For the best experience, open
https://m.punjabitribuneonline.com
on your mobile browser.
Advertisement

ਅਕਾਲੀ ਆਗੂ ਨੂੰ ਹਿਰਾਸਤ ’ਚ ਲੈਣ ਖ਼ਿਲਾਫ਼ ਥਾਣੇ ਦਾ ਘਿਰਾਓ

06:39 AM Feb 27, 2024 IST
ਅਕਾਲੀ ਆਗੂ ਨੂੰ ਹਿਰਾਸਤ ’ਚ ਲੈਣ ਖ਼ਿਲਾਫ਼ ਥਾਣੇ ਦਾ ਘਿਰਾਓ
ਥਾਣਾ ਮਹਿਣਾ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਅਕਾਲੀ ਆਗੂ ਤੇ ਵਰਕਰ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਫਰਵਰੀ
ਇਥੇ ਥਾਣਾ ਮਹਿਣਾ ਅਧੀਨ ਪਿੰਡ ਮਹਿਰੋਂ ਦਿ ਮਹਿਰੋਂ ਕੋਆਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ (ਸੀਏਐੱਸਐੱਸ) ਦੀ ਚੋਣ ਦੌਰਾਨ ਅਕਾਲੀ ਆਗੂ ਨੂੰ ਪੁਲੀਸ ਵੱਲੋਂ ਥਾਣੇ ਡੱਕਣ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਥਾਣਾ ਮਹਿਣਾ ਦਾ ਘਿਰਾਓ ਕੀਤਾ ਅਤੇ ਹਾਕਮ ਧਿਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਚੋਣ ਅਮਲੇ ਨੂੰ ਪਿੰਡ ਮਹਿਰੋਂ ’ਚ ਕਥਿਤ ਤਣਾਅ ਕਾਰਨ ਸਹਿਕਾਰੀ ਸਭਾ ਦੀ ਚੋਣ ਵੀ ਰੱਦ ਕਰਨੀ ਪਈ।
ਇਥੇ ਪਿੰਡ ਮਹਿਰੋਂ ਵਿਖੇ ਕੋਆਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ (ਸੀਏਐੱਸਐੱਸ )ਦੀ ਚੋਣ ਲਈ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਦੌਰਾਨ ਪੁਲੀਸ ਨੇ ਸੁਸਾਇਟੀ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਨੂੰ ਥਾਣਾ ਮਹਿਣਾ ਪੁਲੀਸ ਨੇ ਥਾਣੇ ਡੱਕ ਦਿੱਤਾ। ਇਸ ਮਗਰੋਂ ਪਿੰਡ ਵਿਚ ਤਣਾਅ ਦੀ ਸਥਿਤੀ ਬਣ ਗਈ। ਵਿਧਾਨ ਸਭਾ ਹਲਕਾ ਧਰਮਕੋਟ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਪੰਜਾਬ ਸਿਹਤ ਨਿਗਮ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਥਾਣਾ ਮਹਿਣਾ ਦਾ ਘਿਰਾਓ ਕਰਕੇ ਹਾਕਮ ਧਿਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਅਮਨ- ਸ਼ਾਂਤੀ ਨਾਲ ਹੋਣ ਵਾਲੀ ਚੋਣ ਪ੍ਰਕਿਰਿਆ ਨੂੰ ਅਮਨ-ਸ਼ਾਂਤੀ ਭੰਗ ਦਾ ਬਹਾਨਾ ਬਣਾ ਕੇ ਪੁਲੀਸ ਨੇ ਕਥਿਤ ਸਿਆਸੀ ਦਬਾਅ ਹੇਠ ਉਨ੍ਹਾਂ ਦੀ ਪਾਰਟੀ ਵਰਕਰ ਅਤੇ ਸੁਸਾਇਟੀ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਨੂੰ ਥਾਣੇ ਡੱਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਾਕਮ ਧਿਰ ਆਗੂ ਆਪਣੇ ਚਹੇਤੇ ਨੂੰ ਪ੍ਰਧਾਨ ਬਣਾ ਕੇ ਸੁਸਾਇਟੀ ਉਤੇ ਕਾਬਜ਼ ਹੋਣਾ ਚਾਹੁੰਦੇ ਸਨ। ਉਨ੍ਹਾਂ ਪ੍ਰਸ਼ਾਸਨ ਨੂੰ ਚੋਣਾਂ ਵਿੱਚ ਧੱਕੇਸ਼ਾਹੀ ਖ਼ਿਲਾਫ਼ ਚਿਤਾਵਨੀ ਦਿੱਤੀ। ਇਸ ਮੌਕੇ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਮੌਜੂਦ ਸਨ।
ਉਧਰ, ਥਾਣਾ ਮਹਿਣਾ ਮੁਖੀ ਇੰਸਪੈਕਟਰ ਬਲਵੰਤ ਸਿੰਘ ਨੇ ਕਿਹਾ ਕਿ ਜਗਤਾਰ ਸਿੰਘ ਦਾ ਆਪਣੇ ਹੀ ਪਿੰਡ ਦੇ ਮੰਗੂ ਸਿੰਘ ਨਾਮ ਦੇ ਵਿਅਕਤੀ ਨਾਲ ਜ਼ਮੀਨੀ ਵਿਵਾਦ ਹੈ। ਇਸ ਵਿਵਾਦ ਦੌਰਾਨ ਜਗਤਾਰ ਸਿੰਘ ਨੇ ਮੰਗੂ ਦੇ ਈ-ਰਿਕਸ਼ਾ ਦਾ ਨੁਕਸਾਨ ਕਰ ਦਿੱਤਾ ਸੀ। ਉਸਦੀ 19 ਫ਼ਰਵਰੀ ਦੀ ਸ਼ਿਕਾਇਤ ਦੇ ਅਧਾਰ ’ਤੇ ਜਗਤਾਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਐੱਸਡੀਐੱਮ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਉਸਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਸੇ ਸਿਆਸੀ ਦਬਾਅ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਗ੍ਰਿਫ਼ਤਾਰੀ ਦਾ ਸਹਿਕਾਰੀ ਸਭਾ ਚੋਣ ਨਾਲ ਕੋਈ ਵਾਸਤਾ ਨਹੀਂ ਹੈ। ਦੂਜੇ ਪਾਸੇ ਸਹਿਕਾਰੀ ਸਭਾ ਦੇ ਸਕੱਤਰ ਬਲਤੇਜ ਸਿੰਘ ਨੇ ਕਿਹਾ ਕਿ ਅਮਲੇ ਨੇ ਚੋਣ ਮੁਲਤਵੀ ਕਰ ਦਿੱਤੀ ਹੈ। ਚੋਣ ਦੀ ਤਰੀਕ ਲਈ ਬਾਅਦ ਵਿਚ ਐਲਾਨ ਕੀਤਾ ਜਾਵੇਗਾ।

Advertisement

Advertisement
Author Image

Advertisement
Advertisement
×