ਜਲੰਧਰ ਦੀ ਪਟਾਕਾ ਮਾਰਕੀਟ ’ਚ ਪੁਲੀਸ ਦਾ ਛਾਪਾ
ਹਤਿੰਦਰ ਮਹਿਤਾ
ਜਲੰਧਰ, 28 ਅਕਤੂਬਰ
ਸਿਟੀ ਪੁਲੀਸ ਨੇ ਸੋਮਵਾਰ ਦੁਪਹਿਰ ਨੂੰ ਬਰਲਟਨ ਪਾਰਕ ਵਿੱਚ ਛਾਪਾ ਮਾਰਿਆ ਜਿੱਥੇ ਨਾਜਾਇਜ਼ ਤੌਰ ’ਤੇ ਖੁੱਲ੍ਹੀਆਂ ਪਟਾਕਿਆਂ ਦੀਆਂ ਦੁਕਾਨਾਂ ’ਤੇ ਕਾਰਵਾਈ ਕੀਤੀ ਗਈ ਅਤੇ ਦੁਕਾਨਾਂ ’ਚੋਂ ਪਟਾਕੇ ਵੀ ਮੌਕੇ ਤੋਂ ਜ਼ਬਤ ਕੀਤੇ ਗਏ। ਕਈ ਦੁਕਾਨਦਾਰਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।
ਉਧਰ ਪੁਲੀਸ ਦੀ ਇਸ ਕਾਰਵਾਈ ਕਾਰਨ ਪਟਾਕਿਆਂ ਦੀਆਂ ਦੁਕਾਨਾਂ ਲਗਾਉਣ ਵਾਲੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਹੈ। ਪੁਲੀਸ ਵੱਲੋਂ ਅੱਜ ਇਹ ਵੱਡੀ ਕਾਰਵਾਈ ਬਰਲਟਨ ਪਾਰਕ ਵਿੱਚ ਪਟਾਕਿਆਂ ਦੀ ਆਰਜ਼ੀ ਮਾਰਕੀਟ ਲਗਾਉਣ ਤੋਂ ਬਾਅਦ ਕੀਤੀ ਗਈ ਹੈ। ਇਸ ਦੌਰਾਨ ਪੁਲੀਸ ਨੇ ਪਟਾਕੇ ਵੇਚਣ ਲਈ ਬਣਾਈਆਂ ਆਰਜ਼ੀ ਦੁਕਾਨਾਂ ਦੇ ਨਿਯਮਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਾਰੇ ਦੁਕਾਨਦਾਰਾਂ ਦੇ ਲਾਇਸੈਂਸ ਚੈੱਕ ਕੀਤੇ ਗਏ ਪਰ ਕੁਝ ਕੁ ਦੁਕਾਨਦਾਰ ਹੀ ਪਟਾਕੇ ਵੇਚਣ ਸਬੰਧੀ ਆਪਣਾ ਲਾਇਸੈਂਸ ਦਿਖਾ ਸਕੇ। ਪੁਲੀਸ ਨੇ ਉਨ੍ਹਾਂ ਲੋਕਾਂ ਦਾ ਰਿਕਾਰਡ ਜ਼ਬਤ ਕਰ ਲਿਆ ਹੈ ਜੋ ਆਪਣੇ ਲਾਇਸੈਂਸ ਨਹੀਂ ਦਿਖਾ ਸਕੇ। ਇਸ ਦੇ ਨਾਲ ਹੀ ਪੁਲੀਸ ਦੀ ਇਸ ਕਾਰਵਾਈ ਕਾਰਨ ਪਟਾਕਿਆਂ ਦੇ ਦੁਕਾਨਦਾਰਾਂ ਨੇ ਡੀਏਵੀ ਫਲਾਈਓਵਰ ਨੂੰ ਬੰਦ ਕਰ ਦਿੱਤਾ ਸੀ। ਕਰੀਬ ਅੱਧਾ ਘੰਟਾ ਸੜਕ ਜਾਮ ਕਰਨ ਤੋਂ ਬਾਅਦ ਪੁਲੀਸ ਨੇ ਕਿਸੇ ਤਰ੍ਹਾਂ ਦੁਕਾਨਦਾਰਾਂ ਨੂੰ ਸਮਝਾ ਕੇ ਆਵਾਜਾਈ ਚਾਲੂ ਕਰਵਾਈ।