ਸਿਆਸੀ ਖੇਤੀ: ਲੋਕ ਸਭਾ ’ਚ 195 ਸੰਸਦ ਮੈਂਬਰ ਖੇਤੀ ਕਿੱਤੇ ਵਾਲੇ
ਚਰਨਜੀਤ ਭੁੱਲਰ
ਚੰਡੀਗੜ੍ਹ, 15 ਫਰਵਰੀ
ਇੱਕ ਕਿਸਾਨ ਤਾਂ ਉਹ ਹਨ ਜਿਹੜੇ ਹੱਕਾਂ ਲਈ ਕੂਕਦੇ ਹਨ ਜਦ ਕਿ ਦੂਜੀ ਵੰਨਗੀ ਦੇ ਉਹ ਕਿਸਾਨ ਹਨ ਜੋ ਸੰਸਦ ਵਿੱਚ ਬੈਠਦੇ ਹਨ। ਜਦੋਂ ਚਾਰੇ ਪਾਸੇ ਖੇਤੀ ਦਾ ਧੰਦਾ ਘਾਟੇ ਦਾ ਸੌਦਾ ਹੈ ਤਾਂ ਉਨ੍ਹਾਂ ਲਈ ਸਿਆਸਤ ਲਾਹੇਵੰਦੀ ਹੈ ਜਿਹੜੇ ਸੱਤਾ ਦੀ ਕੁਰਸੀ ’ਤੇ ਬੈਠਦੇ ਹਨ। ‘ਦਿੱਲੀ ਚੱਲੋ’ ਅਤੇ ‘ਭਾਰਤ ਬੰਦ’ ਦੇ ਸੱਦੇ ਵਿਚਾਲੇ ਅਜਿਹੇ ਸੰਸਦ ਮੈਂਬਰਾਂ ਹੁੱਭ ਕੇ ਆਖਦੇ ਹਨ ਕਿ ‘ਅਸੀਂ ਵੀ ਕਿਸਾਨ ਹਾਂ।’ ਕੀ ਲੋਕ ਸਭਾ ਵਿੱਚ ਬੈਠਣ ਵਾਲੇ ਕਿਸਾਨ ਉਨ੍ਹਾਂ ਦੀ ਤਰਜਮਾਨੀ ਕਰਦੇ ਹਨ ਜੋ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੁੰਦੇ ਹਨ। ਭਾਰਤੀ ਸੰਵਿਧਾਨ ਅਨੁਸਾਰ ਲੋਕ ਸਭਾ ਲਈ 543 ਮੈਂਬਰਾਂ ਦੀ ਚੋਣ ਹੁੰਦੀ ਹੈ। ਮੌਜੂਦਾ ਲੋਕ ਸਭਾ ’ਚ 195 ਸੰਸਦ ਮੈਂਬਰ ਅਜਿਹੇ ਹਨ ਜੋ ਆਖਦੇ ਹਨ ਕਿ ‘ਅਸੀਂ ਖੇਤੀ ਕਰਦੇ ਹਾਂ।’ ਕੁੱਲ ਸੰਸਦ ਮੈਂਬਰਾਂ ਦਾ ਇਹ 35.91 ਫੀਸਦ ਬਣਦਾ ਹੈ ਜਿਨ੍ਹਾਂ ਨੇ ਆਪਣਾ ਕਿੱਤਾ ਸੰਸਦ ਦੇ ਰਿਕਾਰਡ ਵਿੱਚ ਖੇਤੀ ਲਿਖਵਾਇਆ ਹੈ। ਅੱਗੇ ਦੇਖੀਏ ਤਾਂ ਇਨ੍ਹਾਂ 195 ਸੰਸਦ ਮੈਂਬਰਾਂ ਵਿੱਚੋਂ 136 ਸੰਸਦ ਮੈਂਬਰ ਭਾਜਪਾ ਦੇ ਹਨ ਜੋ 195 ਮੈਂਬਰਾਂ ਦਾ 70 ਫੀਸਦੀ ਬਣਦੇ ਹਨ। ਕਾਂਗਰਸ ਪਾਰਟੀ ਦੇ 11 ਸੰਸਦ ਮੈਂਬਰਾਂ ਨੇ ਆਪਣੇ-ਆਪ ਨੂੰ ਕਿਸਾਨ ਦੱਸਿਆ ਹੈ। ਲੋਕ ਸਭਾ ’ਚ ਜਨਤਾ ਦਲ (ਯੂ) ਦੇ ਅੱਧੀ ਦਰਜਨ ਸੰਸਦ ਮੈਂਬਰ ਖੇਤੀ ਨਾਲ ਤੁਆਲਕ ਰੱਖਦੇ ਹਨ ਜਦਕਿ ਤ੍ਰਿਣਮੂਲ ਕਾਂਗਰਸ ਦਾ ਇੱਕ ਸੰਸਦ ਮੈਂਬਰ ਕਿਸਾਨ ਦਾ ਪੁੱਤਰ ਹੈ। ਇਵੇਂ ਸਮਾਜਵਾਦੀ ਪਾਰਟੀ ਦਾ ਇੱਕ ਸੰਸਦ ਮੈਂਬਰ ਆਪਣੇ-ਆਪ ਨੂੰ ਕਿਸਾਨ ਆਖਦਾ ਹੈ। ਹੈਰਾਨੀ ਦੀ ਗੱਲ ਹੈ ਕਿ ਜਦੋਂ ਇੰਨੇ ਸੰਸਦ ਮੈਂਬਰ ਕਿਸਾਨੀ ਪਿਛੋਕੜ ਵਾਲੇ ਹਨ ਤਾਂ ਖੇਤੀ ਕਾਨੂੰਨ ਕਿਵੇਂ ਪਾਸ ਹੋ ਗਏ ਸਨ। ਸੁਆਲ ਉਠਦਾ ਹੈ ਕਿ ਇਹ ਕਿਸਾਨੀ ਪਿੱਠ ਭੂਮੀ ਵਾਲੇ ਸੰਸਦ ਮੈਂਬਰ ਕਿਸ ਦੇ ਹਿੱਤ ਪੂਰਦੇ ਹਨ? ਵੇਰਵਿਆਂ ਅਨੁਸਾਰ ਕਿਸਾਨ ਅਖਵਾਉਣ ਵਾਲੇ ਸਭ ਤੋਂ ਜ਼ਿਆਦਾ ਸੰਸਦ ਮੈਂਬਰ ਉੱਤਰ ਪ੍ਰਦੇਸ਼ ਵਿੱਚੋਂ ਹਨ, ਜਿਨ੍ਹਾਂ ਦੀ ਗਿਣਤੀ 39 ਬਣਦੀ ਹੈ। ਰਾਜਸਥਾਨ ਵਿੱਚੋਂ ਅੱਠ, ਮੱਧ ਪ੍ਰਦੇਸ਼ ’ਚੋਂ 13, ਗੁਜਰਾਤ ’ਚੋਂ 15, ਬਿਹਾਰ ’ਚੋਂ 19, ਹਰਿਆਣਾ ’ਚੋਂ ਛੇ, ਮਹਾਂਰਾਸ਼ਟਰ ’ਚੋਂ 20, ਪੱਛਮੀ ਬੰਗਾਲ ਵਿੱਚੋਂ ਦੋ ਅਤੇ ਪੰਜਾਬ ’ਚੋਂ ਪੰਜ ਸੰਸਦ ਮੈਂਬਰ ਕਿਸਾਨੀ ਨਾਲ ਸਬੰਧ ਰੱਖਣ ਵਾਲੇ ਹਨ। ਪੰਜਾਬ ਵਿੱਚੋਂ ਸੁਖਬੀਰ ਸਿੰਘ ਬਾਦਲ, ਰਵਨੀਤ ਸਿੰਘ ਬਿੱਟੂ, ਸਿਮਰਨਜੀਤ ਸਿੰਘ ਮਾਨ, ਜਸਬੀਰ ਸਿੰਘ ਡਿੰਪਾ ਅਤੇ ਗੁਰਜੀਤ ਔਜਲਾ ਨੇ ਆਪਣਾ ਕਿੱਤਾ ਖੇਤੀ ਲਿਖਵਾਇਆ ਹੈ। ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਬੂਟਾ ਸਿੰਘ ਬੁਰਜ ਗਿੱਲ ਆਖਦੇ ਹਨ ਕਿ ਸਿਆਸਤ ਅੱਜ ਇੱਕ ਕਾਰੋਬਾਰ ਬਣ ਗਈ ਹੈ ਅਤੇ ਆਪਣੇ-ਆਪ ਨੂੰ ਕਿਸਾਨ ਅਖਵਾਉਣ ਵਾਲੇ ਸੰਸਦ ਮੈਂਬਰ ਵੀ ਆਪਣੇ ਮੁਫਾਦ ਪਾਲਦੇ ਹਨ ਜੋ ਕਿ ਸਿਰਫ ਦਿਖਾਵੇ ਲਈ ਕਿਸਾਨ ਹਨ। ਉਨ੍ਹਾਂ ਕਿਹਾ ਕਿ ਵੋਟਾਂ ਲੈਣ ਖਾਤਰ ਉਹ ਕਿਸਾਨੀ ਦਾ ਮਖੌਟਾ ਪਾ ਲੈਂਦੇ ਹਨ। ਜਾਣਕਾਰੀ ਅਨੁਸਾਰ ਪੁਰਾਣੇ ਵੇਲਿਆਂ ਵਿਚ ਜੋ ਕਿਸਾਨ ਸੰਸਦ ਮੈਂਬਰ ਹੁੰਦੇ ਸਨ, ਉਨ੍ਹਾਂ ਦੇ ਹੋਰ ਧੰਦੇ ਨਹੀਂ ਹੁੰਦੇ ਸਨ। ਅੱਜ ਕੱਲ ਦੇ ਸੰਸਦ ਮੈਂਬਰਾਂ ਦੇ ਹੋਰ ਕਾਰੋਬਾਰ ਹਨ ਜਿਨ੍ਹਾਂ ਅੱਗੇ ਖੇਤੀ ਦਾ ਧੰਦਾ ਮੱਧਮ ਪੈ ਜਾਂਦਾ ਹੈ।
ਉਹ ਤਾਂ ਧਨਾਢ ਕਿਸਾਨ ਹਨ: ਸੇਖੋਂ
ਪੰਜਾਬ ਦੇ ਸਿਆਸੀ ਵਿਸ਼ਲੇਸਕ ਪ੍ਰੋ. ਜਗਰੂਪ ਸਿੰਘ ਸੇਖੋਂ ਆਖਦੇ ਹਨ ਕਿ ਅਸਲ ਵਿਚ ਸੰਸਦ ’ਚ ਬੈਠਣ ਵਾਲੇ ਇਹ ਧਨਾਢ ਕਿਸਾਨ ਹਨ ਜਿਨ੍ਹਾਂ ਦੇ ਹੋਰ ਕਾਰੋਬਾਰ ਫੈਲੇ ਹੋਏ ਹਨ ਅਤੇ ਇਨ੍ਹਾਂ ਦਾ ਖੇਤੀ ਨਾਲ ਕੋਈ ਲਗਾਅ ਵੀ ਨਹੀਂ ਹੈ। ਉਨ੍ਹਾਂ ਲਈ ਕਿਸਾਨੀ ਪਿਛੋਕੜ ਸਿਰਫ ਦਿਖਾਵੇ ਲਈ ਹੈ ਅਤੇ ਸੰਸਦ ਵਿਚ ਉਹ ਵੱਡਿਆਂ ਦਾ ਹੀ ਪੱਖ ਪੂਰਦੇ ਹਨ। ਖੇਤੀ ਦੇ ਹਿੱਤ ਉਨ੍ਹਾਂ ਦੀ ਨਜ਼ਰ ਤੋਂ ਦੂਰ ਚਲੇ ਜਾਂਦੇ ਹਨ।