ਪੁਲੀਸ ਪਾਰਟੀ ’ਤੇ ਹਮਲਾ ਕਰਨ ਵਾਲੇ ਪੰਜ ਮੁਲਜ਼ਮਾਂ ਦਾ ਪੁਲੀਸ ਰਿਮਾਂਡ
ਪੱਤਰ ਪ੍ਰੇਰਕ
ਖਰੜ, 12 ਜੂਨ
ਪਿੰਡ ਮੁੰਡੀ ਖਰੜ ਬੰਗਾਲਾ ਬਸਤੀ ਵਿੱਚ ਜੂਆ ਖੇਡਦੇ ਵਿਅਕਤੀਆਂ ਨੂੰ ਫੜਨ ਲਈ ਪਹੁੰਚੀ ਪੁਲੀਸ ਪਾਰਟੀ ‘ਤੇ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਪੰਜ ਵਿਅਕਤੀਆਂ ਨੂੰ ਅੱਜ ਪੁਲੀਸ ਵੱਲੋਂ ਅਦਾਤਲ ‘ਚ ਪੇਸ਼ ਕੀਤਾ ਗਿਆ ਜਿੱਥੋਂ ਮੁਲਜ਼ਮਾਂ ਨੂੰ 17 ਜੂਨ ਤੱਕ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਪਿੰਡ ਮੁੰਡੀ ਖਰੜ ਦੀ ਬੰਗਾਲਾ ਬਸਤੀ ਵਿੱਚ ਜੂਆ ਚੱਲਦਾ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਮੌਕੇ ‘ਤੇ ਮੁਲਜ਼ਮਾਂ ਨੂੰ ਫੜਨ ਲਈ ਪਹੁੰਚੀ ਖਰੜ ਦੇ ਥਾਣਾ ਸਿਟੀ ਦੀ ਪੁਲੀਸ ਉੱਤੇ ਬਸਤੀ ਦੇ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਖਰੜ ਦੇ ਥਾਣਾ ਸਿਟੀ ਦੇ ਐੱਸਐੱਚਓ ਹਰਜਿੰਦਰ ਸਿੰਘ ਜ਼ਖ਼ਮੀ ਹੋ ਗਏ ਸਨ। ਹਮਲਾਵਰਾਂ ਵੱਲੋਂ ਪੁਲੀਸ ‘ਤੇ ਪਥਰਾਅ ਕੀਤਾ ਗਿਆ ਅਤੇ ਸੜਕ ‘ਤੇ ਟਰੈਫਿਕ ਜਾਮ ਕਰ ਦਿੱਤਾ ਗਿਆ ਸੀ। ਥਾਣਾ ਸਿਟੀ ਦੀ ਪੁਲੀਸ ਵੱਲੋਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਸਨ। ਇਨ੍ਹਾਂ ਮੁਲਜ਼ਮਾਂ ਨੂੰ ਅੱਜ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਸਾਰੇ ਮੁਲਜ਼ਮਾਂ ਰਾਜਾ, ਗਣੇਸ਼, ਵਿੱਕਾ ਅਤੇ ਦੋ ਔਰਤਾਂ ਨੀਤੂ ਤੇ ਪ੍ਰਵੀਨ ਸਾਰੇ ਵਾਸੀਆਨ ਬੰਗਾਲਾ ਬਸਤੀ ਨੂੰ 17 ਜੂਨ ਤੱਕ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।