ਪੁਲੀਸ ਵੱਲੋਂ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ
ਪੱਤਰ ਪ੍ਰੇਰਕ
ਮਾਨਸਾ, 13 ਜਨਵਰੀ
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੁਲੀਸ ਅਜਿਹੇ ਲੋਕਾਂ ਦੀਆਂ ਜਾਇਦਾਦ ਲਗਾਤਾਰ ਜਬਤ ਕਰਦੀ ਰਹੇਗੀ। ਪੁਲੀਸ ਵੱਲੋਂ ਨਸ਼ੇ ਦਾ ਵਪਾਰ ਕਰਨ ਵਾਲੇ ਇੱਕ ਵਿਅਕਤੀ ਦੀ 4 ਲੱਖ 75 ਹਜ਼ਾਰ ਰੁਪਏ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਪਾਸ ਕਰ ਦਿੱਤੇ ਹਨ। ਐੱਸਐੱਸਪੀ ਮਾਨਸਾ ਦੇ ਹੁਕਮਾਂ ਤੋਂ ਬਾਅਦ ਅੱਜ ਬੁਢਲਾਡਾ ਦੇ ਡੀਐੱਸਪੀ ਗਮਦੂਰ ਸਿੰਘ ਨੇ ਦੱਸਿਆ ਕਿ ਅਜਿਹੇ ਮਾੜੇ ਅਨਸਰਾਂ ਨੂੰ ਮੁਕੱਦਮਿਆਂ ਵਿਚ ਅਦਾਲਤ ਵੱਲੋਂ ਸਜ਼ਾ ਦਿਵਾਉਣ ਦੇ ਨਾਲ-ਨਾਲ, ਜਿਸ ਵਿਅਕਤੀ ਨੇ ਕੋਈ ਨਸ਼ੀਲਾ ਪਦਾਰਥ ਵੇਚਕੇ ਜਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਕੋਈ ਜਾਇਦਾਦ ਬਣਾਈ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਉਕਤ ਜਾਇਦਾਦ ਕੁਰਕ ਕਰਵਾਉਣ ਲਈ ਮਾਨਸਾ ਪੁਲੀਸ ਕਾਰਜਸ਼ੀਲ ਹੈ। ਇਸੇ ਲੜੀ ਵਿੱਚ ਦੀਪਕ ਕੁਮਾਰ ਵਾਸੀ ਵਾਰਡ ਨੰਬਰ 6 ਬਰੇਟਾ ਖਿਲਾਫ ਵੀ ਕੇਸ ਤਿਆਰ ਕਰਕੇ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੀਪਕ ਕੁਮਾਰ ਦੇ ਖਿਲਾਫ ਨਸ਼ੇ ਵੇਚਣ ਸਬੰਧੀ ਥਾਣਾ ਬਰੇਟਾ ਵਿੱਚ ਮੁਕੱਦਮਾ ਦਰਜ ਹੈ। ਉਨ੍ਹਾਂ ਕਿਹਾ ਕਿ ਕੰਪੀਟੈਂਟ ਅਥਾਰਿਟੀ ਨਵੀਂ ਦਿੱਲੀ ਵੱਲੋਂ ਦੀਪਕ ਕੁਮਾਰ ਦੀ ਕਾਰ ਜ਼ਬਤ ਕੀਤੀ ਗਈ ਹੈ।