ਸਾਬਕਾ ਵਿਧਾਇਕਾ ਸਤਿਕਾਰ ਕੌਰ ਤੇ ਭਤੀਜੇ ਦਾ ਪੁਲੀਸ ਰਿਮਾਂਡ ਵਧਾਇਆ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 25 ਅਕਤੂਬਰ
ਇਥੋਂ ਦੀ ਅਦਾਲਤ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਅਤੇ ਉਸ ਦੇ ਭਤੀਜੇ ਜਸਕੀਰਤ ਸਿੰਘ ਦਾ ਪੁਲੀਸ ਰਿਮਾਂਡ ਅੱਜ ਦੋ ਦਿਨ ਲਈ ਵਧਾ ਦਿੱਤਾ ਹੈ। ਪੰਜਾਬ ਪੁਲੀਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਨੇ ਇੱਕ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਉਨ੍ਹਾਂ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਸੀ। ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਜਾਂਚ ਟੀਮ ਨੇ ਅਦਾਲਤ ਤੋਂ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਵਧਾਉਣ ਦੀ ਮੰਗ ਕੀਤੀ। ਉਸ ਨੇ ਦੱਸਿਆ ਸਾਬਕਾ ਵਿਧਾਇਕਾ ਅਤੇ ਉਸ ਦੇ ਭਤੀਜੇ ਨੇ ਪੁੱਛ ਪੜਤਾਲ ਦੌਰਾਨ ਫਿਰੋਜ਼ਪੁਰ ਦੇ ਕਈ ਵਿਅਕਤੀਆਂ ਦੇ ਪਤੇ ਦੱਸੇ ਹਨ, ਜਿਨ੍ਹਾਂ ਤੋਂ ਉਹ ਨਸ਼ੀਲੇ ਪਦਾਰਥ ਖ਼ਰੀਦ ਕੇ ਅੱਗੇ ਵੇਚਦੇ ਸਨ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਰਾਮ ਦਰਸ਼ਨ ਨੇ ਕਿਹਾ ਕਿ ਮੁਲਜ਼ਮਾਂ ਨੂੰ ਨਾਲ ਲਿਜਾ ਕੇ ਫਿਰੋਜ਼ਪੁਰ ਵਿੱਚ ਛਾਪੇ ਮਾਰ ਕੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਬਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦਾ ਵਿਰੋਧ ਕੀਤਾ। ਉਨ੍ਹਾਂ ਦੱਸਿਆ ਕਿ ਸਾਬਕਾ ਵਿਧਾਇਕਾ ਅਤੇ ਉਸ ਦਾ ਭਤੀਜਾ ਪਿਛਲੇ ਦੋ ਦਿਨਾਂ ਤੋਂ ਪੁਲੀਸ ਹਿਰਾਸਤ ਵਿੱਚ ਹਨ। ਸਤਿਕਾਰ ਕੌਰ ਨੂੰ ਸਿਆਸੀ ਬਦਲਾਖੋਰੀ ਕਾਰਨ ਬਦਨਾਮ ਕਰਨ ਦੀ ਸਾਜ਼ਿਸ਼ ਤਹਿਤ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਅਦਾਲਤ ਨੇ ਦੋਵਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਦੋਵਾਂ ਨੂੰ ਮੁੜ 27 ਅਕਤੂਬਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।