ਮਹਿਲਾ ਡਾਕਟਰਾਂ ਤੇ ਸਟਾਫ਼ ਦੀ ਸੁਰੱਖਿਆ ਲਈ ਪੁਲੀਸ ਚੌਕਸ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 4 ਸਤੰਬਰ
ਕੋਲਕਾਤਾ ਮੈਡੀਕਲ ਕਾਲਜ ਵਿੱਚ ਵਾਪਰੀ ਵਾਰਦਾਤ ਤੋਂ ਬਾਅਤ ਮੁਹਾਲੀ ਪੁਲੀਸ ਨੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਚੌਕਸੀ ਵਧਾ ਦਿੱਤੀ ਹੈ। ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਅੱਜ ਸ਼ਹਿਰ ਵਿੱਚ ਵੱਖ-ਵੱਖ ਹਸਪਤਾਲਾਂ ਦਾ ਦੌਰਾ ਕਰ ਕੇ ਸੁਰੱਖਿਆ ਵਿਵਸਥਾ ਦੀ ਜਾਂਚ ਕੀਤੀ ਅਤੇ ਹਸਪਤਾਲਾਂ ਦੀ ਸੁਰੱਖਿਆ ਟੀਮ ਨਾਲ ਗੱਲਬਾਤ ਕਰ ਕੇ ਜ਼ਰੂਰੀ ਹਦਾਇਤਾਂ ਦਿੱਤੀਆਂ। ਇਸ ਮੌਕੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਵੀ ਮੌਜੂਦ ਸਨ। ਜਾਣਕਾਰੀ ਅਨੁਸਾਰ ਐੱਸਐੱਸਪੀ ਨੇ ਅੱਜ ਸੁਪਰ ਸਪੈਸ਼ਲਿਟੀ ਆਈ ਤੇ ਜਨਰਲ ਹਸਪਤਾਲ ਸੋਹਾਣਾ, ਫੋਰਟਿਸ ਹਸਪਤਾਲ, ਮਾਇਓ ਹਸਪਤਾਲ, ਸ਼ੈਲਬੀ, ਕਾਸਮੋ ਅਤੇ ਪੁਲੀਸ ਸਬ-ਡਿਵੀਜ਼ਨ-2 ਅਧੀਨ ਆਉਂਦੇ ਹੋਰਨਾਂ ਹਸਪਤਾਲਾਂ ਦਾ ਦੌਰਾ ਕਰ ਕੇ ਮਹਿਲਾ ਡਾਕਟਰਾਂ ਤੇ ਸਟਾਫ਼ ਦੀ ਸੁਰੱਖਿਆ ਬਾਬਤ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜ਼ਿਲ੍ਹਾ ਪੁਲੀਸ ਮੁਖੀ ਨੇ ਹਸਪਤਾਲਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤੇ ਖ਼ਾਮੀਆਂ ਦੂਰ ਕਰਨ ਲਈ ਕਿਹਾ।
ਫੋਰਟਿਸ ਹਸਪਤਾਲ ਵਿੱਚ ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਵੱਲੋਂ ਹਸਪਤਾਲਾਂ ਵਿੱਚ ਕੰਮ ਕਰਦੇ ਸਟਾਫ਼ ਅਤੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਵੱਖ-ਵੱਖ ਹਸਪਤਾਲਾਂ ਦੀ ਸੁਰੱਖਿਆ ਵਿਵਸਥਾ ਦੀ ਜਾਂਚ ਕੀਤੀ ਜਾ ਰਹੀ ਹੈ।
ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਐੱਸਐੱਸਪੀ ਦੀਆਂ ਹਦਾਇਤਾਂ ’ਤੇ ਪੁਲੀਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਹਸਪਤਾਲਾਂ ਦੀ ਸੁਰੱਖਿਆ ਵਿਵਸਥਾ ਦੀ ਜਾਂਚ ਦੇ ਨਾਲ-ਨਾਲ ਹਸਪਤਾਲਾਂ ਦੇ ਆਪ-ਪਾਸ ਪੁਲੀਸ ਗਸ਼ਤ ਵੀ ਵਧਾਈ ਜਾ ਰਹੀ ਹੈ। ਰਾਤ ਸਮੇਂ ਪੈਟਰੋਲਿੰਗ ਤੇਜ਼ ਕਰ ਦਿੱਤੀ ਹੈ।