ਪੁਲੀਸ ਮੁਲਾਜ਼ਮ ਦੀ ਮੌਤ: ਪਤਨੀ ਅਤੇ ਸਾਲਿਆ ਖਿਲਾਫ਼ ਕੇਸ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 21 ਅਕਤੂਬਰ
ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਵੱਲੋਂ ਕਸਬਾ ਫਤਿਆਬਾਦ ਦੇ ਵਸਨੀਕ ਪੁਲੀਸ ਮੁਲਾਜ਼ਮ ਦੀ ਭੇਤ-ਭਰੇ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਅਤੇ 2 ਸਾਲਿਆ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕਸਬਾ ਫਤਿਆਬਾਦ ਦੇ ਵਸਨੀਕ ਪੁਲੀਸ ਮੁਲਾਜ਼ਮ ਬਲਜਿੰਦਰ ਸਿੰਘ ਦੀ ਭੇਤ-ਭਰੇ ਹਾਲਾਤ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮ੍ਰਿਤਕ ਦੀ ਭੈਣ ਰਾਜਵਿੰਦਰ ਕੌਰ ਪਤਨੀ ਜਗਵਿੰਦਰ ਸਿੰਘ ਵਾਸੀ ਫੱਤੂਢੀਂਗਾ ਦੇ ਬਿਆਨ ਦੇ ਅਧਾਰ ’ਤੇ ਪੁਲੀਸ ਨੇ ਮ੍ਰਿਤਕ ਦੀ ਪਤਨੀ ਨਵਪ੍ਰੀਤ ਕੌਰ ਉਰਫ ਜਸਪ੍ਰੀਤ ਕੌਰ ਅਤੇ ਉਸ ਦੇ ਦੋ ਭਰਾਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੂੰ ਦਿੱਤੇ ਬਿਆਨ ਅਨੁਸਾਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਬਲਜਿੰਦਰ ਸਿੰਘ ਨਾਲ ਉਸਦੀ ਪਤਨੀ ਅਕਸਰ ਕੁੱਟਮਾਰ ਕਰਦੀ ਸੀ ਅਤੇ ਉਸਦੇ ਰਿਸ਼ਤੇਦਾਰਾ ਨੂੰ ਘਰ ਆਉਣ ਜਾਣ ਤੋਂ ਰੋਕਦੀ ਸੀ। ਮ੍ਰਿਤਕ ਬਲਜਿੰਦਰ ਸਿੰਘ ਆਪਣੀ ਚੋਣ ਡਿਊਟੀ ਤੋਂ ਬਾਅਦ ਜਦ ਘਰ ਪੁੱਜਾ ਤਾਂ ਨਵਪ੍ਰੀਤ ਕੌਰ ਵੱਲੋਂ ਉਸ ਨਾਲ ਝਗੜਾ ਕੀਤਾ ਗਿਆ। ਬਲਜਿੰਦਰ ਸਿੰਘ ਵੱਲੋਂ ਉਸਨੂੰ ਫੋਨ ਕਰਕੇ ਆਪਣੀ ਪਤਨੀ ਵੱਲੋਂ ਉਸ ਦੀ ਕੁੱਟਮਾਰ ਸੰਬਧੀ ਦੱਸਿਆ ਗਿਆ। ਇਸ ਤੋਂ ਬਾਅਦ 18 ਅਕਤੂਬਰ ਨੂੰ ਰਾਤ 10.30 ਵਜੇ ਉਸਦੀ ਮਾਮੇ ਦੀ ਨੂੰਹ ਕੁਲਵਿੰਦਰ ਕੌਰ ਨੇ ਅਚਾਨਕ ਉਸ ਨੂੰ ਬਲਜਿੰਦਰ ਸਿੰਘ ਦੀ ਮੌਤ ਦੀ ਸੂਚਨਾ ਦਿੱਤੀ। ਰਾਜਵਿੰਦਰ ਕੌਰ ਨੇ ਕਿਹਾ ਕਿ ਉਸਦੇ ਭਰਾ ਦੇ ਸਰੀਰ ਅਤੇ ਗਲੇ ਉੱਪਰ ਸੱਟਾਂ ਦੇ ਨਿਸ਼ਾਨ ਸਨ। ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਮ੍ਰਿਤਕ ਦੀ ਭੈਣ ਦੇ ਬਿਆਨ ’ਤੇ ਮ੍ਰਿਤਕ ਦੀ ਪਤਨੀ ਅਤੇ ਉਸਦੇ 2 ਭਰਾਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।