ਪੁਲੀਸ ਨੇ ਸਕੂਲਾਂ ਵਿੱਚ ਗੈਰਕਾਨੂੰਨੀ ਵਾਹਨਾਂ ਖ਼ਿਲਾਫ਼ ਕਾਰਵਾਈ ਦੀ ਤਿਆਰੀ ਖਿੱਚੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਅਕਤੂਬਰ
ਯੂਟੀ ਦੇ ਨਿੱਜੀ ਸਕੂਲਾਂ ਵਿਚ ਇਸ ਵੇਲੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਸਕੂਲ ਬੱਸਾਂ ਦੀ ਥਾਂ ਥ੍ਹੀ ਵੀਲ੍ਹਰਾਂ ਤੇ ਹੋਰ ਅਸੁਰੱਖਿਅਤ ਵਾਹਨਾਂ ਰਾਹੀਂ ਸਕੂਲ ਲਿਆਂਦਾ ਜਾ ਰਿਹਾ ਹੈ ਜਿਸ ਖ਼ਿਲਾਫ਼ ਚੰਡੀਗੜ੍ਹ ਪੁਲੀਸ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਯੂਟੀ ਦੇ ਐਸਐਸਪੀ ਟਰੈਫਿਕ ਨੇ ਅੱਜ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਉਹ ਡੀਐਸਪੀ ਐਡਮਿਨ ਨੂੰ ਇਹ ਜਾਣਕਾਰੀ ਦੇਣ ਕਿ ਉਨ੍ਹਾਂ ਦੇ ਸਕੂਲ ਵਿਚ ਵਿਦਿਆਰਥੀਆਂ ਨੂੰ ਕਿਸ ਕਿਸ ਵਾਹਨ ਰਾਹੀਂ ਲਿਆਇਆ ਜਾ ਰਿਹਾ ਹੈ । ਇਸ ਪੱਤਰ ਵਿਚ ਐਸਐਸਪੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਸਬੰਧੀ ਸ਼ਿਕਾਇਤਾਂ ਐਸਐਸਪੀ ਦਫਤਰ ਪੁੱਜੀਆਂ ਹਨ ਜਿਸ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੇ ਗੈਰਕਾਨੂੰਨੀ ਬੱਚੇ ਢੋਹਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਯੋਜਨਾ ਤਿਆਰ ਕਰ ਲਈ ਹੈ। ਇਹ ਪਤਾ ਲੱਗਿਆ ਹੈ ਕਿ ਇਹ ਕਾਰਵਾਈ ਸ਼ਿਕਾਇਤਾਂ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਸੇਫ ਸਕੂਲ ਵਾਹਨ ਪਾਲਸੀ ਨੂੰ ਸਖਤੀ ਨਾਲ ਲਾਗੂ ਕਰਨ ਤਹਿਤ ਕੀਤੀ ਜਾ ਰਹੀ ਹੈ। ਇਸ ਲਈ ਐਸਐਸਪੀ ਨੇ ਡੀਐਸਪੀ ਐਡਮਿਨ ਤੋਂ ਰਿਪੋਰਟ ਮੰਗੀ ਸੀ ਤੇ ਇਹ ਰਿਪੋਰਟ ਐਸਐਸਪੀ ਕੋਲ ਪੁੱਜਦੀ ਕਰ ਦਿੱਤੀ ਗਈ ਹੈ। ਐਸਐਸਪੀ ਨੇ ਪੱਤਰ ਲਿਖ ਕੇ ਕਿਹਾ ਕਿ ਸਕੂਲ ਇਹ ਦੱਸਣ ਕਿ ਉਨ੍ਹਾਂ ਦੇ ਸਕੂਲ ਵਿਚ ਕਿਹੜੇ ਬੱਸ ਠੇਕੇਦਾਰ ਹਨ ਤੇ ਉਸ ਦੇ ਵਾਹਨਾਂ ਦੇ ਨੰਬਰ ਪੁਲੀਸ ਨੂੰ ਦੱਸੇ ਜਾਣ। ਕੀ ਸਕੂਲ ਬੱਸ ਵਿਚ ਸੀਸੀਟੀਵੀ, ਪੈਨਿਕ ਬਟਨ ਤੇ ਹੋਰ ਸਹੂਲਤਾਂ ਹਨ। ਸਕੂਲ ਬੱਸ ਡਰਾਈਵਰ ਦੇ ਲਾਇਸੈਂਸ ਦੀ ਕਾਪੀ ਵੀ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ।
ਓਵਰਲੋਡ ਹੋ ਕੇ ਚੱਲਦੇ ਨੇ ਆਟੋ ਤੇ ਟਾਟਾ ਮੈਜਿਕ
ਓਵਰਲੋਡ ਹੋ ਕੇ ਚਲਦੇ ਹਨ ਥ੍ਰੀ ਵੀਲ੍ਹਰ ਤੇ ਟਾਟਾ ਮੈਜਿਕ ਇਹ ਸਾਹਮਣੇ ਆਇਆ ਹੈ ਕਿ ਕਈ ਚਾਲਕਾਂ ਵੱਲੋਂ ਸ਼ਹਿਰ ਦੇ ਕਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਸੁਰੱਖਿਅਤ ਵਾਹਨਾਂ ਵਿਚ ਤੇ ਜ਼ਰੂਰਤ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਸਕੂਲ ਲਿਆਇਆ ਤੇ ਛੱਡਿਆ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਲਿਆਉਣ ਤੇ ਛੱਡਣ ਲਈ ਟਾਟਾ ਮੈਜਿਕਾਂ ਤੇ ਥ੍ਰੀ ਵੀਲ੍ਹਰਾਂ ਵਲੋਂ ਸਾਰੇ ਨਿਯਮਾਂ ਨੂੰ ਛਿੱਕੇ ’ਤੇ ਟੰਗਿਆ ਜਾ ਰਿਹਾ ਹੈ। ਇਨ੍ਹਾਂ ਵਾਹਨਾਂ ਵਲੋਂ ਨਾ ਤਾਂ ਵਾਹਨ ਵਿਚ ਫਸਟ ਏਡ ਕਿੱਟ ਰੱਖੀ ਜਾਂਦੀ ਹੈ।
ਗੈਰਕਾਨੂੰਨੀ ਵਾਹਨਾਂ ਖ਼ਿਲਾਫ਼ ਸਖਤ ਕਾਰਵਾਈ ਹੋਵੇ: ਪ੍ਰਧਾਨ
ਚੰਡੀਗੜ੍ਹ ਸਕੂਲ ਬੱਸ ਐਸੋਸੀਏਸ਼ਨ ਦੇ ਪ੍ਰਧਾਨ ਲਖਬੀਰ ਸਿੰਘ ਸੈਣੀ ਨੇ ਦੱਸਿਆ ਕਿ ਜ਼ਿਆਦਾਤਰ ਥ੍ਹੀ ਵੀਲ੍ਹਰ ਸੜਕੀ ਨਿਯਮਾਂ ਦਾ ਵੀ ਪਾਲਣ ਨਹੀਂ ਕਰਦੇ ਜਿਸ ਕਾਰਨ ਇਸ ਵਿਚ ਬੈਠੇ ਵਿਦਿਆਰਥੀਆਂ ਦੀ ਜਾਨ ਜੋਖ਼ਮ ਵਿਚ ਪਾਈ ਜਾਂਦੀ ਹੈ। ਪ੍ਰਸ਼ਾਸਨ ਨੂੰ ਇਨ੍ਹਾਂ ਖ਼ਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਐਸਐਸਪੀ ਟਰੈਫਿਕ ਸੁਮੇਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਕੂਲਾਂ ਵਿਚ ਚਲਦੇ ਗੈਰਕਾਨੂੰਨੀ ਵਾਹਨਾਂ ਬਾਰੇ ਰਿਪੋਰਟ ਮੰਗੀ ਹੈ ਤੇ ਵਿਦਿਆਰਥੀਆਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ।