ਗੈਂਗਸਟਰ ਹਰਪ੍ਰੀਤ ਭਾਊ ਰਾਹੀਂ ਗੋਲਡੀ ਬਰਾੜ ਤੱਕ ਪੁੱਜਣਾ ਚਾਹੁੰਦੀ ਹੈ ਪੁਲੀਸ
ਜਸਵੰਤ ਜੱਸ
ਫ਼ਰੀਦਕੋਟ, 13 ਜੂਨ
ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਢੈਪਈ ਦੇ ਵਸਨੀਕ ਗੈਂਗਸਟਰ ਹਰਪ੍ਰੀਤ ਸਿੰਘ ਰਾਹੀਂ ਪੁਲੀਸ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਤੱਕ ਪਹੁੰਚਣ ਲਈ ਵੱਡੇ ਪੱਧਰ ‘ਤੇ ਚਾਰਾਜੋਈ ਕਰ ਰਹੀ ਹੈ। ਅਦਾਲਤ ਵਿੱਚ ਪੁਲੀਸ ਰਿਮਾਂਡ ਲਈ ਦਿੱਤੀ ਅਰਜ਼ੀ ਵਿੱਚ ਪੁਲੀਸ ਨੇ ਖੁਲਾਸਾ ਕੀਤਾ ਹੈ ਕਿ ਹਰਪ੍ਰੀਤ ਸਿੰਘ ਦਾ ਗੈਂਗਸਟਰ ਗੋਲਡੀ ਬਰਾੜ ਨਾਲ ਕਰੀਬੀ ਰਾਬਤਾ ਹੈ ਅਤੇ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਵਿੱਚ ਗੈਂਗਸਟਰ ਹਰਪ੍ਰੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਪੁਲੀਸ ਨੇ ਖੁਲਾਸਾ ਕੀਤਾ ਕਿ ਪ੍ਰਦੀਪ ਕੁਮਾਰ ਦੇ ਕਤਲ ਲਈ ਵਰਤੇ ਗਏ ਹਥਿਆਰਾਂ ਬਾਰੇ ਹਰਪ੍ਰੀਤ ਸਿੰਘ ਨੂੰ ਸਾਰੀ ਜਾਣਕਾਰੀ ਹੈ ਅਤੇ ਕਤਲ ਤੋਂ ਪਹਿਲਾਂ ਉਹ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ।
ਅਦਾਲਤ ਨੇ ਹਰਪ੍ਰੀਤ ਸਿੰਘ ਨੂੰ ਚਾਰ ਦਿਨਾਂ ਪੁਲੀਸ ਰਿਮਾਂਡ ‘ਤੇ ਭੇਜਿਆ ਹੋਇਆ ਹੈ। ਇਸ ਤੋਂ ਪਹਿਲਾਂ ਪੁਲੀਸ ਹਰਪ੍ਰੀਤ ਸਿੰਘ ਦੇ ਭਰਾ ਮਨਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਚੁੱਕੀ ਹੈ। ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਇੰਸਪੈਕਟਰ ਜਨਰਲ ਸੰਦੀਪ ਗੋਇਲ ਨੇ ਕਿਹਾ ਕਿ ਹਰਪ੍ਰੀਤ ਸਿੰਘ ਨੂੰ ਹਰਿਆਣਾ ਬਾਰਡਰ ਨਜ਼ਦੀਕ ਪਾਤੜਾਂ ਇਲਾਕੇ ‘ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਚਨਾ ਅਨੁਸਾਰ ਹਰਪ੍ਰੀਤ ਸਿੰਘ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਢੈਪਈ ਕਲਾਂ ਦਾ ਵਸਨੀਕ ਹੈ ਅਤੇ ਉਸ ਦਾ ਰੋੜੀ ਕਪੂਰਾ ਪਿੰਡ ਨਾਲ ਕੋਈ ਸਬੰਧ ਨਹੀਂ ਹੈ। ਪੁਲੀਸ ਨੂੰ ਖ਼ਦਸ਼ਾ ਹੈ ਕਿ ਹਰਪ੍ਰੀਤ ਇਲਾਕੇ ‘ਚ ਵਾਪਰੀਆਂ ਹੋਰਨਾਂ ਘਟਨਾਵਾਂ ‘ਚ ਵੀ ਸ਼ਾਮਲ ਹੈ। ਹਰਪ੍ਰੀਤ ਦੇ ਭਰਾ ਮਨਪ੍ਰੀਤ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਕਤਲ ‘ਚ ਅਹਿਮ ਭੂਮਿਕਾ ਨਿਭਾਈ ਸੀ। ਮਨਪ੍ਰੀਤ ਅਤੇ ਹਰਪ੍ਰੀਤ ਦੋਵੇਂ ਜੌੜੇ ਭਰਾ ਹਨ ਅਤੇ ਉਹ ਗੋਲਡੀ ਬਰਾੜ ਨਾਲ ਮਿਲ ਕੇ ਲਾਰੈਂਸ ਬਿਸ਼ਨੋਈ ਦੇ ਗੈਂਗ ਲਈ ਕਥਿਤ ਤੌਰ ‘ਤੇ ਵਾਰਦਾਤਾਂ ਕਰਦੇ ਹਨ।