ਕੁੱਟਮਾਰ ਦੇ ਦੋਸ਼ ਹੇਠ ਪੁਲੀਸ ਵੱਲੋਂ 16 ਖ਼ਿਲਾਫ਼ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਨਵੰਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਲੜਾਈ, ਝਗੜਿਆਂ ਅਤੇ ਕੁੱਟਮਾਰ ਦੇ ਸਿਲਸਿਲੇ ਵਿੱਚ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਵੱਲੋਂ ਇੱਕ ਜਵਾਈ ਵੱਲੋਂ ਸਹੁਰੇ ਘਰ ’ਤੇ ਹਮਲਾ ਕਰਕੇ ਸੱਸ-ਸਹੁਰੇ ਦੀ ਕੁੱਟਮਾਰ ਦੇ ਦੋਸ਼ ਤਹਿਤ ਜਵਾਈ ਸਮੇਤ ਨੌਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਕਬੀਰ ਨਗਰ ਡਾਬਾ ਰੋਡ ਵਾਸੀ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਜਵਾਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਦੋਸਤਾਂ ਸਮਰ, ਮਨਜੀਤ, ਮਨਜੋਤ ਤੇ ਹੋਰਨਾਂ ਨਾਲ ਉਸ ਦੇ ਘਰ ਆ ਕੇ ਡੰਡੇ, ਰਾਡ ਅਤੇ ਕਿਰਪਾਨਾਂ ਨਾਲ ਉਸ ’ਤੇ ਹਮਲਾ ਕੀਤਾ ਅਤੇ ਸੱਟਾਂ ਮਾਰੀਆਂ। ਜਦੋਂ ਉਸ ਦੀ ਪਤਨੀ ਸਰਬਜੀਤ ਕੌਰ ਛੱਡਾਉਣ ਲੱਗੀ ਤਾਂ ਉਨ੍ਹਾਂ ਨੇ ਉਸ ਦੇ ਵੀ ਸੱਟਾਂ ਮਾਰੀਆਂ ਅਤੇ ਜਾਨੋਂ ਮਾਰਨ ਦੀਆ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਹੌਲਦਾਰ ਜਗਦੀਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਵਾਸੀ ਮਾਡਲ ਟਾਊਨ ਸਮਰਾਲਾ ਰੋਡ ਖੰਨਾ, ਸਮਰ, ਮਨਜੀਤ, ਮਨਜੋਤ ਅਤੇ 5 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਵਿਕਾਸ ਨਗਰ ਪੱਖੋਵਾਲ ਰੋਡ ਵਾਸੀ ਡਾ. ਵਿਸ਼ਾਲ ਗਰਗ ਨੇ ਦੱਸਿਆ ਕਿ ਉਹ ਆਪਣੀ ਗੱਡੀ ਬੈਕ ਕਰ ਰਿਹਾ ਸੀ ਤਾਂ ਗੁਰਜੀਤ ਸਿੰਘ ਨੇ ਗੱਡੀ ਉਸ ਦੇ ਐਕਟਿਵਾ ਵਿੱਚ ਵੱਜਣ ਦਾ ਦਾਅਵਾ ਕਰਕੇ ਉਸ ਨਾਲ ਬਹਿਸ ਕੀਤੀ ਤੇ ਕੁੱਟਮਾਰ ਕੀਤੀ ਜਿਸ ਨਾਲ ਉਸ ਦਾ ਜਬਾੜੇ ਦੀ ਹੱਡੀ ਟੁੱਟ ਗਈ ਹੈ। ਮੁਲਜ਼ਮ ਨੇ ਆਪਣੀ ਗੱਡੀ ਉਸ ਦੀ ਗੱਡੀ ਅੱਗੇ ਲਾ ਕੇ ਉਸ ਦੀ ਪਤਨੀ ਤੇ ਪਿਤਾ ਨਾਲ ਵੀ ਗਾਲੀ ਗਲੋਚ ਕਰਦਿਆਂ ਕੁੱਟਮਾਰ ਕੀਤੀ। ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗੁਰਜੀਤ ਸਿੰਘ, ਉਸ ਦੇ ਭਰਾ ਹਰਜੀਤ ਸਿੰਘ ਵਾਸੀ ਆਤਮ ਨਗਰ, ਮੱਖਣ ਸਿੰਘ, ਹੈਰੀ, ਰਾਹੁਲ ਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਦੌਰਾਨੇ ਤਫ਼ਤੀਸ਼ ਗੁਰਜੀਤ ਸਿੰਘ ਤੇ ਹਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਨ੍ਹਾਂ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।