ਪੁਲੀਸ ਵੱਲੋਂ 18 ਗ਼ੈਰਕਾਨੂੰਨੀ ਟਰੈਵਲ ਏਜੰਸੀਆਂ ਖ਼ਿਲਾਫ਼ ਕੇਸ ਦਰਜ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 13 ਅਕਤੂਬਰ
ਪੰਜਾਬ ਪੁਲੀਸ ਦੇ ਐੱਨਆਰਆਈ ਮਾਮਲੇ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਨੇ ਪ੍ਰੋਟੈਕਟੋਰੇਟ ਆਫ ਇਮੀਗ੍ਰੈਂਟਸ ਚੰਡੀਗੜ੍ਹ ਨਾਲ ਤਾਲਮੇਲ ਕਰ ਕੇ ਮੁਹਾਲੀ, ਖਰੜ ਸਣੇ ਹੋਰ ਵੱਡੇ ਸ਼ਹਿਰ ਦੀਆਂ ਕਰੀਬ ਡੇਢ ਦਰਜਨ ਟਰੈਵਲ ਏਜੰਸੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਅਜਿਹੀਆਂ 25 ਗ਼ੈਰਕਾਨੂੰਨੀ ਟਰੈਵਲ ਏਜੰਸੀਆਂ ਖ਼ਿਲਾਫ਼ ਘੱਟੋ-ਘੱਟ 20 ਕੇਸ ਦਰਜ ਕੀਤੇ ਗਏ ਸਨ। ਇਸ ਤਰ੍ਹਾਂ ਹੁਣ ਤੱਕ ਗ਼ੈਰਕਾਨੂੰਨੀ ਟਰੈਵਲ ਏਜੰਸੀਆਂ ਦੀ ਗਿਣਤੀ 43 ਤੱਕ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਪ੍ਰੋਟੈਕਟੋਰੇਟ ਆਫ ਇਮੀਗ੍ਰੈਂਟਸ ਨੇ ਅਜਿਹੀਆਂ ਟਰੈਵਲ ਏਜੰਸੀਆਂ ਵੱਲੋਂ ਵਿਦੇਸ਼ਾਂ ਵਿੱਚ ਨੌਕਰੀਆਂ ਲਈ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਦਿੱਤੇ ਜਾਂਦੇ ਇਸ਼ਤਿਹਾਰਾਂ ਦਾ ਗੰਭੀਰ ਨੋਟਿਸ ਲਿਆ ਹੈ।
ਏਡੀਜੀਪੀ (ਐੱਨਆਰਆਈ ਮਾਮਲੇ) ਪ੍ਰਵੀਨ ਕੇ ਸਿਨਹਾ ਨੇ ਅੱਜ ਇੱਥੇ ਦੱਸਿਆ ਕਿ ਇਹ ਟਰੈਵਲ ਏਜੰਸੀਆਂ ਬਿਨਾਂ ਲੋੜੀਂਦੇ ਲਾਇਸੈਂਸ ਅਤੇ ਮਨਜ਼ੂਰੀ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਵਿਦੇਸ਼ਾਂ ਵਿੱਚ ਨੌਕਰੀਆਂ ਬਾਰੇ ਇਸ਼ਤਿਹਾਰ ਦੇ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਆਨਲਾਈਨ ਪਲੈਟਫਾਰਮਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਗੁਪਤ ਤੌਰ ’ਤੇ ਤਸਦੀਕ ਕੀਤੀ ਗਈ।
ਏਡੀਜੀਪੀ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਐੱਨਆਰਆਈ ਥਾਣਿਆਂ ਵਿੱਚ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ 24/25 ਤਹਿਤ 18 ਨਵੇਂ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚ ਮੁਹਾਲੀ, ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਗਸਤ ਅਤੇ ਸਤੰਬਰ ਮਹੀਨਿਆਂ ਵਿੱਚ ਦਰਜ ਕੀਤੇ ਗਏ ਇਨ੍ਹਾਂ 26 ਮਾਮਲਿਆਂ ਵਿੱਚ ਕੁੱਲ 34 ਮੁਲਜ਼ਮਾਂ ’ਚੋਂ 25 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਮੁਲਜ਼ਮ ਟਰੈਵਲ ਏਜੰਟਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਏਡੀਜੀਪੀ ਸਿਨਹਾ ਨੇ ਆਮ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਟਰੈਵਲ ਏਜੰਟਾਂ ਨੂੰ ਦਸਤਾਵੇਜ਼ ਅਤੇ ਪੈਸੇ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਲਈ ਕਿਹਾ ਹੈ।
ਗ਼ੈਰਕਾਨੂੰਨੀ ਟਰੈਵਲ ਏਜੰਸੀਆਂ ਦਾ ਵੇਰਵਾ
ਪੁਲੀਸ ਨੇ ਕਾਰਵਾਈ ਦੌਰਾਨ ਸਾਈ ਏਂਜਲ ਗਰੁੱਪ ਸੈਕਟਰ-78 (ਮੁਹਾਲੀ), ਯੂਨੀਕ ਐਂਟਰਪ੍ਰਾਈਜ਼ਿਜ਼, ਸੰਨੀ ਐਨਕਲੇਵ ਸੈਕਟਰ-123 (ਮੁਹਾਲੀ), ਵਨ ਪੁਆਇੰਟ ਸਰਵਿਸਿਜ਼ ਸੈਕਟਰ-115 (ਖਰੜ), ਭਾਰਤ ਇਮੀਗ੍ਰੇਸ਼ਨ ਅਮਲੋਹ, ਮਾਸਟਰ ਮਾਈਂਡ ਇਮੀਗ੍ਰੇਸ਼ਨ, ਸਟੱਡੀ ਵੀਜ਼ਾ ਕੰਸਲਟੈਂਟ ਸ੍ਰੀ ਆਨੰਦਪੁਰ ਸਾਹਿਬ, ਏਵੀਪੀ ਇਮੀਗ੍ਰੇਸ਼ਨ ਬਠਿੰਡਾ, ਸਕਾਈ ਬ੍ਰਿਜ ਇਮੀਗ੍ਰੇਸ਼ਨ ਬਠਿੰਡਾ, ਗੇਟਵੇਅ ਇਮੀਗ੍ਰੇਸ਼ਨ ਪਟਿਆਲਾ, ਮਾਸਟਰ ਇਮੀਗ੍ਰੇਸ਼ਨ ਰਾਜਪੁਰਾ, ਹੰਬਲ ਇਮੀਗ੍ਰੇਸ਼ਨ ਅੰਮ੍ਰਿਤਸਰ, ਦਿ ਹੰਬਲ ਇਮੀਗ੍ਰੇਸ਼ਨ ਲੁਧਿਆਣਾ, ਈਵੀਏਏ ਇਮੀਗ੍ਰੇਸ਼ਨ ਲੁਧਿਆਣਾ, ਕੌਰ ਇਮੀਗ੍ਰੇਸ਼ਨ ਸੈਂਟਰ ਮੋਗਾ, ਸ਼ਿਵ ਕੰਸਲਟੈਂਸੀ ਇਮੀਗ੍ਰੇਸ਼ਨ ਅੰਮ੍ਰਿਤਸਰ, ਆਹੂਜਾ ਇਮੀਗ੍ਰੇਸ਼ਨ ਜੰਡਿਆਲਾ ਰੋਡ ਤਰਨ ਤਾਰਨ, ਜੇਐੱਮਸੀ ਅੰਮ੍ਰਿਤਸਰ, ਸੈਣੀ ਐਸੋਸੀਏਟਸ (ਗਲਫ ਜੌਬਸ ਐਂਡ ਯੂਰੋਪ ਗਲਫ਼ ਵੀਜ਼ਾ) ਖੰਨਾ ਕੰਪਲੈਕਸ ਰੂਪਨਗਰ ਖ਼ਿਲਾਫ਼ ਕੇਸ ਦਰਜ ਕੀਤੇ ਹਨ।