ਸਿਮ ਡੀਲਰਾਂ ਦੀ ਪੁਲੀਸ ਤਸਦੀਕ ਲਾਜ਼ਮੀ ਕਰਾਰ
ਨਵੀਂ ਦਿੱਲੀ: ਸਰਕਾਰ ਨੇ ਸਿਮ ਕਾਰਡਾਂ ਡੀਲਰਾਂ ਦੀ ਪੁਲੀਸ ਵੈਰੀਫਿਕੇਸ਼ਨ ਲਾਜ਼ਮੀ ਕਰ ਦਿੱਤੀ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਇੱਥੇ ਕਿਹਾ ਕਿ ਧੋਖਾਧੜੀ ਨਾਲ ਸਬੰਧਿਤ ਗਤੀਵਿਧੀਆਂ ਨੂੰ ਠੱਲ ਪਾਉਣ ਦੇ ਇਰਾਦੇ ਨਾਲ ਥੋਕ ਸਿਮ ਕੁਨੈਕਸ਼ਨ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ 52 ਲੱਖ ਮੋਬਾਈਲ ਕੁਨੈਕਸ਼ਨ ਬੰਦ ਕੀਤੇ ਹਨ, ਜਦਕਿ 67,000 ਡੀਲਰਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ ਅਤੇ ਮਈ, 2023 ਤੱਕ ਸਿਮ ਕਾਰਡ ਡੀਲਰਾਂ ਖ਼ਿਲਾਫ਼ 300 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਮੰਤਰੀ ਨੇ ਕਿਹਾ ਕਿ ਵਟ੍ਹਸਐਪ ਨੇ ਆਪਣੇ ਪੱਧਰ ’ਤੇ 66,000 ਖਾਤਿਆਂ ਨੂੰ ਬਲਾਕ ਕਰ ਦਿੱਤਾ ਹੈ, ਜੋ ਧੋਖਾਧੜੀ ਦੀਆਂ ਗਤੀਵਿਧੀਆ ਵਿੱਚ ਸ਼ਾਮਲ ਸਨ। ਵੈਸ਼ਨਵ ਨੇ ਕਿਹਾ, ‘‘ਹੁਣ ਅਸੀਂ ਧੋਖਾਧੜੀ ਦੀਆਂ ਗਤੀਵਿਧੀਆਂ ’ਤੇ ਠੱਲ ਪਾਉਣ ਲਈ ਸਿਮ ਡੀਲਰਾਂ ਵਾਸਤੇ ਪੁਲੀਸ ਵੈਰੀਫਿਕੇਸ਼ਨ ਲਾਜ਼ਮੀ ਕਰ ਦਿੱਤੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 10 ਲੱਖ ਰੁਪਏ ਜੁਰਮਾਨਾ ਲਗਾਇਆ ਜਾਵੇਗਾ।’’ ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 10 ਲੱਖ ਸਿਮ ਡੀਲਰ ਹਨ ਅਤੇ ਉਨ੍ਹਾਂ ਨੂੰ ਪੁਲੀਸ ਵੈਰੀਫਿਕੇਸ਼ਨ ਲਈ ਪੂਰਾ ਸਮਾਂ ਦਿੱਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਦੂਰਸੰਚਾਰ ਵਿਭਾਗ ਨੇ ਥੋਕ ਕੁਨੈਕਸ਼ਨਾਂ ਦੀ ਵਿਵਸਥਾ ਵੀ ਬੰਦ ਕਰ ਦਿੱਤੀ ਹੈ। -ਪੀਟੀਆਈ