ਬਗੈਰ ਹਾਈ ਸਕਿਉਰਟੀ ਨੰਬਰ ਪਲੇਟਾਂ ਵਾਲੇ ਵਾਹਨਾਂ ਖ਼ਿਲਾਫ਼ ਪੁਲੀਸ ਸਖ਼ਤ
ਸ਼ਗਨ ਕਟਾਰੀਆ
ਬਠਿੰਡਾ, 2 ਜੁਲਾਈ
ਟਰੈਫਿਕ ਪੁਲੀਸ ਨੇ ਹਾਈ ਸਕਿਉਰਟੀ ਨੰਬਰ ਪਲੇਟਾਂ ਤੋਂ ਬਗ਼ੈਰ ਵਾਹਨਾਂ ਦੀ ਚੂੜੀ ਕਸ ਦਿੱਤੀ ਹੈ। ਪਹਿਲੀ ਜੁਲਾਈ ਤੋਂ ਅਜਿਹੀਆਂ ਗੱਡੀਆਂ ਦੇ ਧੜਾਧੜ ਚਲਾਨ ਕੱਟੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸ਼ਹਿਰ ਬਠਿੰਡਾ ਵਿੱਚ ਲੰਘੇ ਦੋ ਦਿਨਾਂ ਦੌਰਾਨ ਹਾਈ ਸਕਿਉਰਿਟੀ ਨੰਬਰ ਪਲੇਟਾਂ ਤੋਂ ਬਗੈਰ ਲਗਪਗ ਚਾਰ ਦਰਜਨ ਵਾਹਨਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ। ਦੂਜੇ ਪਾਸੇ ਵਿੰਟੇਜ ਨੰਬਰ ਪਲੇਟਾਂ (ਪੁਰਾਣੇ ਨੰਬਰ) ਵਾਲੇ ਵਾਹਨ ਬੇਖ਼ੌਫ਼ ਸੜਕਾਂ ਮਾਪ ਰਹੇ ਹਨ, ਜਿਨ੍ਹਾਂ ’ਚ ਦੁਪਹੀਆ ਤੇ ਚੌਪਹੀਆ ਵਾਹਨ ਸ਼ਾਮਲ ਹਨ। ਸੂਤਰਾਂ ਅਨੁਸਾਰ ਅਦਾਲਤੀ ਹੁਕਮਾਂ ਤਹਿਤ ਪੰਜਾਬ ਸਰਕਾਰ ਵੱਲੋਂ ਸ਼ਰਤਾਂ ਅਧੀਨ ਕੁਝ ਗੱਡੀਆਂ ਨੂੰ ਬੰਦ ਕਰਨ ਅਤੇ ਕੁਝ ਦੇ ਮਾਲਕਾਂ ਨੂੰ ਪੁਰਾਣੇ ਨੰਬਰ ਟਰਾਂਸਪੋਰਟ ਵਿਭਾਗ ਨੂੰ ਵਾਪਸ ਕਰਕੇ ਨਵੀਂ ਰਜਿਸਟ੍ਰੇਸ਼ਨ ਅਧੀਨ ਨਵੇਂ ਨੰਬਰ ਲੈਣ ਲਈ ਆਖਿਆ ਗਿਆ ਸੀ। ਇਨ੍ਹਾਂ ਹੁਕਮਾਂ ਦਰਮਿਆਨ ਸੜਕਾਂ ’ਤੇ ਦੌੜਦੇ ਅਜਿਹੇ ਵਾਹਨਾਂ ਦੇ ਹੋਏ ਚਲਾਨਾਂ ਬਾਰੇ ਜਾਣਕਾਰੀ ਲੈਣ ਲਈ ਆਰਟੀਆਈ ਕਾਰਕੁਨ ਸੰਜੀਵ ਗੋਇਲ ਵੱਲੋਂ ਜ਼ਿਲ੍ਹਾ ਪੁਲੀਸ ਤੋਂ ਅਪਰੈਲ 2023 ਵਿੱਚ 2017 ਤੋਂ ਬਾਅਦ ਦੀ ਕਾਰਵਾਈ ਬਾਰੇ ਸੂਚਨਾ ਮੰਗੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੂਚਨਾ ਦੇਣ ਤੱਕ 6 ਤੋਂ ਵੱਧ ਸਾਲ (ਲਗਪਗ 77 ਮਹੀਨਿਆਂ ਵਿੱਚ) ਅਜਿਹੇ ਵਾਹਨਾਂ ਦੇ ਸਿਰਫ 31 ਚਲਾਨ ਕੀਤੇ ਗਏ ਜਦ ਕਿ ਸਾਲ 2017 ਤੋਂ ਬਾਅਦ (ਵੈੱਬਸਾਈਟ ’ਤੇ ਜਾਣਕਾਰੀ ਦੇਣ ਤੱਕ) ਇਸ ਕਾਰਜਕਾਲ ਦੌਰਾਨ ਸਿਰਫ ਇੱਕ ਵਿੰਟੇਜ ਨੰਬਰ ਵਾਲੇ ਵਾਹਨ ਨੂੰ ਬਾਂਡ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿੰਟੇਜ ਨੰਬਰ ਵਾਲਾ ਕੋਈ ਵਾਹਨ ਜੇਕਰ ਦੁਰਘਟਨਾਗ੍ਰਸਤ ਹੁੰਦਾ ਹੈ ਜਾਂ ਕਿਸੇ ਨੂੰ ਕਰਕੇ ਦੌੜ ਜਾਂਦਾ ਹੈ ਤਾਂ ਉਸ ਸਥਿਤੀ ’ਚ ਉਸ ਵਾਹਨ ਦੀ ਆਨਲਾਈਨ ਸ਼ਨਾਖ਼ਤ ਕਰਨੀ, ਹੋਰਨਾਂ ਵਾਹਨਾਂ ਦੀ ਤੁਲਨਾ ’ਚ ਮੁਸ਼ਕਿਲ ਕਾਰਜ ਹੈ। ਹਾਈ ਸਕਿਓਰਟੀ ਨੰਬਰ ਪਲੇਟਾਂ ਦੇ ਮਾਮਲੇ ’ਚ ਟਰੈਫ਼ਿਕ ਪੁਲੀਸ ਵੱਲੋਂ ਵਿਖਾਈ ਜਾ ਰਹੀ ਫ਼ੁਰਤੀ ਤੋਂ ਜਾਪਦਾ ਹੈ ਕਿ ਵਿੰਟੇਜ ਨੰਬਰ ਪਲੇਟਾਂ ਵਾਲੀਆਂ ਗੱਡੀਆਂ ’ਤੇ ਅਜੇ ਵੀ ਪੁਲੀਸ ਦੀ ਨਜ਼ਰ ਠੰਢੀ ਹੈ। ਸੰਜੀਵ ਗੋਇਲ ਨੇ ਪੰਜਾਬ ਸਰਕਾਰ ਦੇ ਪੋਰਟਲ ਰਾਹੀਂ ਪੰਜਾਬ ਭਰ ਵਿੱਚ ਵਿੰਟੇਜ ਨੰਬਰਾਂ ਨਾਲ ਚੱਲਣ ਵਾਲੇ ਵਾਹਨਾਂ ਦੀ ਸ਼ਿਕਾਇਤ ਕਰਕੇ ਸਾਰਿਆਂ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।