ਸਿਹਤ ਮੰਤਰੀ ਦੀ ਕੋਠੀ ਵੱਲ ਜਾਂਦੇ ਸਿਹਤ ਕਾਮੇ ਪੁਲੀਸ ਨੇ ਰੋਕੇ
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਫਰਵਰੀ
ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਵੱਲੋਂ ਅੱਜ ਯੂਨੀਅਨ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠਾਂ ਇੱਥੇ ਸਥਿਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਕੋਠੀ ਦੇ ਅੱਗੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲੀਸ ਪਾਰਟੀ ਨੇ ਇਨ੍ਹਾਂ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ।
ਜ਼ਿਕਰਯੋਗ ਹੈ ਕਿ ਇਹ ਵਰਕਰ ਪਹਿਲਾਂ ਇੱਥੇ ਸਰਹਿੰਦ ਰੋਡ ’ਤੇ ਸਥਿਤ ਗੁਰਦੁਆਰਾ ਦੂੁਖ ਨਿਵਾਰਨ ਸਾਹਿਬ ਪਟਿਆਲਾ ਨੇੜੇ ਇਕੱਠੇ ਹੋਏ। ਡੇਢ ਘੰਟਾ ਇੱਥੇ ਵਿਚਾਰ ਕਰਨ ਮਗਰੋਂ ਉਨ੍ਹਾਂ ਸ਼ਾਮ ਚਾਰ ਵਜੇ ਇੱਥੋਂ ਇਹ ਕਹਿ ਕੇ ਕੂਚ ਕੀਤਾ ਕਿ ਉਹ ਹੁਣ ਨਜ਼ਦੀਕ ਹੀ ਪਾਸੀ ਰੋਡ ’ਤੇ ਸਥਿਤ ਸਿਹਤ ਮੰਤਰੀ ਦੀ ਕੋਠੀ ਅੱਗੇ ਜਾ ਕੇ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਵੱਲੋਂ ਵਾਰ-ਵਾਰ ਵਾਅਦੇ ਕਰ ਕੇ ਵੀ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਯਕੀਨੀ ਨਹੀਂ ਬਣਾਈ ਜਾ ਰਹੀ। ਉਨ੍ਹਾਂ ਕਿਹਾ ਕਿ ਯੂਨੀਅਨ ਦੀ ਮੰਗ ਹੈ ਕਿ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਉਪਰਲੀ ਉਮਰ ਸੀਮਾ ’ਚ ਉਮਰ ਵਿੱਚ ਛੋਟ ਦਿੱਤੀ ਜਾਵੇ, ਨਵੀਂ ਭਰਤੀ ਕੀਤੀ ਜਾਵੇ ਅਤੇ ਭਰਤੀ ਦਾ ਇਸ਼ਤਿਹਾਰ ਤੁਰੰਤ ਜਾਰੀ ਹੋਵੇ।
ਇਸ ਤਰ੍ਹਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਸ ਕਾਫ਼ਲੇ ਨੇ ਜਿਉਂ ਹੀ ਕੂਚ ਕੀਤਾ ਤਾਂ ਪੁਲੀਸ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਗੱਲਬਾਤ ਰਾਹੀਂ ਹੀ ਇੱਥੇ ਰੋਕਣਾ ਚਾਹਿਆ। ਉਹ ਜਦੋਂ ਨਾ ਮੰਨੇ ਤਾਂ ਪੁਲੀਸ ਮੁਲਾਜ਼ਮਾਂ ਨੇ ਇਨ੍ਹਾਂ ਵਰਕਰਾਂ ਨੂੰ ਬੈਰੀਕੇਡ ਲਗਾ ਕੇ ਰੋਕ ਲਿਆ। ਇਸ ਮਗਰੋਂ ਸ਼ਾਮ ਨੂੰ 4.30 ਵਜੇ ਸਿਹਤ ਮੰਤਰੀ ਦੇ ਦਫ਼ਤਰੀ ਸਟਾਫ਼ ਦੇ ਇੱਕ ਮੈਂਬਰ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਤੇ ਅਗਲੇ ਦਿਨਾਂ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮਗਰੋਂ ਸ਼ਾਮ ਪੰਜ ਵਜੇ ਇਨ੍ਹਾਂ ਹੈਲਥ ਵਰਕਰਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।