ਪੁਲੀਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ
ਖੇਤਰੀ ਪ੍ਰਤੀਨਿਧ
ਬਟਾਲਾ, 27 ਜੂਨ
ਲੰਘੀ 8 ਜੂਨ ਨੂੰ ਨੇੜਲੇ ਪਿੰਡ ਚੋਣੇ ਵਿੱਚ ਕੁੱਝ ਹਥਿਆਰਬੰਦ ਨੌਜਵਾਨਾਂ ਵੱਲੋਂ ਆਪਣੇ ਘਰ ਵਿੱਚ ਸੁੱਤੇ ਹੋਏ ਵਿਅਕਤੀ ਦਾ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਦੀ ਗੁੱਥੀ ਬਟਾਲਾ ਪੁਲੀਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲੀਸ ਅਨੁਸਾਰ ਪੁਰਤਗਾਲ ‘ਚ ਰਹਿੰਦੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਨੇ ਆਪਣੇ ਇੱਕ ਰਿਸ਼ਤੇਦਾਰ ਨੂੰ ਕਹਿ ਕੇ ਇਹ ਕਤਲ ਕਰਵਾਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਬਟਾਲਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਵਕਤ ਪੁਰਤਗਾਲ ਵਿੱਚ ਰਹਿ ਰਹੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਵਾਸੀ ਭੋਮਾ ਨੇ ਕਿਸੇ ਨਿੱਜੀ ਰੰਜਿਸ਼ ਦੇ ਚਲਦਿਆਂ ਆਪਣੇ ਇੱਕ ਰਿਸ਼ਤੇਦਾਰ ਦਿਨੇਸ਼ ਸਿੰਘ ਵਾਸੀ ਕੋਟ ਹਿਰਦੇਰਾਮ, ਥਾਣਾ ਕੱਥੂਨੰਗਲ ਨੂੰ ਕਹਿ ਕੇ ਲੰਘੀ 7-8 ਜੂਨ ਦੀ ਰਾਤ ਨੂੰ ਹਰਭਜਨ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਚੋਣੇ ਦਾ ਕਤਲ ਕਰਵਾ ਦਿੱਤਾ ਸੀ। ਐੱਸਪੀ ਨੇ ਦੱਸਿਆ ਐਸਐਸਪੀ ਬਟਾਲਾ ਵੱਲੋਂ ਸੰਗੀਨ ਜੁਰਮਾਂ ਵਾਲੇ ਅਪਰਾਧਾਂ ‘ਤੇ ਖਾਸ ਟੀਮਾਂ ਬਣਾਈਆਂ ਗਈਆਂ ਹਨ ਜਿਨਾਂ ਨੇ ਇਸ ਵਾਰਦਾਤ ਵਿੱਚ ਸ਼ਾਮਿਲ 7 ਮੁਲਜ਼ਮਾਂ ਨੂੰ 3 ਪਿਸੌਤਲਾਂ, 4 ਜਿੰਦਾ ਰੌਂਦਾਂ ਅਤੇ ਦੋ ਮੋਟਰਸਾਈਕਲਾਂ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਹਰਮਨਜੋਤ ਸਿੰਘ ਵਾਸੀ ਅਠਵਾਲ, ਕਸ਼ਮੀਰ ਸਿੰਘ ਵਾਸੀ ਭੋਮਾ, ਅਮਨਦੀਪ ਸਿੰਘ ਵਾਸੀ ਨਵਾਂ ਪਿੰਡ, ਰਾਜਬੀਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਫਤਿਹਪੁਰ ਸ਼ੇਰ ਸਿੰਘ ਉਰਫ ਸ਼ੇਰਾ ਵਾਸੀ ਤਲਵੰਡੀ ਦਸੋਂਧਾ ਸਿੰਘ ਅਤੇ ਬਲਰਾਜ ਸਿੰਘ ਵਾਸੀ ਕੈਰੋਨੰਗਲ ਵਜੋਂ ਦੱਸੀ ਹੈ। ਇਸ ਮੌਕੇ ਥਾਣਾ ਘੁਮਾਣ ਦੇ ਮੁਖੀ ਪਰਮਿੰਦਰ ਸਿੰਘ ਵੀ ਮੌਜੂਦ ਸਨ।