ਨਸ਼ਾ ਤਸਕਰ ਨੂੰ ਫੜਨ ਗਈ ਪੁਲੀਸ ਪਾਰਟੀ ’ਤੇ ਹਮਲਾ, 2 ਥਾਣੇਦਾਰ ਜ਼ਖ਼ਮੀ
ਐੱਨਪੀ. ਧਵਨ
ਪਠਾਨਕੋਟ, 1 ਜੂਨ
ਨਸ਼ਾ ਤਸਕਰੀ ਦੇ ਦੋਸ਼ ਹੇਠ ਮੁਹੱਲਾ ਪ੍ਰੀਤਨਗਰ ਦੇ ਰਹਿਣ ਵਾਲੇ ਮੁਲਜ਼ਮ ਨੂੰ ਫੜਨ ਗਈ ਪੁਲੀਸ ਪਾਰਟੀ ’ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ’ਚ 2 ਥਾਣੇਦਾਰ ਫੱਟੜ ਹੋ ਗਏ ਤੇ ਉਨ੍ਹਾਂ ਦੀ ਕਾਰ ਨੁਕਸਾਨੀ ਗਈ। ਪੁਲੀਸ ਨੂੰ ਆਪਣਾ ਬਚਾਅ ਕਰਨ ਲਈ ਹਵਾ ਵਿੱਚ ਗੋਲੀ ਚਲਾਉਣੀ ਪਈ ਜਿਸ ਤੋਂ ਬਾਅਦ ਲੋਕ ਭੱਜ ਗਏ ਤੇ ਮੁੱਖ ਮੁਲਜ਼ਮ ਨੂੰ ਪੁਲੀਸ ਨੇ ਕਾਬੂ ਕਰ ਲਿਆ। ਮੁਲਜ਼ਮ ਦਾ ਨਾਂ ਸੁਖਬੀਰ ਸਿੰਘ ਉਰਫ਼ ਦੀਪੂ ਭਾਟ ਵਾਸੀ ਮੁਹੱਲਾ ਪ੍ਰੀਤਨਗਰ, ਪਠਾਨਕੋਟ ਦੱਸਿਆ ਜਾ ਰਿਹਾ ਹੈ। ਜ਼ਖ਼ਮੀ ਪੁਲੀਸ ਮੁਲਾਜ਼ਮਾਂ ਵਿੱਚ ਏਐੱਸਆਈ ਕੁਲਦੀਪ ਰਾਜ ਅਤੇ ਏਐੱਸਆਈ ਰਾਜਿੰਦਰ ਪ੍ਰਸਾਦ ਸ਼ਾਮਲ ਹਨ। ਇਹ ਘਟਨਾ ਲੰਘੀ ਦੇਰ ਰਾਤ ਵਾਪਰੀ। ਥਾਣਾ ਡਿਵੀਜ਼ਨ ਨੰਬਰ-2 ਦੀ ਪੁਲੀਸ ਨੇ ਸੁਖਬੀਰ ਸਿੰਘ ਉਰਫ਼ ਦੀਪੂ ਭਾਟ, ਕੇਵਲ ਭਾਟਰਾ, ਸੰਨੀ ਪ੍ਰਧਾਨ, ਸੇਠੀ ਤੇ 7-8 ਅਣਪਛਾਤਿਆਂ ਖ਼ਿਲਾਫ਼ ਹਮਲਾ ਕਰਨ ਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਬੀਐੱਨਐੱਸ ਐਕਟ ਦੀ ਧਾਰਾ 221, 121, 324 (4), 191, 190 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।