਤੇ ਨਾ ਹੀ ਜੇਬ ’ਚ ਕੋਈ ਧੇਲਾ ਸੀ ਪਰ ਉਨ੍ਹਾਂ ਨੇ ਚੋਣਾਂ ’ਚ ਉਤਰ ਕੇ ਇਹ ਸਾਬਤ ਕੀਤਾ ਕਿ ਚੋਣਾਂ ਪੈਸੇ ਵਾਲਿਆਂ ਦੀ ਜਾਗੀਰ ਨਹੀਂ। ਇਹ ਵੱਖਰੀ ਗੱਲ ਹੈ ਕਿ ਖ਼ਾਲੀ ਖ਼ਜ਼ਾਨੇ ਵਾਲੇ ਉਮੀਦਵਾਰ ਕਦੇ ਲੋਕ ਸਭਾ ਚੋਣਾਂ ਵਿਚ ਸਫਲਤਾ ਦੀ ਮੱਲ ਨਹੀਂ ਮਾਰ ਸਕੇ। ਹਾਲਾਂਕਿ ਵਿਧਾਨ ਸਭਾ ਚੋਣਾਂ 2022 ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਕੋਈ ਪੈਸਾ ਖ਼ਰਚੇ ਵਿਧਾਇਕੀ ਤੱਕ ਪੁੱਜੇ ਹਨ ਅਤੇ ਕਈ ਮੰਤਰੀ ਵੀ ਬਣੇ ਹਨ।
ਵੇਰਵਿਆਂ ਅਨੁਸਾਰ ਲੋਕ ਸਭਾ ਚੋਣਾਂ 2019 ਵਿਚ ਪੰਜਾਬ ’ਚ ਕੁੱਲ 277 ਉਮੀਦਵਾਰ ਮੈਦਾਨ ਵਿਚ ਕੁੱਦੇ ਸਨ। ਇੱਕ ਬੰਨ੍ਹੇ ਫ਼ਿਰੋਜ਼ਪੁਰ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਸਨ ਜਿਨ੍ਹਾਂ ਕੋਲ 217 ਕਰੋੜ ਦੀ ਸੰਪਤੀ ਸੀ, ਦੂਜੇ ਪਾਸੇ ਸੰਗਰੂਰ ਹਲਕੇ ਤੋਂ ਮਜ਼ਦੂਰ ਪੱਪੂ ਕੁਮਾਰ ਵੀ ਚੋਣ ਪਿੜ ਵਿਚ ਸੀ ਜਿਸ ਕੋਲ ਕੋਈ ਸੰਪਤੀ ਹੀ ਨਹੀਂ ਸੀ। ਨਾ ਘਰ ਨਾ ਬਾਰ, ਫਿਰ ਵੀ ਚੋਣ ਪ੍ਰਚਾਰ ਵਿਚ ਪੱਪੂ ਜੁਟਿਆ ਰਿਹਾ। ਸੰਗਰੂਰ ਹਲਕੇ ਤੋਂ ਕੇਵਲ ਸਿੰਘ ਢਿੱਲੋਂ ਚੋਣ ਲੜ ਰਹੇ ਸਨ ਜਿਨ੍ਹਾਂ ਕੋਲ 131 ਕਰੋੜ ਦੀ ਸੰਪਤੀ ਸੀ। ਲੁਧਿਆਣਾ ਤੋਂ ਦਿਲਦਾਰ ਸਿੰਘ ਕੋਲ ਸਿਰਫ਼ ਛੇ ਹਜ਼ਾਰ ਦੀ ਪ੍ਰਾਪਰਟੀ ਸੀ ਪਰ ਚੋਣਾਂ ਵਿਚ ਉਹ ਬਦਲਾਅ ਦੀ ਗੱਲ ਕਰ ਰਿਹਾ ਸੀ। ਬਠਿੰਡਾ ਹਲਕੇ ਤੋਂ ਭਗਵੰਤ ਸਮਾਓ ਦੋ ਦਹਾਕਿਆਂ ਤੋਂ ਚੋਣ ਲੜ ਰਿਹਾ ਹੈ। ਉਸ ਨੇ ਪਹਿਲੀ ਚੋਣ 2004 ਅਤੇ ਫਿਰ 2009 ਵਿਚ ਲੜੀ। ਉਸ ਮਗਰੋਂ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ। ਹੁਣ ਮੁੜ ਬਠਿੰਡਾ ਹਲਕੇ ਤੋਂ ਚੋਣ ਮੈਦਾਨ ਵਿਚ ਹੈ। ਭਗਵੰਤ ਸਮਾਓ ਕੋਲ 2009 ਵਿਚ ਕੋਈ ਸੰਪਤੀ ਨਹੀਂ ਸੀ ਬਲਕਿ ਸਿਰ ’ਤੇ 15 ਹਜ਼ਾਰ ਦਾ ਕਰਜ਼ਾ ਸੀ। ਉਸ ਨੂੰ ਕਿਸੇ ਚੋਣ ਵਿਚ ਸਫਲਤਾ ਨਹੀਂ ਮਿਲੀ।
ਲੋਕ ਸਭਾ ਚੋਣਾਂ 2014 ਦੀ ਗੱਲ ਕਰੀਏ ਤਾਂ ਕੁੱਲ 253 ਉਮੀਦਵਾਰ ਚੋਣ ਪਿੜ ਵਿਚ ਸਨ। ਇਨ੍ਹਾਂ ਚੋਣਾਂ ਵਿਚ 118 ਕਰੋੜ ਦੀ ਮਾਲਕ ਅੰਬਿਕਾ ਸੋਨੀ ਵੀ ਚੋਣ ਲੜ ਰਹੀ ਸੀ ਅਤੇ ਦੂਸਰੇ ਪਾਸੇ ਬਠਿੰਡਾ ਹਲਕੇ ਤੋਂ ਗੀਤਾ ਰਾਣੀ ਵੀ ਮੈਦਾਨ ਵਿਚ ਸੀ ਜਿਸ ਕੋਲ ਕੋਈ ਜਾਇਦਾਦ ਹੀ ਨਹੀਂ ਸੀ। ਉਨ੍ਹਾਂ ਚੋਣਾਂ ਵਿਚ ਅਰੁਣ ਜੇਤਲੀ ਵੀ ਉਮੀਦਵਾਰ ਸਨ ਜਿਨ੍ਹਾਂ ਕੋਲ 113 ਕਰੋੜ ਦੀ ਸੰਪਤੀ ਸੀ ਜਦਕਿ ਜਲੰਧਰ ਦੇ ਕੁਲਦੀਪ ਕੁਮਾਰ ਕੋਲ ਕੋਈ ਸੰਪਤੀ ਨਹੀਂ ਸੀ। ਇਵੇਂ ਗੁਰਦਾਸਪੁਰ ’ਚ ਚੋਣ ਲੜਨ ਵਾਲੇ ਸਿਕੰਦਰ ਸਿੰਘ ਕੋਲ ਸਿਰਫ਼ 1500 ਰੁਪਏ ਦੀ ਕੁੱਲ ਪੂੰਜੀ ਸੀ।
ਅਗਾਂਹ ਚੱਲੀਏ ਤਾਂ 2009 ਦੀਆਂ ਲੋਕ ਸਭਾ ਚੋਣਾਂ ਵਿਚ ਕੁੱਲ 202 ਉਮੀਦਵਾਰ ਖੜ੍ਹੇ ਸਨ ਜਿਨ੍ਹਾਂ ਵਿਚ 34 ਕਰੋੜ ਦੀ ਸੰਪਤੀ ਦਾ ਮਾਲਕ ਰਾਣਾ ਗੁਰਜੀਤ ਸਿੰਘ ਵੀ ਸੀ ਅਤੇ ਖਡੂਰ ਸਾਹਿਬ ਹਲਕੇ ਤੋਂ ਚੋਣ ਲੜਨ ਵਾਲਾ ਰਾਜਿੰਦਰ ਸਿੰਘ ਵੀ ਸੀ ਜਿਸ ਦੀ ਜੇਬ ਖ਼ਾਲੀ ਸੀ। ਲੁਧਿਆਣਾ ਹਲਕੇ ਵਿਚ ਖੜ੍ਹੇ ਆਜ਼ਾਦ ਉਮੀਦਵਾਰ ਸੁਰਿੰਦਰਪਾਲ ਸਿੰਘ ਕੋਲ ਸਿਰਫ਼ 609 ਰੁਪਏ ਸਨ ਅਤੇ ਬਠਿੰਡਾ ਤੋਂ ਆਜ਼ਾਦ ਚੋਣ ਲੜਨ ਵਾਲੇ ਰਜਨੀਸ਼ ਕੁਮਾਰ ਕੋਲ ਕੇਵਲ 1200 ਰੁਪਏ ਸਨ। ਬਠਿੰਡਾ ਹਲਕੇ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਣਇੰਦਰ ਸਿੰਘ ਚੋਣ ਲੜ ਰਿਹਾ ਸੀ ਜੋ 14 ਕਰੋੜ ਦੀ ਸੰਪਤੀ ਦੀ ਮਾਲਕੀ ਹੈ। ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿਚ 71 ਉਮੀਦਵਾਰ ਖੜ੍ਹੇ ਸਨ ਜਿਨ੍ਹਾਂ ਵਿਚ ਪਟਿਆਲਾ ਸੀਟ ਤੋਂ ਪ੍ਰਨੀਤ ਕੌਰ ਵੀ ਸ਼ਾਮਲ ਸਨ। ਪ੍ਰਨੀਤ ਕੌਰ ਕੋਲ 41 ਕਰੋੜ ਦੀ ਮਾਲਕੀ ਸੀ ਅਤੇ ਰਾਣਾ ਗੁਰਜੀਤ ਸਿੰਘ ਕੋਲ 20 ਕਰੋੜ ਦੀ ਮਾਲਕੀ ਸੀ।
ਦੂਜੇ ਪਾਸੇ ਫ਼ਿਰੋਜ਼ਪੁਰ ਸੀਟ ਤੋਂ ਚੋਣ ਲੜਨ ਵਾਲੇ ਅਜੈ ਡੇਨੀਅਲ ਕੋਲ ਨਾ ਘਰ ਤੇ ਨਾ ਹੀ ਕੋਈ ਪੂੰਜੀ ਸੀ। 12ਵੀਂ ਪਾਸ ਅਜੈ ਚੋਣਾਂ ਵਿਚ ਡਟਿਆ ਰਿਹਾ। ਅੰਮ੍ਰਿਤਸਰ ਸੀਟ ਤੋਂ ਗੀਤਾ ਨੇ ਚੋਣ ਲੜੀ। ਪੋਸਟ ਗਰੈਜੂਏਟ ਗੀਤਾ ਕੋਲ ਕੋਈ ਸੰਪਤੀ ਨਹੀਂ ਸੀ।

Advertisement

ਜ਼ਮਾਨਤ ਰਾਸ਼ੀ ਕੌਣ ਤਾਰੂ..!

ਲੋਕ ਸਭਾ ਚੋਣ ਲੜਨ ਵਾਲੇ ਉਮੀਦਵਾਰਾਂ ਲਈ 25,000 ਰੁਪਏ ਜ਼ਮਾਨਤ ਰਾਸ਼ੀ (ਜਨਰਲ ਵਰਗ) ਅਤੇ ਰਾਖਵੇਂ ਵਰਗ ਲਈ ਜ਼ਮਾਨਤ ਰਾਸ਼ੀ 12,500 ਰੁਪਏ ਹੈ। ਸੰਪਤੀ ਵਿਹੂਣੇ ਲੋਕਾਂ ਲਈ ਇਹ ਰਾਸ਼ੀ ਇਕੱਠੀ ਕਰਨੀ ਸੌਖੀ ਨਹੀਂ ਹੈ। ਆਮ ਤੌਰ ’ਤੇ ਆਜ਼ਾਦ ਉਮੀਦਵਾਰ ਆਪਣੀ ਜ਼ਮਾਨਤ ਰਾਸ਼ੀ ਵੀ ਜ਼ਬਤ ਕਰਾ ਬੈਠਦੇ ਹਨ। ਇਸ ਦੇ ਬਾਵਜੂਦ ਅਜਿਹੇ ਉਮੀਦਵਾਰਾਂ ਵਿਚ ਕੋਈ ਕਮੀ ਨਹੀਂ ਆਈ ਹੈ। ਲੋਕ ਰਾਜ ਦੀ ਤੰਦਰੁਸਤੀ ਲਈ ਇਹ ਉਸਾਰੂ ਕਦਮ ਹੈ ਕਿ ਹਰ ਕੋਈ ਚੋਣ ਲੜਨ ਦੇ ਸੁਫ਼ਨੇ ਦੇਖ ਸਕਦਾ ਹੈ।

Advertisement
Author Image

joginder kumar

View all posts

Advertisement
Advertisement
×