ਸਰਕਾਰ ਦਾ ਖਾਲੀ ਖਜ਼ਾਨਾ ਭਰਨ ਲਈ ਬੂਟ ਪਾਲਿਸ਼ ਕੀਤੇ
ਐੱਨਪੀ ਧਵਨ
ਪਠਾਨਕੋਟ, 28 ਜੁਲਾਈ
ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਰੂਰਲ ਹੈਲਥ ਫਾਰਮੇਸੀ ਅਫਸਰਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਖਾਲੀ ਖਜ਼ਾਨਾ ਭਰਨ ਲਈ ਰੋਸ ਵਜੋਂ ਬੂਟ ਪਾਲਿਸ਼ ਕੀਤੇ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਜ਼ੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਾ ਕਰਨ ਦੇ ਲਈ ਪੰਜਾਬ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਬਣਾ ਰਹੀ ਹੈ। ਇਸ ਕਰਕੇ ਅੱਜ ਉਨ੍ਹਾਂ ਮਜਬੂਰ ਹੋ ਕੇ ਬੂਟ ਪਾਲਿਸ਼ ਕਰਨੇ ਪੈ ਰਹੇ ਹਨ ਤਾਂ ਜੋ ਸਰਕਾਰ ਦਾ ਖਜ਼ਾਨਾ ਭਰ ਸਕੇ।
ਉਨ੍ਹਾਂ ਕਿਹਾ ਕਿ ਫਾਰਮਾਸਿਸਟ ਪਿਛਲੇ 39 ਦਨਿਾਂ ਤੋਂ ਲਗਾਤਾਰ ਪੰਜਾਬ ਭਰ ਵਿੱਚ ਸੰਘਰਸ਼ ਕਰ ਰਹੇ ਹਨ ਪਰ ਗੂੰਗੀ, ਬੋਲੀ ਸਰਕਾਰ ’ਤੇ ਕੋਈ ਅਸਰ ਨਹੀਂ ਹੋ ਰਿਹਾ। ਇਸ ਕਾਰਨ ਉਨ੍ਹਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 31 ਜੁਲਾਈ ਨੂੰ ਪੰਚਾਇਤ ਮੰਤਰੀ ਦੀ ਕੋਠੀ ਦਾ ਸੂਬੇ ਭਰ ਦੇ ਫਾਰਮਾਸਿਸਟ ਅਤੇ ਦਰਜਾ ਚਾਰ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਘਿਰਾਓ ਕਰਨਗੇ। ਇਸ ਮੌਕੇ ਫਾਰਮੇਸੀ ਅਧਿਕਾਰੀ ਮਮਤਾ ਨਰੋਟ, ਰਾਜੇਸ਼ ਭੜੋਲੀ, ਰਾਕੇਸ਼ ਜਨਿਆਲ, ਅਮਰੀਕ ਸਿੰਘ ਅਤੇ ਸੁਖਜੀਵਨ ਆਦਿ ਵੀ ਹਾਜ਼ਰ ਸਨ।