For the best experience, open
https://m.punjabitribuneonline.com
on your mobile browser.
Advertisement

ਸਿਆਸੀ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਭਰਾਜ ਦੇ ਘਰ ਅੱਗੇ ਧਰਨਾ

11:27 AM Sep 18, 2024 IST
ਸਿਆਸੀ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਭਰਾਜ ਦੇ ਘਰ ਅੱਗੇ ਧਰਨਾ
ਨਰਿੰਦਰ ਕੌਰ ਭਰਾਜ ਦੀ ਰਿਹਾਇਸ਼ ਅੱਗੇ ਧਰਨਾ ਦਿੰਦੇ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ। -ਫੋਟੋ: ਲਾਲੀ
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਸਤੰਬਰ
ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸਥਾਨਕ ਸੋਹੀਆਂ ਰੋਡ ਸਥਿਤ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ। ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਵਿਧਾਇਕ ਵਲੋਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਐਸ਼ਵਨ ਬੀੜ ਸੋਹੀਆਂ ਰੋਡ ਸੰਗਰੂਰ ਵਾਲੀ ਜ਼ਮੀਨ ’ਚ ਅਨਾਜ ਮੰਡੀ ਤੇ ਹੋਰ ਪ੍ਰਾਜੈਕਟ ਲਾਉਣ ਦਾ ਮਾਮਲਾ ਚੁੱਕਿਆ ਗਿਆ ਸੀ ਜਿਸ ਖ਼ਿਲਾਫ਼ ਲੋਕਾਂ ਵਿੱਚ ਰੋਸ ਹੈ। ਧਰਨੇ ਦੀ ਅਗਵਾਈ ਲੋਕ ਭਲਾਈ ਸੰਘਰਸ਼ ਸੁਸਾਇਟੀ, ਗਊਧਾਮ ਸੰਸਥਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਵਲੋਂ ਕੀਤੀ ਗਈ। ਰੋਸ ਧਰਨੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁਲਟ, ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਪੰਜਾਬ ਦੇ ਆਗੂ ਹਰਿੰਦਰਪਾਲ ਸਿੰਘ ਖਾਲਸਾ ਆਦਿ ਸ਼ਾਮਲ ਹੋਏ।
ਇਸ ਮੌਕੇ ਲੋਕ ਭਲਾਈ ਸੰਘਰਸ਼ ਸੁਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਭਿੰਡਰ, ਗਊਧਾਮ ਸੰਸਥਾ ਦੇ ਆਗੂ ਨਰੇਸ਼ ਕੁਮਾਰ, ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਭਾਜਪਾ ਆਗੂ ਧਰਮਿੰਦਰ ਸਿੰਘ ਦੁਲਟ ਆਦਿ ਨੇ ਕਿਹਾ ਕਿ ਬੀੜ ਦਾ ਉਜਾੜਾ ਕਰਨ ਦੀ ਤਜਵੀਜ਼ ਬਹੁਤ ਮੰਦਭਾਗੀ ਹੈ ਕਿਉਂਕਿ ਬੀੜ ’ਚ ਹਜ਼ਾਰਾਂ ਗਊਆਂ ਤੇ ਜਾਨਵਰ ਹਨ। ਇਹ ਬੀੜ ਸ਼ਾਹੀ ਸ਼ਹਿਰ ਦੇ ਇਤਿਹਾਸ ਨਾਲ ਵੀ ਜੁੜੀ ਹੈ। ਬੀੜ ਦੀ ਜਗ੍ਹਾ ਅਨਾਜ ਮੰਡੀ ਬਣਾਉਣ ਆਦਿ ਦੀ ਤਜਵੀਜ਼ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ ਕਿਉਂਕਿ ਬੀੜ ਵਿਚ ਹਜ਼ਾਰਾਂ ਦਰੱਖਤ ਵਾਤਾਵਰਨ ਦੀ ਸ਼ੁੱਧਤਾ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੀੜ ਦੀ ਜਗ੍ਹਾ ਦੀ ਬਜਾਏ ਅਨਾਜ ਮੰਡੀ ਲਈ ਕੋਈ ਹੋਰ ਸਥਾਈ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਰਾਜ ਕੁਮਾਰ ਸ਼ਰਮਾ, ਗੁਰਤੇਜ ਸਿੰਘ ਝਨੇੜੀ, ਜਗਦੀਪ ਸਿੰਘ ਗੁੱਜਰਾਂ, ਚਮਨਦੀਪ ਸਿੰਘ ਮਿਲਖੀ, ਗੁਰਿੰਦਰਪਾਲ ਸਿੰਘ, ਸੱਤਪਾਲ ਸਿੰਘ, ਭਗਰਾਜ ਚੰਦ, ਰਾਮਪਾਲ, ਗੋਪਾਲ ਸਿੰਘ, ਮੱਘਰ ਸਿੰਘ, ਅਵਤਾਰ ਸਿੰਘ ਝਨੇੜੀ, ਸੰਦੀਪ ਮੰਗਵਾਲ, ਹਰਕੇਸ਼ ਲੱਖੀ, ਬੂਟਾ ਸਿੰਘ ਥਲੇਸਾਂ, ਸੰਦੀਪ ਕਲੌਦੀ, ਬਲਵਿੰਦਰ ਸਿੰਘ ਬੰਗਾਂਵਾਲੀ, ਜਸਪ੍ਰੀਤ ਸਿੰਘ ਅਕੋਈ ਸਾਹਿਬ, ਸੰਜੀਵ ਲੱਕੀ, ਰੋਮੀ ਗੋਇਲ ਆਦਿ ਹਾਜ਼ਰ ਸਨ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਜੀਂਦ ਰਿਆਸਤ ਦੇ ਆਖ਼ਰੀ ਰਾਜੇ ਸਤਬੀਰ ਸਿੰਘ ਦੀ ਵਸੀਅਤ ਬਾਰੇ ਮੁੱਦਾ ਚੁੱਕਿਆ ਗਿਆ ਸੀ। ਜਿਸ ਜ਼ਮੀਨ ਦੀ ਗੱਲ ਕੀਤੀ ਗਈ ਸੀ ਉਹ ਜ਼ਮੀਨ ਬੀੜ ਦੇ ਨਾਲ ਲੱਗਦੀ ਹੈ ਪਰ ਇਸ ਵਿਚ ਬੀੜ ਵਾਲੀ ਜ਼ਮੀਨ ਸ਼ਾਮਲ ਨਹੀਂ ਹੈ। ਬੀੜ ਵਾਲੀ ਜਗ੍ਹਾ ਬੀੜ ਹੀ ਰਹੇਗੀ। ਵਿਧਾਇਕ ਨੇ ਕਿਹਾ ਕਿ ਜੇਕਰ ਕੋਈ ਭੁਲੇਖਾ ਪੈਦਾ ਹੋਇਆ ਹੈ ਤਾਂ ਉਸ ਨੂੰ ਦੂਰ ਕਰ ਲਿਆ ਜਾਵੇ। ਧਰਨਾਕਾਰੀਆਂ ਨੂੰ ਵਿਧਾਇਕ ਵਲੋਂ ਲਿਖਤੀ ਪੱਤਰ ਰਾਹੀਂ ਇਹ ਸਪੱਸ਼ਟ ਕਰ ਦਿੱਤਾ ਗਿਆ।

Advertisement

Advertisement
Advertisement
Author Image

Advertisement