For the best experience, open
https://m.punjabitribuneonline.com
on your mobile browser.
Advertisement

ਪੁਲੀਸ ਭਰਤੀ: ਮੋਬਾਈਲ ਟਾਵਰ ਤੋਂ ਪੰਜਾਹ ਘੰਟੇ ਬਾਅਦ ਉਤਰੀਆਂ ਲੜਕੀਆਂ

07:32 AM Jul 06, 2023 IST
ਪੁਲੀਸ ਭਰਤੀ  ਮੋਬਾਈਲ ਟਾਵਰ ਤੋਂ ਪੰਜਾਹ ਘੰਟੇ ਬਾਅਦ ਉਤਰੀਆਂ ਲੜਕੀਆਂ
ਸੰਗਰੂਰ ’ਚ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਨੇਡ਼ੇ ਵਰ੍ਹਦੇ ਮੀਂਹ ’ਚ ਮੋਬਾਈਲ ਟਾਵਰ ’ਤੇ ਬੈਠੀਆਂ ਲੜਕੀਆਂ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਜੁਲਾਈ
ਇਥੇ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਨੇੜੇ ਮੋਬਾਈਲ ਟਾਵਰ ’ਤੇ ਚੜ੍ਹੀਆਂ ਦੋ ਭਰਤੀ ਉਮੀਦਵਾਰ ਲੜਕੀਆਂ ਕਰੀਬ ਪੰਜਾਹ ਘੰਟੇ ਟਾਵਰ ’ਤੇ ਬਿਤਾਉਣ ਮਗਰੋਂ ਅੱਜ ਤੀਜੇ ਦਿਨ ਬਾਅਦ ਦੁਪਹਿਰ ਹੇਠਾਂ ਉਤਰ ਆਈਆਂ। ਹੇਠਾਂ ਉਤਰਨ ਦਾ ਫ਼ੈਸਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਦਫ਼ਤਰ ਦੇ ਸਪੈਸ਼ਲ ਪ੍ਰਿੰਸੀਪਲ ਸਕੱਤਰ ਨਾਲ 13 ਜੁਲਾਈ ਦੀ ਮੀਟਿੰਗ ਤੈਅ ਹੋਣ ਮਗਰੋਂ ਲਿਆ ਗਿਆ। ਟਾਵਰ ’ਤੇ ਚੜ੍ਹੀਆਂ ਤੇ ਹੇਠਾਂ ਪ੍ਰਦਰਸ਼ਨ ਕਰ ਰਹੇ ਉਮੀਦਵਾਰ ਪੰਜਾਬ ਪੁਲੀਸ ਭਰਤੀ 2016 ਦੀ ਵੇਟਿੰਗ ਲਿਸਟ ਕਲੀਅਰ ਕਰਕੇ ਨੌਕਰੀ ’ਤੇ ਜੁਆਇਨ ਕਰਾਉਣ ਦੀ ਮੰਗ ਕਰ ਰਹੇ ਹਨ।
ਅੱਜ ਦੁਪਹਿਰ ਸਮੇਂ ਹੋਈ ਬਾਰਸ਼ ਦੌਰਾਨ ਵੀ ਦੋਵੇਂ ਲੜਕੀਆਂ ਸਰਬਜੀਤ ਕੌਰ ਅਬੋਹਰ ਅਤੇ ਹਰਦੀਪ ਕੌਰ ਫਾਜ਼ਿਲਕਾ ਮੋਬਾਈਲ ਟਾਵਰ ’ਤੇ ਡਟੀਆਂ ਰਹੀਆਂ। ਬਾਅਦ ਦੁਪਹਿਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਿਵਲ ਤੇ ਪੁਲੀਸ ਅਧਿਕਾਰੀ ਮੋਬਾਈਲ ਟਾਵਰ ਕੋਲ ਪੁੱਜੇ ਅਤੇ ਡੀਸੀ ਦਫਤਰ ਵੱਲੋਂ ਮੁੱਖ ਮੰਤਰੀ ਦਫ਼ਤਰ ਦੇ ਸਪੈਸ਼ਲ ਪ੍ਰਿੰਸੀਪਲ ਸਕੱਤਰ ਨਾਲ 13 ਜੁਲਾਈ ਨੂੰ ਸਵੇਰੇ 11 ਵਜੇ ਮੀਟਿੰਗ ਨਿਸ਼ਚਿਤ ਹੋਣ ਦਾ ਲਿਖਤੀ ਪੱਤਰ ਪ੍ਰਦਰਸ਼ਨਕਾਰੀ ਉਮੀਦਵਾਰਾਂ ਨੂੰ ਸੌਂਪਿਆ। ਇਸ ਦੌਰਾਨ ਮੋਬਾਈਲ ਟਾਵਰ ’ਤੇ ਚੜ੍ਹੀਆਂ ਦੋਵੇਂ ਲੜਕੀਆਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਅਤੇ ਦੋਵਾਂ ਨੂੰ ਹੇਠਾਂ ਉਤਾਰਨ ਦਾ ਫ਼ੈਸਲਾ ਲਿਆ। ਕਰੀਬ ਸਾਢੇ ਤਿੰਨ ਵਜੇ ਦੋਵੇਂ ਲੜਕੀਆਂ ਟਾਵਰ ਤੋਂ ਹੇਠਾਂ ਉਤਰ ਗਈਆਂ। ਇਸ ਮੌਕੇ ਭਰਤੀ ਦੇ ਉਮੀਦਵਾਰਾਂ ਅਮਨਦੀਪ ਸਿੰਘ, ਜਗਸੀਰ ਸਿੰਘ, ਲਖਵਿੰਦਰ ਸਿੰਘ, ਮੋਨੂੰ ਅਤੇ ਜਗਜੀਤ ਸਿੰਘ ਨੇ ਦੱਸਿਆ ਕਿ ਇੱਕ ਵਫ਼ਦ 13 ਜੁਲਾਈ ਨੂੰ ਮੀਟਿੰਗ ਲਈ ਚੰਡੀਗੜ੍ਹ ਜਾਵੇਗਾ ਅਤੇ ਆਪਣਾ ਪੱਖ ਸਪੈਸ਼ਲ ਪ੍ਰਿੰਸੀਪਲ ਸਕੱਤਰ ਅੱਗੇ ਰੱਖੇਗਾ।
ਉਧਰ, ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਨੇੜੇ ਪਿੰਡ ਖੁਰਾਣਾ ਵਿੱਚ 8736 ਕੱਚੇ ਅਧਿਆਪਕਾਂ ’ਚੋਂ ਇੱਕ ਇੰਦਰਜੀਤ ਸਿੰਘ ਮਾਨਸਾ ਅੱਜ 23ਵੇਂ ਦਿਨ ਵੀ ਵਰ੍ਹਦੇਂ ਮੀਂਹ ’ਚ ਟੈਂਕੀ ’ਤੇ ਡਟਿਆ ਰਿਹਾ ਜਦੋਂ ਕਿ ਬਾਕੀ ਅਧਿਆਪਕਾਂ ਦਾ ਹੇਠਾਂ ਧਰਨਾ ਜਾਰੀ ਰਿਹਾ। ਯੂਨੀਅਨ ਆਗੂ ਵਿਕਾਸ ਵਡੇਰਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਯੂਨੀਅਨ ਵਫ਼ਦ ਦੀ ਮੁੱਖ ਮੰਤਰੀ ਦਫ਼ਤਰ ਚੰਡੀਗੜ੍ਹ ਵਿੱਚ 10 ਜੁਲਾਈ ਦੀ ਮੀਟਿੰਗ ਤੈਅ ਕਰਵਾਈ ਗਈ ਹੈ ਪਰ ਟੈਂਕੀ ਸੰਘਰਸ਼ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ।

Advertisement

Advertisement
Tags :
Author Image

sukhwinder singh

View all posts

Advertisement
Advertisement
×