ਖੇਤੀ ਮੰਤਰੀ ਦੀ ਰਿਹਾਇਸ਼ ਵੱਲ ਜਾਂਦੇ ਮੁਲਾਜ਼ਮ ਪੁਲੀਸ ਨੇ ਰੋਕੇ
ਦਵਿੰਦਰ ਸਿੰਘ
ਯਮੁਨਾਨਗਰ, 24 ਦਸੰਬਰ
ਮਿਉਂਸਿਪਲ ਕਰਮਚਾਰੀ ਸੰਘ ਹਰਿਆਣਾ ਵੱਲੋਂ 8 ਦਸੰਬਰ ਨੂੰ ਰਾਜ ਪੱਧਰੀ ਵਰਕਰ ਸੰਮੇਲਨ ਵਿੱਚ ਲਏ ਗਏ ਫੈਸਲਿਆਂ ਅਨੁਸਾਰ ਨਗਰ ਨਿਗਮ ਅਤੇ ਫਾਇਰ ਕਰਮਚਾਰੀ ਅਨਾਜ ਮੰਡੀ ਵਿੱਚ ਇਕੱਠੇ ਹੋਏ ਅਤੇ ਹਰਿਆਣਾ ਸਰਕਾਰ ਦੇ ਖੇਤੀ ਮੰਤਰੀ ਸ਼ਿਆਮ ਸਿੰਘ ਰਾਣਾ ਦੀ ਰਿਹਾਇਸ਼ ’ਤੇ ਲਟਕਦੀਆਂ ਮੰਗਾਂ ਦਾ ਮੰਗ ਪੱਤਰ ਸੌਂਪਿਆ । ਇਸ ਦੌਰਾਨ ਪੁਲੀਸ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਕਰਕੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰਿਹਾਇਸ਼ ਅੱਗੇ ਰੋਕ ਲਿਆ। ਉਥੇ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਖੇਤੀ ਮੰਤਰੀ ਮੌਕੇ ’ਤੇ ਹਾਜ਼ਰ ਨਾ ਹੋਣ ਕਾਰਨ ਉਨ੍ਹਾਂ ਦੇ ਪੁੱਤਰ ਨੇਪਾਲ ਸਿੰਘ ਨੇ ਮੁਲਾਜ਼ਮਾਂ ਤੋਂ ਮੰਗ ਪੱਤਰ ਲਿਆ ਅਤੇ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਮਿਉਂਸਿਪਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਾਂਗੇ ਰਾਮ ਤਿਗਰਾ ਅਤੇ ਫਾਇਰ ਐਸੋਸੀਏਸ਼ਨ ਦੇ ਚੀਫ਼ ਆਰਗੇਨਾਈਜ਼ਰ ਗੁਲਸ਼ਨ ਭਾਰਦਵਾਜ ਨੇ ਦੱਸਿਆ ਕਿ 7 ਅਗਸਤ ਨੂੰ ਐਸੋਸੀਏਸ਼ਨ ਵੱਲੋਂ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ’ਤੇ ਵਿਚਾਰ ਕਰਨ ਲਈ ਬੈਠਕ ਬੁਲਾਈ ਗਈ ਸੀ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਯੂਨੀਅਨ ਦੇ ਅਧਿਕਾਰੀਆਂ ਵਿਚਕਾਰ ਹੋਈ ਗੱਲਬਾਤ ਵਿੱਚ ਸਰਕਾਰ ਨੇ ਯੂਨੀਅਨ ਦੀਆਂ ਕੁਝ ਮੰਗਾਂ ਮੰਨ ਲਈਆਂ ਸਨ ਪਰ ਇਸ ਤੋਂ ਬਾਅਦ ਮੰਨੀਆਂ ਮੰਗਾਂ ਸਬੰਧੀ ਪੱਤਰ ਜਾਰੀ ਨਹੀਂ ਕੀਤਾ ਗਿਆ ਅਤੇ ਹੋਰ ਮੰਗਾਂ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਸੂਬੇ ਦੀਆਂ ਨਗਰ ਪਾਲਿਕਾਵਾਂ, ਕੌਂਸਲਾਂ, ਨਗਰ ਨਿਗਮਾਂ ਅਤੇ ਫਾਇਰ ਸਟੇਸ਼ਨਾਂ ਦੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਸਬੰਧੀ ਪੱਤਰ ਜਲਦੀ ਜਾਰੀ ਨਾ ਕੀਤਾ ਗਿਆ ਤਾਂ ਉਹ ਵੱਡੇ ਅੰਦੋਲਨ ਦਾ ਐਲਾਨ ਕਰਨ ਲਈ ਮਜਬੂਰ ਹੋਣਗੇ । ਫਾਇਰ ਯੂਨੀਅਨ ਦੇ ਆਗੂਆਂ ਸੰਤੋਸ਼ ਕੁਮਾਰ ਅਤੇ ਰਿੰਕੂ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਐਲਾਨ ਦੇ ਬਾਵਜੂਦ ਸਾਲਾਂ ਤੋਂ ਕੰਮ ਕਰ ਰਹੇ ਕੱਚੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਨੌਕਰੀ ਦੀ ਸੁਰੱਖਿਆ ਨਹੀਂ ਦਿੱਤੀ ਜਾ ਰਹੀ। ਇਸ ਮੌਕੇ ਯੂਨਿਟ ਹੈੱਡ ਪਾਪਲਾ, ਉਪ ਮੁਖੀ ਬਲਦੀਪ ਤੁੰਬੀ, ਮੁਕੇਸ਼, ਸ੍ਰੀਚੰਦ, ਸੁਰੇਸ਼, ਜੀਤੋ, ਕਮਲੇਸ਼, ਜਨਕ ਰਾਜ, ਫਾਇਰ ਯੂਨਿਟ ਹੈੱਡ ਵਰਿੰਦਰ ਧੀਮਾਨ, ਅਮਿਤ ਕੰਬੋਜ, ਅਮਰੀਕ ਸਿੰਘ ਹਾਜ਼ਰ ਸਨ।