For the best experience, open
https://m.punjabitribuneonline.com
on your mobile browser.
Advertisement

ਸਿਆਸੀ ਗੱਠਜੋੜ : ਹਾਈ ਕਮਾਨ ਨੇ ਟੋਹੀ ਪੰਜਾਬ ਕਾਂਗਰਸ ਦੀ ਨਬਜ਼

07:00 AM Dec 27, 2023 IST
ਸਿਆਸੀ ਗੱਠਜੋੜ   ਹਾਈ ਕਮਾਨ ਨੇ ਟੋਹੀ ਪੰਜਾਬ ਕਾਂਗਰਸ ਦੀ ਨਬਜ਼
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਤੇ ਕੇਸੀ ਵੇਣੂਗੋਪਾਲ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮੀਟਿੰਗ ਕਰਦੇ ਹੋੋਏ। -ਫੋਟੋ: ਮਾਨਸ ਰੰਜਨ ਭੂਈ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 26 ਦਸੰਬਰ
ਕਾਂਗਰਸ ਹਾਈਕਮਾਨ ਨੇ ਅੱਜ ‘ਇੰਡੀਆ ਗੱਠਜੋੜ’ ਦੇ ਏਜੰਡੇ ਤਹਿਤ ਅਗਲੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਪੰਜਾਬ ’ਚ ‘ਆਪ’ ਨਾਲ ਸਿਆਸੀ ਗੱਠਜੋੜ ਦੀਆਂ ਸੰਭਾਵਨਾਵਾਂ ’ਤੇ ਸਿਆਸੀ ਮੰਥਨ ਕੀਤਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਆਗੂਆਂ ਨਾਲ ਕਰੀਬ ਦੋ ਘੰਟੇ ਮੀਟਿੰਗ ਕਰਕੇ ਅਗਾਮੀ ਲੋਕ ਸਭਾ ਚੋਣਾਂ ਬਾਰੇ ਰਣਨੀਤੀ ’ਤੇ ਚਰਚਾ ਕੀਤੀ ਜਿਸ ਵਿਚ ਪੰਜਾਬ ਵਿਚ ‘ਆਪ’ ਨਾਲ ਗੱਠਜੋੜ ਅਤੇ ਸੀਟਾਂ ਦੀ ਵੰਡ ਦੇ ਮੁੱਦੇ ਭਾਰੂ ਰਹੇ।

Advertisement

ਪੰਜਾਬ ਕਾਂਗਰਸ ਦੇ ਆਗੂ ਨਵਜੋਤ ਿਸੱਧੂ ਹਾਈ ਕਮਾਨ ਨਾਲ ਮੀਟਿੰਗ ਲਈ ਦਿੱਲੀ ਪਹੁੰਚਦੇ ਹੋਏ। -ਫੋਟੋ: ਮਾਨਸ ਰੰਜਨ ਭੂਈ

ਅਹਿਮ ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਨ ਨੇ ਇਸ ਮੀਟਿੰਗ ਵਿਚ ਪੰਜਾਬ ਦੀ ਲੀਡਰਸ਼ਿਪ ਦੀ ਸੰਭਾਵੀ ਗੱਠਜੋੜ ਅਤੇ ਸੀਟਾਂ ਦੇ ਵੰਡ ਦੇ ਮੁੱਦੇ ’ਤੇ ਨਬਜ਼ ਟੋਹੀ ਅਤੇ ਕਿਹਾ ਕਿ ਪੰਜਾਬ ਦੇ ਆਗੂਆਂ ਤੇ ਵਰਕਰਾਂ ਦੀਆਂ ਭਾਵਨਾਵਾਂ ਤੇ ਵਿਚਾਰਾਂ ਮੁਤਾਬਿਕ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਅੱਜ ਹਾਈਕਮਾਨ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ‘ਆਪ’ ਤੇ ਕਾਂਗਰਸ ਦੇ ਸਿਆਸੀ ਗੱਠਜੋੜ ਦੇ ਨਫ਼ੇ ਨੁਕਸਾਨਾਂ ਬਾਰੇ ਫੀਡ ਬੈਕ ਦਿੱਤੀ। ਸੂਤਰਾਂ ਅਨੁਸਾਰ ਮੀਟਿੰਗ ਵਿਚ ਪੰਜਾਬ ਦੀ ਲੀਡਰਸ਼ਿਪ ਨੇ ਹਾਈਕਮਾਨ ਨੂੰ ‘ਆਪ’ ਨਾਲ ਗੱਠਜੋੜ ਦੀ ਸੂਰਤ ਵਿਚ ਕਾਂਗਰਸ ਨੂੰ ਹੋਣ ਵਾਲੇ ਸਿਆਸੀ ਨੁਕਸਾਨ ਤੋਂ ਜਾਣੂ ਕਰਾਇਆ। ਕਾਂਗਰਸੀ ਆਗੂਆਂ ਅਤੇ ਵਰਕਰਾਂ ’ਤੇ ‘ਆਪ’ ਸਰਕਾਰ ਦੀ ਜ਼ਿਆਦਤੀ ’ਤੇ ਵੀ ਚਾਨਣਾ ਪਾਇਆ। ਸੀਨੀਅਰ ਆਗੂਆਂ ਨੇ ਸਾਫ਼ ਕਿਹਾ ਕਿ ਕਾਂਗਰਸ ਇਕੱਲੇ ਤੌਰ ’ਤੇ ਜਿੱਤਣ ਦੀ ਸਮਰੱਥਾ ਵਿਚ ਹੈ ਅਤੇ ਗੱਠਜੋੜ ਹੋਣ ਦੀ ਬਦੌਲਤ ਕਾਂਗਰਸੀ ਵਰਕਰ ਨਿਰਾਸ਼ਾ ਵਿਚ ਜਾਵੇਗਾ। ਹਾਈਕਮਾਨ ਨੇ ਪੰਜਾਬ ਦੇ ਆਗੂਆਂ ਦੇ ਮਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਕੁਝ ਆਗੂਆਂ ਨੇ ਗੱਠਜੋੜ ਦੀ ਵਕਾਲਤ ਵੀ ਕੀਤੀ। ਮੀਟਿੰਗ ਰਾਤ ਨੂੰ ਕਰੀਬ ਸਵਾ ਨੌਂ ਵਜੇ ਖ਼ਤਮ ਹੋਈ ਜਿਸ ਮਗਰੋਂ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਕਿ ਅੱਜ ਦੀ ਮੀਟਿੰਗ ਸਾਰਥਕ ਮਾਹੌਲ ਵਿਚ ਹੋਈ ਅਤੇ ਆਗਾਮੀ ਚੋਣਾਂ ਬਾਰੇ ਮੁੱਦਿਆਂ ’ਤੇ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਕਜੁੱਟ ਹੋ ਕੇ 2024 ਦੀਆਂ ਚੋਣਾਂ ਲਈ ਤਿਆਰ ਹੈ। ਇਸੇ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਬੰਦ ਕਮਰਾ ਮੀਟਿੰਗ ’ਚ ਹੋਈ ਚਰਚਾ ਨੂੰ ਇੱਥੇ ਨਹੀਂ ਰੱਖ ਸਕਦੇ ਹਨ ਲੇਕਿਨ ਹਾਈਕਮਾਨ ਨੇ ਸਭ ਲੀਡਰਾਂ ਦੀ ਰਾਏ ਜਾਣ ਲਈ ਹੈ। ਉਨ੍ਹਾਂ ਕਿਹਾ ਕਿ ਕਿਸੇ ਗੱਠਜੋੜ ਨੂੰ ਲੈ ਕੇ ਕੋਈ ਗੱਲ ਨਹੀਂ ਚੱਲੀ ਪ੍ਰੰਤੂ ਆਪਣੇ ਤੌਰ ’ਤੇ ਆਗੂਆਂ ਨੇ ਭਾਵਨਾਵਾਂ ਪ੍ਰਗਟਾਈਆਂ ਹਨ।

ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਹਾਈ ਕਮਾਨ ਨਾਲ ਮੀਟਿੰਗ ਲਈ ਦਿੱਲੀ ਪਹੁੰਚਦੇ ਹੋਏ। -ਫੋਟੋ: ਮਾਨਸ ਰੰਜਨ ਭੂਈ

ਪੰਜਾਬ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਅੱਜ ਦਿੱਲੀ ਵਿਚ ਕਾਂਗਰਸ ਦੇ ਹੈੱਡਕੁਆਰਟਰ ’ਤੇ ਸੱਤ ਵਜੇ ਤੋਂ ਬਾਅਦ ਸ਼ੁਰੂ ਹੋਈ। ਅੱਜ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੀਤੀ ਅਤੇ ਮੀਟਿੰਗ ਵਿਚ ਪਾਰਟੀ ਦੇ ਜਨਰਲ ਸਕੱਤਰ ਕੇ.ਸੀ ਵੇਣੂਗੋਪਾਲ, ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਸਮੇਤ ਪੰਜਾਬ ਦੇ ਸੀਨੀਅਰ ਲੀਡਰ ਹਾਜ਼ਰ ਰਹੇ। ਰਾਜਾ ਵੜਿੰਗ ਅਤੇ ਬਾਜਵਾ ਨੇ ਰਾਹੁਲ ਗਾਂਧੀ ਨੂੰ ਦੋ ਪੌਦੇ ਵੀ ਭੇਟ ਕੀਤੇ। ਅੱਜ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਪਰਗਟ ਸਿੰਘ, ਸਾਬਕਾ ਪ੍ਰਧਾਨ ਨਵਜੋਤ ਸਿੱਧੂ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਰਾਣਾ ਗੁਰਜੀਤ ਸਿੰਘ ਤੇ ਵਿਜੇ ਇੰਦਰ ਸਿੰਗਲਾ ਤੋਂ ਇਲਾਵਾ ਸੰਸਦ ਮੈਂਬਰ ਮਨੀਸ਼ ਤਿਵਾੜੀ, ਡਾ. ਅਮਰ ਸਿੰਘ, ਮੁਹੰਮਦ ਸਦੀਕ ਅਤੇ ਅੰਬਿਕਾ ਸੋਨੀ ਆਦਿ ਹਾਜ਼ਰ ਸਨ।

ਗੱਠਜੋੜ ਬਾਰੇ ਕੋਈ ਗੱਲ ਨਹੀਂ ਹੋਈ : ਵੜਿੰਗ

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਅਤੇ ਸੀਟ ਸ਼ੇਅਰਿੰਗ ਲੈ ਕੇ ਅੱਜ ਹਾਈਕਮਾਨ ਨੇ ਕੋਈ ਚਰਚਾ ਨਹੀਂ ਕੀਤੀ ਹੈ ਪ੍ਰੰਤੂ ਪੰਜਾਬ ਦੇ ਆਗੂਆਂ ਨੇ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਰੱਖੇ ਹਨ। ਮੀਟਿੰਗ ਵਿਚ ਲੋਕ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਚਾਰ ਵਟਾਂਦਰਾ ਹੋਇਆ ਹੈ। ਪੰਜਾਬ ਦੇ ਆਗੂਆਂ ਨੇ ਆਪਣੇ ਵਿਚਾਰ ਪ੍ਰਗਟਾਏ ਹਨ ਤੇ ਅੰਤਿਮ ਫੈਸਲਾ ਹਾਈਕਮਾਨ ਨੇ ਕਰਨਾ ਹੈ। ਹਾਈਕਮਾਨ ਨੇ ਭਰੋਸਾ ਦਿੱਤਾ ਹੈ ਕਿ ਆਗੂਆਂ ਤੇ ਵਰਕਰਾਂ ਦੇ ਵਿਚਾਰਾਂ ਅਨੁਸਾਰ ਆਉਣ ਵਾਲਾ ਪ੍ਰੋਗਰਾਮ ਉਲੀਕਿਆ ਜਾਵੇਗਾ।

ਕਾਂਗਰਸ ਵਿਚਲੇ ਕਲੇਸ਼ ’ਤੇ ਵੀ ਚਰਚਾ

ਸੂਤਰਾਂ ਅਨੁਸਾਰ ਮੀਟਿੰਗ ਵਿਚ ਪੰਜਾਬ ਵਿਚਲੀ ਖਿੱਚੋਤਾਣ ’ਤੇ ਵੀ ਚਰਚਾ ਚੱਲੀ ਅਤੇ ਮਾਹੌਲ ਗਰਮ ਵੀ ਰਿਹਾ। ਇੱਕ ਦੂਸਰੇ ’ਤੇ ਤੁਹਮਤਬਾਜ਼ੀ ਵੀ ਹੋਈ। ਹਾਈਕਮਾਨ ਨੇ ਆਗੂਆਂ ਨੂੰ ਅਨੁਸ਼ਾਸਨ ਵਿਚ ਰਹਿਣ ਦੀ ਤਾੜਨਾ ਕੀਤੀ। ਅੱਜ ਮੀਟਿੰਗ ਵਿਚ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੀ ਹਾਜ਼ਰ ਸਨ। ਰਾਜਾ ਵੜਿੰਗ ਨੇ ਅੱਜ ਮੀਟਿੰਗ ਤੋਂ ਪਹਿਲਾਂ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਾ ਬਿਨਾਂ ਨਾਮ ਲਏ ਕਿਹਾ ਸੀ ਕਿ ਪਾਰਟੀ ਅੰਦਰ ਰਹਿ ਕੇ ਜਨਤਕ ਤੌਰ ’ਤੇ ਨਿੱਜੀ ਵਿਚਾਰ ਪੇਸ਼ ਕਰਨ ਲਈ ਕੋਈ ਥਾਂ ਨਹੀਂ ਹੈ ਅਤੇ ਅਜਿਹਾ ਕਰਕੇ ਜੋ ਵੀ ਆਗੂ ਅਨੁਸ਼ਾਸਨ ਭੰਗ ਕਰੇਗਾ, ਉਸ ਖ਼ਿਲਾਫ਼ ਕਾਰਵਾਈ ਹੋਵੇਗੀ।

ਬਿਹਾਰ, ਜੰਮੂ ਕਸ਼ਮੀਰ ਤੇ ਲੱਦਾਖ ਦੇ ਆਗੂਆਂ ਨਾਲ ਵੀ ਵਿਚਾਰ-ਵਟਾਂਦਰਾ

ਨਵੀਂ ਦਿੱਲੀ: ਕਾਂਗਰਸ ਹਾਈ ਕਮਾਂਡ ਨੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਸੀਟਾਂ ਦੀ ਵੰਡ ਤੇ ਚੋਣ ਰਣਨੀਤੀ ਘੜਨ ਲਈ ਅੱਜ ਬਿਹਾਰ, ਪੰਜਾਬ, ਜੰਮੂ ਕਸ਼ਮੀਰ ਤੇ ਲੱਦਾਖ ਕਾਂਗਰਸ ਦੇ ਆਗੂਆਂ ਨਾਲ ਬੈਠਕਾਂ ਕੀਤੀਆਂ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ(ਜਥੇਬੰਦੀ) ਕੇ.ਸੀ.ਵੇਣੂਗੋਪਾਲ ਤੇ ਹੋਰ ਕੇਂਦਰੀ ਆਗੂ ਇਨ੍ਹਾਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਏ ਵਫ਼ਦਾਂ ਨੂੰ ਮਿਲੇ। ਕਾਂਗਰਸ ਦੀ ਬਿਹਾਰ ਯੂਨਿਟ ਦੇ ਕਰੀਬ 40 ਆਗੂਆਂ, ਜਿਨ੍ਹਾਂ ਵਿੱਚ ਬਿਹਾਰ ਕਾਂਗਰਸ ਦੇ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ, ਨਵਨਿਯੁਕਤ ਸੂਬਾ ਇੰਚਾਰਜ ਮੋਹਨ ਪ੍ਰਕਾਸ਼, ਰਣਜੀਤ ਰੰਜਨ ਤੇ ਸ਼ਕੀਲ ਅਹਿਮਦ ਵੀ ਸ਼ਾਮਲ ਸਨ, ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨਾਲ ਹੋਈ ਬੈਠਕ ਵਿਚ ਸ਼ਾਮਲ ਹੋਏ। ਬੈਠਕ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਹਾਰ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਆਰਜੇਡੀ-ਜੇਡੀਯੂ-ਕਾਂਗਰਸ-ਖੱਬੇਪੱਖੀ ਗੱਠਜੋੜ ਮਿਲ ਕੇ ਲੋਕ ਸਭਾ ਚੋਣਾਂ ਲੜੇਗਾ। ਸੀਟਾਂ ਦੀ ਵੰਡ ਬਾਰੇ ਆਖਰੀ ਫੈਸਲਾ ਕਾਂਗਰਸ ਗੱਠਜੋੜ ਕਮੇਟੀ ਦੀ 29 ਦਸੰਬਰ ਲਈ ਤਜਵੀਜ਼ਤ ਮੀਟਿੰਗ ਵਿੱਚ ਲਿਆ ਜਾਵੇਗਾ। ਸਿੰਘ ਨੇ ਕਿਹਾ, ‘‘ਅਸੀਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਵਿਆਪਕ ਵਿਚਾਰ ਚਰਚਾ ਕੀਤੀ। ਅਸੀਂ ਇਕ ਕਾਰਜ ਯੋਜਨਾ ਤਿਆਰ ਕੀਤੀ ਹੈ, ਜਿਸ ਨੂੰ ਅੱਗੇ ਲਿਜਾਇਆ ਜਾਵੇਗਾ। ਗੱਠਜੋੜ ਕਮੇਟੀ ਦੀ 29 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਸੀਟਾਂ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ।’’ ਕਾਂਗਰਸ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਬਿਹਾਰ ਤੋਂ 9 ਸੀਟਾਂ ’ਤੇ ਚੋਣ ਲੜੀ ਸੀ। ਸਿੰਘ ਨੇ ਕਿਹਾ, ‘‘ਇਕ ਜਾਂ ਦੋ ਸੀਟਾਂ ਇਧਰ ਉਧਰ ਜਾ ਸਕਦੀਆਂ ਹਨ...ਇਹ ਕੋਈ ਸਮੱਸਿਆ ਨਹੀਂ ਹੈ। ਪਿਛਲੀ ਵਾਰ ਅਸੀਂ ਆਰਜੇਡੀ ਤੇ ਖੱਬੀਆਂ ਪਾਰਟੀਆਂ ਨਾਲ ਗੱਠਜੋੜ ਤਹਿਤ ਚੋਣਾਂ ਲੜੀਆਂ ਸਨ, ਐਤਕੀਂ ਜੇਡੀਯੂ ਵੀ ਸਾਡੇ ਨਾਲ ਹੈ।’’ ਇਸ ਤੋਂ ਪਹਿਲਾਂ ਖੜਗੇ ਨੇ ਐੱਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਬਿਹਾਰ ਦੀ ਮਹਾਗਠਬੰਧਨ ਸਰਕਾਰ ਸੂਬੇ ਦੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਮੁਤਾਬਕ ਪੱਕੇ ਪੈਰੀਂ ਕੰਮ ਕਰ ਰਹੀ ਹੈ। ਅਸੀਂ ਸਮਾਜਿਕ ਨਿਆਂ ਲਈ ਵਚਨਬੱਧ ਹਾਂ। ਬਿਹਾਰ ਦੀ ਤਰੱਕੀ, ਖ਼ੁਸ਼ਹਾਲੀ ਤੇ ਸ਼ਾਂਤੀ ਲਈ ਹਰੇਕ ਕਾਂਗਰਸੀ ਵਰਕਰ ਲੋਕਾਂ ਤੱਕ ਪਹੁੰਚ ਕਰਨ ਤੇ ਬਿਹਾਰ ਦੇ ਲੋਕਾਂ ਦੀਆਂ ਇੱਛਾਵਾਂ ’ਤੇ ਖਰਾ ਉਤਰਨ ਲਈ ਤਿਆਰ ਹੈ।’’ ਬਿਹਾਰ ਵਿੱਚ ਲੋਕ ਸਭਾ ਦੀਆਂ 40 ਸੀਟਾਂ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਆਰਜੇਡੀ ਨੂੰ 20, ਕਾਂਗਰਸ ਨੂੰ 9, ਰਾਸ਼ਟਰੀ ਲੋਕ ਸਮਤਾ ਪਾਰਟੀ ਪੰਜ, ਹਿੰਦੁਸਤਾਨੀ ਅਵਾਮ ਮੋਰਚਾ ਤੇ ਵੀਆਈਪੀ ਨੇ ਤਿੰਨ-ਤਿੰਨ ਅਤੇ ਸੀਪੀਆਈ-ਐੱਮਐੱਲ ਨੇ ਆਰਜੇਡੀ ਦੇ ਕੋਟੇ ’ਚੋਂ ਇਕ ਸੀਟ ’ਤੇ ਚੋਣ ਲੜੀ ਸੀ। ਕਾਂਗਰਸ ਨੇ ਇਕ ਜਦੋਂਕਿ ਜੇਡੀਯੂ, ਜਿਸ ਦਾ ਉਦੋਂ ਭਾਜਪਾ ਨਾਲ ਗੱਠਜੋੜ ਸੀ, ਨੇ 16 ਸੀਟਾਂ ਜਿੱਤੀਆਂ ਸਨ। ਭਾਜਪਾ ਨੇ 17 ਤੇ ਲੋਕ ਜਨਸ਼ਕਤੀ ਪਾਰਟੀ ਨੇ 6 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਪਾਰਟੀ ਹਾਈ ਕਮਾਂਡ ਨੇ ਜੰਮੂ ਕਸ਼ਮੀਰ ਤੇ ਲੱਦਾਖ ਦੇ ਆਗੂਆਂ ਨਾਲ ਵੀ ਬੈਠਕ ਕੀਤੀ। ਜੰਮੂ ਕਸ਼ਮੀਰ ਲਈ ਪਾਰਟੀ ਦੇ ਇੰਚਾਰਜ ਨੇ ਕਿਹਾ ਕਿ ਉਨ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦੇ ਢੰਗ ਤਰੀਕੇ ’ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਅੱਜ ਦਿਨੇਂ ਰਾਹੁਲ ਗਾਂਧੀ ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਨ ਰੰਜਨ ਚੌਧਰੀ ਨਾਲ ਗੋਰਖਾ ਜਨਮੁਕਤੀ ਮੋਰਚਾ ਦੇ ਸਾਬਕਾ ਆਗੂ ਬਿਨੈ ਤਮਾਂਗ ਤੇ ਕਾਲਿਮਪੌਂਗ ਤੋਂ ਸਾਬਕਾ ਵਿਧਾਇਕ ਹਰਕਾ ਬਹਾਦੁਰ ਛੇਤਰੀ ਨੂੰ ਵੀ ਮਿਲੇ। -ਪੀਟੀਆਈ

Advertisement
Author Image

Advertisement
Advertisement
×